ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਬੁੱਧਵਾਰ 18 ਜੂਨ 2014 (ਮੁਤਾਬਿਕ 4 ਹਾੜ ਸੰਮਤ 546 ਨਾਨਕਸ਼ਾਹੀ)

47

11

ਰਾਗੁ ਸੂਹੀ ਮਹਲਾ ੫ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਸਤਿਗੁਰ ਪਾਸਿ ਬੇਨੰਤੀਆ ਮਿਲੈ ਨਾਮੁ ਆਧਾਰਾ ॥ ਤੁਠਾ ਸਚਾ ਪਾਤਿਸਾਹੁ ਤਾਪੁ ਗਇਆ ਸੰਸਾਰਾ ॥੧॥ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਿਰਜਨਹਾਰਾ ॥੧॥ ਰਹਾਉ ॥ ਸਚੁ ਤੇਰੀ ਸਾਮਗਰੀ ਸਚੁ ਤੇਰਾ ਦਰਬਾਰਾ ॥ ਸਚੁ ਤੇਰੇ ਖਾਜੀਨਿਆ ਸਚੁ ਤੇਰਾ ਪਾਸਾਰਾ ॥੨॥ ਤੇਰਾ ਰੂਪੁ ਅਗੰਮੁ ਹੈ ਅਨੂਪੁ ਤੇਰਾ ਦਰਸਾਰਾ ॥ ਹਉ ਕੁਰਬਾਣੀ ਤੇਰਿਆ ਸੇਵਕਾ ਜਿਨ੍ਹ੍ਹ ਹਰਿ ਨਾਮੁ ਪਿਆਰਾ ॥੩॥ ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ ॥ ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ ਤੇਰਿਆ ਚਰਣਾ ਕਉ ਬਲਿਹਾਰਾ ॥੪॥੧॥੪੭॥ {ਪੰਨਾ 746}
ਪਦਅਰਥ: ਆਧਾਰਾ—(ਜ਼ਿੰਦਗੀ ਦਾ) ਆਸਰਾ। ਤੁਠਾ—ਪ੍ਰਸੰਨ ਹੋਇਆ। ਸਚਾ—ਸਦਾ-ਥਿਰ ਰਹਿਣ ਵਾਲਾ। ਤਾਪੁ—ਸੰਸਾਰ ਵਾਲਾ ਤਾਪ, ਮਾਇਆ ਦੇ ਮੋਹ ਦਾ ਤਾਪ।੧।
ਟੇਕ—ਸਹਾਰਾ। ਓਟ—ਆਸਰਾ। ਸਿਰਜਨਹਾਰਾ—ਪੈਦਾ ਕਰਨ ਵਾਲਾ।੧।ਰਹਾਉ।
ਸਚੁ—ਸਦਾ-ਥਿਰ। ਸਾਮਗਰੀ—ਸਾਮਾਨ, ਪਦਾਰਥ। ਖਾਜੀਨਿਆ—ਖ਼ਜ਼ਾਨੇ। ਪਾਸਾਰਾ—ਜਗਤ—ਖਿਲਾਰਾ।੨।
ਅਗੰਮੁ—{अगभ्य} ਅਪਹੁੰਚ। ਅਨੂਪੁ—ਬੇ—ਮਿਸਾਲ, ਅਦੁੱਤੀ। ਦਰਸਾਰਾ—ਦਰਸਨ। ਹਉ—ਮੈਂ।੩।
ਅਗਮ—ਅਪਹੁੰਚ। ਅਪਾਰਾ—ਬੇਅੰਤ। ਕਉ—ਨੂੰ, ਤੋਂ।੪।
ਅਰਥ: ਹੇ ਸਦਾ ਕਾਇਮ ਰਹਿਣ ਵਾਲੇ ਸਿਰਜਣਹਾਰ! ਤੂੰ (ਤੇਰਾ ਨਾਮ) ਤੇਰੇ ਭਗਤਾਂ ਦਾ ਸਹਾਰਾ ਹੈ, ਤੇਰਾ ਨਾਮ ਤੇਰੇ ਸੰਤਾਂ ਦਾ ਆਸਰਾ ਹੈ।੧।ਰਹਾਉ।
ਹੇ ਭਾਈ! ਮੈਂ ਤਾਂ ਗੁਰੂ ਦੇ ਪਾਸ ਹੀ (ਸਦਾ) ਅਰਜ਼ੋਈ ਕਰਦਾ ਹਾਂ ਕਿ ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ, (ਇਹ ਨਾਮ ਹੀ ਮੇਰੀ ਜ਼ਿੰਦਗੀ ਦਾ) ਸਹਾਰਾ (ਹੈ)। ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ (ਉਸ ਨੂੰ ਉਸ ਦਾ ਨਾਮ ਮਿਲਦਾ ਹੈ, ਤੇ) ਉਸ ਦਾ ਮਾਇਆ ਦੇ ਮੋਹ ਵਾਲਾ ਤਾਪ ਦੂਰ ਹੋ ਜਾਂਦਾ ਹੈ।੧।
ਹੇ ਪ੍ਰਭੂ! ਤੇਰਾ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ, ਤੇਰੇ ਖ਼ਜ਼ਾਨੇ ਸਦਾ ਭਰਪੂਰ ਰਹਿਣ ਵਾਲੇ ਹਨ, (ਤੇਰੇ ਖ਼ਜ਼ਾਨਿਆਂ ਵਿਚ) ਤੇਰੇ ਪਦਾਰਥ ਸਦਾ-ਥਿਰ ਰਹਿਣ ਵਾਲੇ ਹਨ, ਤੇਰਾ ਰਚਿਆ ਜਗਤ-ਖਿਲਾਰਾ ਅਟੱਲ ਨਿਯਮਾਂ ਵਾਲਾ ਹੈ।੨।
ਹੇ ਪ੍ਰਭੂ! ਤੇਰੀ ਹਸਤੀ ਐਸੀ ਹੈ ਜਿਸ ਤਕ (ਅਸਾਂ ਜੀਵਾਂ ਦੀ) ਪਹੁੰਚ ਨਹੀਂ ਹੋ ਸਕਦੀ, ਤੇਰਾ ਦਰਸਨ ਅਦੁੱਤੀ ਹੈ (ਤੇਰੇ ਵਰਗਾ ਹੋਰ ਕੋਈ ਨਹੀਂ)। ਹੇ ਪ੍ਰਭੂ! ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੂੰ ਤੇਰਾ ਨਾਮ ਪਿਆਰਾ ਲੱਗਦਾ ਹੈ।੩।
ਹੇ ਅਪਹੁੰਚ ਪ੍ਰਭੂ! ਹੇ ਬੇਅੰਤ ਪ੍ਰਭੂ! ਜਦੋਂ (ਕਿਸੇ ਵਡ-ਭਾਗੀ ਨੂੰ) ਤੂੰ ਮਿਲ ਪੈਂਦਾ ਹੈਂ, ਉਸ ਦੀਆਂ ਸਾਰੀਆਂ ਮਨੋ-ਕਾਮਨਾ ਪੂਰੀਆਂ ਹੋ ਜਾਂਦੀਆਂ ਹਨ (ਉਸ ਨੂੰ ਕੋਈ ਥੁੜ ਨਹੀਂ ਰਹਿ ਜਾਂਦੀ, ਉਸ ਦੀ ਤ੍ਰਿਸਨਾ ਮੁੱਕ ਜਾਂਦੀ ਹੈ)। ਹੇ ਪ੍ਰਭੂ! ਮੈਂ ਤੇਰੇ ਚਰਨਾਂ ਤੋਂ ਸਦਕੇ ਜਾਂਦਾ ਹਾਂ। ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨਾਨਕ ਮਿਲ ਪਿਆ, ਉਸ ਨੂੰ ਪਰਮਾਤਮਾ ਮਿਲ ਪਿਆ।੪।੧।੪੭।