ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਮੰਗਲਵਾਰ 20 ਮਈ 2014 (ਮੁਤਾਬਿਕ 7 ਜੇਠ ਸੰਮਤ 546 ਨਾਨਕਸ਼ਾਹੀ)

124

11

ਸੋਰਠਿ ਮਹਲਾ ੫ ॥ ਗੁਰਿ ਪੂਰੈ ਕੀਤੀ ਪੂਰੀ ॥ ਪ੍ਰਭੁ ਰਵਿ ਰਹਿਆ ਭਰਪੂਰੀ ॥ ਖੇਮ ਕੁਸਲ ਭਇਆ ਇਸਨਾਨਾ ॥ ਪਾਰਬ੍ਰਹਮ ਵਿਟਹੁ ਕੁਰਬਾਨਾ ॥੧॥ ਗੁਰ ਕੇ ਚਰਨ ਕਵਲ ਰਿਦ ਧਾਰੇ ॥ ਬਿਘਨੁ ਨ ਲਾਗੈ ਤਿਲ ਕਾ ਕੋਈ ਕਾਰਜ ਸਗਲ ਸਵਾਰੇ ॥੧॥ ਰਹਾਉ ॥ ਮਿਲਿ ਸਾਧੂ ਦੁਰਮਤਿ ਖੋਏ ॥ ਪਤਿਤ ਪੁਨੀਤ ਸਭ ਹੋਏ ॥ ਰਾਮਦਾਸਿ ਸਰੋਵਰ ਨਾਤੇ ॥ ਸਭ ਲਾਥੇ ਪਾਪ ਕਮਾਤੇ ॥੨॥ ਗੁਨ ਗੋਬਿੰਦ ਨਿਤ ਗਾਈਐ ॥ ਸਾਧਸੰਗਿ ਮਿਲਿ ਧਿਆਈਐ ॥ ਮਨ ਬਾਂਛਤ ਫਲ ਪਾਏ ॥ ਗੁਰੁ ਪੂਰਾ ਰਿਦੈ ਧਿਆਏ ॥੩॥ ਗੁਰ ਗੋਪਾਲ ਆਨੰਦਾ ॥ ਜਪਿ ਜਪਿ ਜੀਵੈ ਪਰਮਾਨੰਦਾ ॥ ਜਨ ਨਾਨਕ ਨਾਮੁ ਧਿਆਇਆ ॥ ਪ੍ਰਭ ਅਪਨਾ ਬਿਰਦੁ ਰਖਾਇਆ ॥੪॥੧੦॥੬੦॥ {ਅੰਗ 624}
ਪਦਅਰਥ: ਗੁਰਿ ਪੂਰੈ—ਪੂਰੇ ਗੁਰੂ ਨੇ। ਪੂਰੀ—ਸਫਲਤਾ। ਭਰਪੂਰੀ—ਹਰ ਥਾਂ ਮੌਜੂਦ। ਖੇਮ ਕੁਸਲ—ਆਤਮਕ ਸੁਖ ਆਨੰਦ। ਵਿਟਹੁ—ਤੋਂ।੧।
ਰਿਦ—ਰਿਦੈ, ਹਿਰਦੇ ਵਿਚ। ਤਿਲ ਕਾ—ਤਿਲ ਜਿਤਨਾ ਭੀ, ਰਤਾ ਭੀ। ਸਗਲ—ਸਾਰੇ।੧।ਰਹਾਉ।
ਮਿਲਿ ਸਾਧੂ—ਗੁਰੂ ਨੂੰ ਮਿਲ ਕੇ। ਦੁਰਮਤਿ—ਖੋਟੀ ਅਕਲ। ਪਤਿਤ—ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤ—ਪਵਿਤ੍ਰ। ਰਾਮਦਾਸਿ ਸਰੋਵਰ—ਰਾਮ ਦੇ ਦਾਸਾਂ ਦੇ ਸਰੋਵਰ ਵਿਚ, ਸਾਧ ਸੰਗਤਿ ਵਿਚ। ਨਾਤੇ—ਨ੍ਹਾਤੇ, ਇਸ਼ਨਾਨ ਕੀਤਾ।੨।
ਸਾਧ ਸੰਗਿ—ਸਾਧ ਸੰਗਤਿ ਵਿਚ। ਮਨ ਬਾਂਛਤ—ਮਨ—ਇੱਛੇ। ਰਿਦੈ—ਹਿਰਦੇ ਵਿਚ।੩।
ਪਰਮਾਨੰਦਾ—ਸਭ ਤੋਂ ਉੱਚੇ ਆਨੰਦ ਦਾ ਮਾਲਕ ਪ੍ਰਭੂ। ਬਿਰਦੁ—ਮੁੱਢ—ਕਦੀਮਾਂ ਦਾ ਸੁਭਾਉ।੪।
ਅਰਥ: ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੇ ਕੌਲ ਫੁੱਲ ਵਰਗੇ ਕੋਮਲ ਚਰਨ ਆਪਣੇ ਹਿਰਦੇ ਵਿਚ ਵਸਾ ਲਏ, (ਉਸ ਦੀ ਜ਼ਿੰਦਗੀ ਦੇ ਰਸਤੇ ਵਿਚ) ਰਤਾ ਭਰ ਭੀ ਕੋਈ ਰੁਕਾਵਟ ਨਹੀਂ ਆਉਂਦੀ। ਗੁਰੂ ਉਸ ਦੇ ਸਾਰੇ ਕੰਮ ਸਵਾਰ ਦੇਂਦਾ ਹੈ।੧।ਰਹਾਉ।
ਹੇ ਭਾਈ! ਪੂਰੇ ਗੁਰੂ ਨੇ (ਮੈਨੂੰ ਆਤਮਕ ਜੀਵਨ ਵਿਚ) ਸਫਲਤਾ ਦਿੱਤੀ ਹੈ, (ਮੈਨੂੰ) ਪਰਮਾਤਮਾ ਹਰ ਥਾਂ ਵਿਆਪਕ ਦਿੱਸ ਰਿਹਾ ਹੈ। ਮੇਰੇ ਅੰਦਰ ਆਤਮਕ ਸੁਖ ਆਨੰਦ ਬਣ ਗਿਆ ਹੈ-ਇਹ ਹੈ ਇਸ਼ਨਾਨ (ਜੋ ਮੈਂ ਗੁਰੂ-ਸਰ ਵਿਚ ਕੀਤਾ ਹੈ)। ਮੈਂ ਪਰਮਾਤਮਾ ਤੋਂ ਸਦਕੇ ਜਾਂਦਾ ਹਾਂ (ਜਿਸ ਨੇ ਮੈਨੂੰ ਗੁਰੂ ਮਿਲਾ ਦਿੱਤਾ ਹੈ)।੧।
ਹੇ ਭਾਈ! ਗੁਰੂ ਨੂੰ ਮਿਲ ਕੇ ਮਨੁੱਖ ਖੋਟੀ ਮਤਿ ਦੂਰ ਕਰ ਲੈਂਦਾ ਹੈ। ਵਿਕਾਰੀ ਮਨੁੱਖ ਭੀ ਗੁਰੂ ਨੂੰ ਮਿਲ ਕੇ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ। ਜੇਹੜੇ ਭੀ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ (ਗੁਰੂ ਦੀ ਸੰਗਤਿ ਵਿਚ ਆਤਮਕ) ਇਸ਼ਨਾਨ ਕਰਦੇ ਹਨ (ਮਨ ਨੂੰ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਇਸ਼ਨਾਨ ਕਰਾਂਦੇ ਹਨ) ਉਹਨਾਂ ਦੇ ਸਾਰੇ (ਪਿਛਲੇ) ਕਮਾਏ ਹੋਏ ਪਾਪ ਲਹਿ ਜਾਂਦੇ ਹਨ।੨।
ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਚਾਹੀਦੇ ਹਨ। ਜੇਹੜਾ ਮਨੁੱਖ ਪੂਰੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਹ (ਪ੍ਰਭੂ-ਦਰ ਤੋਂ) ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ।੩।
ਹੇ ਦਾਸ ਨਾਨਕ! (ਆਖ-) ਪਰਮਾਤਮਾ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਕਾਇਮ ਰੱਖਦਾ ਹੈ। ਉਹ ਪਰਮਾਤਮਾ ਸਭ ਤੋਂ ਵੱਡਾ ਹੈ, ਸ੍ਰਿਸ਼ਟੀ ਦਾ ਪਾਲਣ ਵਾਲਾ ਹੈ, ਆਨੰਦ-ਸਰੂਪ ਹੈ। ਜੇਹੜਾ ਮਨੁੱਖ ਉਸ ਦਾ ਨਾਮ ਸਿਮਰਦਾ ਹੈ, ਉਸ ਸਭ ਤੋਂ ਉੱਚੇ ਆਨੰਦ ਦੇ ਮਾਲਕ ਨੂੰ ਜਪ ਜਪ ਕੇ ਉਹ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।੪।੧੦।੬੦।