ਸੋਰਠਿ ਮਹਲਾ ੫ ॥ ਗੁਰ ਕੇ ਚਰਨ ਬਸੇ ਰਿਦ ਭੀਤਰਿ ਸੁਭ ਲਖਣ ਪ੍ਰਭਿ ਕੀਨੇ ॥ ਭਏ ਕ੍ਰਿਪਾਲ ਪੂਰਨ ਪਰਮੇਸਰ ਨਾਮ ਨਿਧਾਨ ਮਨਿ ਚੀਨੇ ॥੧॥ ਮੇਰੋ ਗੁਰੁ ਰਖਵਾਰੋ ਮੀਤ ॥ ਦੂਣ ਚਊਣੀ ਦੇ ਵਡਿਆਈ ਸੋਭਾ ਨੀਤਾ ਨੀਤ ॥੧॥ ਰਹਾਉ ॥ ਜੀਅ ਜੰਤ ਪ੍ਰਭਿ ਸਗਲ ਉਧਾਰੇ ਦਰਸਨੁ ਦੇਖਣਹਾਰੇ ॥ ਗੁਰ ਪੂਰੇ ਕੀ ਅਚਰਜ ਵਡਿਆਈ ਨਾਨਕ ਸਦ ਬਲਿਹਾਰੇ ॥੨॥੯॥੩੭॥ {ਅੰਗ 618}
ਪਦਅਰਥ: ਰਿਦ ਭੀਤਰਿ—ਹਿਰਦੇ ਵਿਚ। ਸੁਭ ਲਖਣ—ਸਫਲਤਾ ਦੇਣ ਵਾਲੇ ਲੱਛਣ। ਪ੍ਰਭਿ—ਪ੍ਰਭੂ ਨੇ। ਮਨਿ—ਮਨ ਵਿਚ। ਚੀਨੇ—ਪਛਾਣ ਲਏ।੧।
ਮੇਰੋ—ਮੇਰਾ। ਰਖਵਾਰੋ—ਰਖਵਾਲਾ। ਚਊਣੀ—ਚਉ—ਗੁਣੀ। ਦੇ—ਦੇਂਦਾ ਹੈ। ਨੀਤਾ ਨੀਤ—ਸਦਾ ਹੀ।੧।ਰਹਾਉ।
ਜੀਅ ਜੰਤ ਸਗਲੇ—ਸਾਰੇ ਹੀ ਜੀਵ। ਪ੍ਰਭਿ—ਪ੍ਰਭੂ ਨੇ। ਦੇਖਣਹਾਰੇ—ਵੇਖਣ ਵਾਲੇ। ਅਚਰਜ—ਹੈਰਾਨ ਕਰ ਦੇਣ ਵਾਲੀ। ਵਡਿਆਈ—ਵੱਡਾ ਦਰਜਾ। ਸਦ—ਸਦਾ। ਬਲਿਹਾਰੇ—ਕੁਰਬਾਨ।੨।
ਅਰਥ: ਹੇ ਭਾਈ! ਮੇਰਾ ਗੁਰੂ ਮੇਰਾ ਰਾਖਾ ਹੈ ਮੇਰਾ ਮਿੱਤਰ ਹੈ, (ਪ੍ਰਭੂ ਦਾ ਨਾਮ ਦੇ ਕੇ, ਮੈਨੂੰ) ਉਹ ਵਡਿਆਈ ਬਖ਼ਸ਼ਦਾ ਹੈ ਜੋ ਦੂਣੀ ਚਉਣੀ ਹੁੰਦੀ ਜਾਂਦੀ ਹੈ (ਸਦਾ ਵਧਦੀ ਜਾਂਦੀ ਹੈ), ਮੈਨੂੰ ਸਦਾ ਸੋਭਾ ਦਿਵਾਂਦਾ ਹੈ।੧।ਰਹਾਉ।
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦੇ ਚਰਨ ਵੱਸ ਪਏ, ਪ੍ਰਭੂ ਨੇ (ਉਸ ਦੀ ਜ਼ਿੰਦਗੀ ਵਿਚ) ਸਫਲਤਾ ਪੈਦਾ ਕਰਨ ਵਾਲੇ ਲੱਛਣ ਪੈਦਾ ਕਰ ਦਿੱਤੇ। ਸਰਬ-ਵਿਆਪਕ ਪ੍ਰਭੂ ਜੀ ਜਿਸ ਮਨੁੱਖ ਉਤੇ ਦਇਆਵਾਨ ਹੋ ਗਏ, ਉਸ ਮਨੁੱਖ ਨੇ ਪਰਮਾਤਮਾ ਦੇ ਨਾਮ ਦੇ ਖ਼ਜ਼ਾਨੇ ਆਪਣੇ ਮਨ ਵਿਚ (ਟਿਕੇ ਹੋਏ) ਪਛਾਣ ਲਏ।੧।
ਹੇ ਭਾਈ! ਗੁਰੂ ਦਾ ਦਰਸਨ ਕਰਨ ਵਾਲੇ ਸਾਰੇ ਮਨੁੱਖਾਂ ਨੂੰ ਪ੍ਰਭੂ ਨੇ (ਵਿਕਾਰਾਂ ਤੋਂ) ਬਚਾ ਲਿਆ। ਪੂਰੇ ਗੁਰੂ ਦਾ ਇਤਨਾ ਵੱਡਾ ਦਰਜਾ ਹੈ ਕਿ (ਵੇਖ ਕੇ) ਹੈਰਾਨ ਹੋ ਜਾਈਦਾ ਹੈ। ਹੇ ਨਾਨਕ! (ਆਖ-ਮੈਂ ਗੁਰੂ ਤੋਂ) ਸਦਾ ਕੁਰਬਾਨ ਜਾਂਦਾ ਹਾਂ।੨।੯।੩੭।