ਧਨਾਸਰੀ ਮਹਲਾ ੧ ॥ ਸਹਜਿ ਮਿਲੈ ਮਿਲਿਆ ਪਰਵਾਣੁ ॥ ਨਾ ਤਿਸੁ ਮਰਣੁ ਨ ਆਵਣੁ ਜਾਣੁ ॥ ਠਾਕੁਰ ਮਹਿ ਦਾਸੁ ਦਾਸ ਮਹਿ ਸੋਇ ॥ ਜਹ ਦੇਖਾ ਤਹ ਅਵਰੁ ਨ ਕੋਇ ॥੧॥ ਗੁਰਮੁਖਿ ਭਗਤਿ ਸਹਜ ਘਰੁ ਪਾਈਐ ॥ ਬਿਨੁ ਗੁਰ ਭੇਟੇ ਮਰਿ ਆਈਐ ਜਾਈਐ ॥੧॥ ਰਹਾਉ ॥ ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ ॥ ਅਕਥੁ ਕਥਾਵੈ ਸਬਦਿ ਮਿਲਾਵੈ ॥ ਹਰਿ ਕੇ ਲੋਗ ਅਵਰ ਨਹੀ ਕਾਰਾ ॥ ਸਾਚਉ ਠਾਕੁਰੁ ਸਾਚੁ ਪਿਆਰਾ ॥੨॥ ਤਨ ਮਹਿ ਮਨੂਆ ਮਨ ਮਹਿ ਸਾਚਾ ॥ ਸੋ ਸਾਚਾ ਮਿਲਿ ਸਾਚੇ ਰਾਚਾ ॥ ਸੇਵਕੁ ਪ੍ਰਭ ਕੈ ਲਾਗੈ ਪਾਇ ॥ ਸਤਿਗੁਰੁ ਪੂਰਾ ਮਿਲੈ ਮਿਲਾਇ ॥੩॥ ਆਪਿ ਦਿਖਾਵੈ ਆਪੇ ਦੇਖੈ ॥ ਹਠਿ ਨ ਪਤੀਜੈ ਨਾ ਬਹੁ ਭੇਖੈ ॥ ਘੜਿ ਭਾਡੇ ਜਿਨਿ ਅੰਮ੍ਰਿਤੁ ਪਾਇਆ ॥ ਪ੍ਰੇਮ ਭਗਤਿ ਪ੍ਰਭਿ ਮਨੁ ਪਤੀਆਇਆ ॥੪॥ ਪੜਿ ਪੜਿ ਭੂਲਹਿ ਚੋਟਾ ਖਾਹਿ ॥ ਬਹੁਤੁ ਸਿਆਣਪ ਆਵਹਿ ਜਾਹਿ ॥ ਨਾਮੁ ਜਪੈ ਭਉ ਭੋਜਨੁ ਖਾਇ ॥ ਗੁਰਮੁਖਿ ਸੇਵਕ ਰਹੇ ਸਮਾਇ ॥੫॥ ਪੂਜਿ ਸਿਲਾ ਤੀਰਥ ਬਨ ਵਾਸਾ ॥ ਭਰਮਤ ਡੋਲਤ ਭਏ ਉਦਾਸਾ ॥ ਮਨਿ ਮੈਲੈ ਸੂਚਾ ਕਿਉ ਹੋਇ ॥ ਸਾਚਿ ਮਿਲੈ ਪਾਵੈ ਪਤਿ ਸੋਇ ॥੬॥ ਆਚਾਰਾ ਵੀਚਾਰੁ ਸਰੀਰਿ ॥ ਆਦਿ ਜੁਗਾਦਿ ਸਹਜਿ ਮਨੁ ਧੀਰਿ ॥ ਪਲ ਪੰਕਜ ਮਹਿ ਕੋਟਿ ਉਧਾਰੇ ॥ ਕਰਿ ਕਿਰਪਾ ਗੁਰੁ ਮੇਲਿ ਪਿਆਰੇ ॥੭॥ ਕਿਸੁ ਆਗੈ ਪ੍ਰਭ ਤੁਧੁ ਸਾਲਾਹੀ ॥ ਤੁਧੁ ਬਿਨੁ ਦੂਜਾ ਮੈ ਕੋ ਨਾਹੀ ॥ ਜਿਉ ਤੁਧੁ ਭਾਵੈ ਤਿਉ ਰਾਖੁ ਰਜਾਇ ॥ ਨਾਨਕ ਸਹਜਿ ਭਾਇ ਗੁਣ ਗਾਇ ॥੮॥੨॥ {ਅੰਗ 686}
ਪਦਅਰਥ: ਸਹਜਿ—ਅਡੋਲ ਅਵਸਥਾ ਵਿਚ। ਮਰਣੁ—ਆਤਮਕ ਮੌਤ। ਆਵਣੁ ਜਾਣੁ—ਜਨਮ ਮਰਨ ਦਾ ਗੇੜ। ਸੋਇ—ਉਹ (ਠਾਕੁਰ)।੧।
ਸਹਜ ਘਰੁ—ਅਡੋਲ ਆਤਮਕ ਅਵਸਥਾ ਦਾ ਘਰ। ਮਰਿ—ਆਤਮਕ ਮੌਤੇ ਮਰ ਕੇ।੧।ਰਹਾਉ।
ਕਰਉ—ਮੈਂ ਕਰਦਾ ਹਾਂ। ਜਿ—ਜੇਹੜਾ। ਸਾਚੁ—ਸਦਾ-ਥਿਰ ਪ੍ਰਭੂ। ਕਥਾਵੈ—ਸਿਫ਼ਤਿ-ਸਾਲਾਹ ਕਰਾਂਦਾ ਹੈ। ਸਾਚਉ—ਸਦਾ-ਥਿਰ ਰਹਿਣ ਵਾਲਾ।੨।
ਸਾਚਾ—ਸਦਾ-ਥਿਰ ਪ੍ਰਭੂ (ਦਾ ਰੂਪ ਹੋ ਕੇ)। ਪਾਇ—ਚਰਨੀਂ।੩।
ਦਿਖਾਵੈ—ਆਪਣਾ ਦਰਸਨ ਕਰਾਂਦਾ ਹੈ। ਦੇਖੈ—(ਜੀਵਾਂ ਦੇ ਕਰਮ) ਵੇਖਦਾ ਹੈ। ਹਠਿ—ਹਠ ਨਾਲ (ਕੀਤੇ ਤਪ ਆਦਿਕ)। ਘੜਿ—ਘੜ ਕੇ, ਸਾਜ ਕੇ। ਜਿਨਿ—ਜਿਸ (ਪਰਮਾਤਮਾ) ਨੇ। ਪ੍ਰਭਿ—ਪ੍ਰਭੂ ਨੇ।੪।
ਭੋਜਨੁ—(ਆਤਮਕ) ਖ਼ੁਰਾਕ। {ਨੋਟ: ਲਫ਼ਜ਼ ‘ਖਾਇ’ ਅਤੇ ‘ਖਾਹਿ’ ਦਾ ਫ਼ਰਕ ਚੇਤੇ ਰੱਖਣ ਜੋਗ ਹੈ}।੫।
ਪੂਜਿ—ਪੂਜ ਕੇ। ਸਿਲਾ—ਪੱਥਰ (ਦੀਆਂ ਮੂਰਤੀਆਂ)। ਮਨਿ ਮੈਲੇ—ਮੈਲੇ ਮਨ ਦੀ ਰਾਹੀਂ, ਜੇ ਮਨ ਮੈਲਾ ਹੀ ਰਿਹਾ। ਸੂਚਾ—ਪਵਿਤ੍ਰ। ਪਤਿ—ਇੱਜ਼ਤ।੬।
ਆਚਾਰਾ—ਆਚਰਨ। ਵੀਚਾਰੁ—ਉੱਚੀ ਵਿਚਾਰ। ਸਰੀਰਿ—ਸਰੀਰ ਵਿਚ, ਮਨੁੱਖ ਵਿਚ। ਸਹਜਿ—ਅਡੋਲ ਆਤਮਕ ਅਵਸਥਾ ਵਿਚ। ਆਦਿ ਜੁਗਾਦਿ—ਸਦਾ ਹੀ। ਧੀਰਿ—ਧੀਰੇ, ਗੰਭੀਰ ਬਣਿਆ ਰਹਿੰਦਾ ਹੈ। ਪੰਕਜ—ਕਮਲ {ਪੰਕ—ਚਿੱਕੜ। ਜ—ਜੰਮਿਆ ਹੋਇਆ} ਨੋਟ: ਇਥੇ ‘ਕਮਲ’ ਨੂੰ ‘ਅੱਖ’ ਨਾਲ ਉਪਮਾ ਦਿੱਤੀ ਗਈ ਹੈ। ਪਲ ਪੰਕਜ ਮਹਿ—ਅੱਖ ਦੇ ਫਰਕਣ ਜਿਤਨੇ ਸਮੇ ਵਿਚ। ਪਿਆਰੇ—ਹੇ ਪਿਆਰੇ ਪ੍ਰਭੂ!।੭।
ਮੈ—ਮੈਨੂੰ। ਕੋ—ਕੋਈ (ਜੀਵ)। ਰਜਾਇ—ਆਪਣੀ ਰਜ਼ਾ ਵਿਚ।੮।
ਅਰਥ: ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਕੀਤਿਆਂ ਉਹ (ਆਤਮਕ) ਟਿਕਾਣਾ ਮਿਲ ਜਾਂਦਾ ਹੈ ਜਿਥੇ ਮਨ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ। (ਪਰ) ਗੁਰੂ ਨੂੰ ਮਿਲਣ ਤੋਂ ਬਿਨਾ ਆਤਮਕ ਮੌਤੇ ਮਰ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹੀਦਾ ਹੈ।੧।ਰਹਾਉ।
ਜੇਹੜਾ ਮਨੁੱਖ ਗੁਰੂ ਦੀ ਰਾਹੀਂ ਅਡੋਲ ਅਵਸਥਾ ਵਿਚ ਟਿਕ ਕੇ ਪ੍ਰਭੂ-ਚਰਨਾਂ ਵਿਚ ਜੁੜਦਾ ਹੈ, ਉਸ ਦਾ ਪ੍ਰਭੂ-ਚਰਨਾਂ ਵਿਚ ਜੁੜਨਾ ਕਬੂਲ ਪੈਂਦਾ ਹੈ। ਉਸ ਮਨੁੱਖ ਨੂੰ ਨਾਹ ਆਤਮਕ ਮੌਤ ਆਉਂਦੀ ਹੈ, ਨਾਹ ਹੀ ਜਨਮ ਮਰਨ ਦਾ ਗੇੜ। ਅਜੇਹਾ ਪ੍ਰਭੂ ਦਾ ਦਾਸ ਪ੍ਰਭੂ ਵਿਚ ਲੀਨ ਰਹਿੰਦਾ ਹੈ, ਪ੍ਰਭੂ ਅਜੇਹੇ ਸੇਵਕ ਦੇ ਅੰਦਰ ਪਰਗਟ ਹੋ ਜਾਂਦਾ ਹੈ। ਉਹ ਸੇਵਕ ਜਿੱਧਰ ਤੱਕਦਾ ਹੈ ਉਸ ਨੂੰ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਦਿੱਸਦਾ।੧।
ਮੈਂ (ਭੀ) ਉਹੀ ਗੁਰੂ ਧਾਰਨਾ ਚਾਹੁੰਦਾ ਹਾਂ ਜੇਹੜਾ ਸਦਾ-ਥਿਰ ਪ੍ਰਭੂ ਨੂੰ (ਮੇਰੇ ਹਿਰਦੇ ਵਿਚ) ਪੱਕੀ ਤਰ੍ਹਾਂ ਟਿਕਾ ਦੇਵੇ, ਜੇਹੜਾ ਮੈਥੋਂ ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਾਵੇ, ਤੇ ਆਪਣੇ ਸ਼ਬਦ ਦੀ ਰਾਹੀਂ ਮੈਨੂੰ ਪ੍ਰਭੂ-ਚਰਨਾਂ ਵਿਚ ਜੋੜ ਦੇਵੇ।
ਪਰਮਾਤਮਾ ਦੇ ਭਗਤ ਨੂੰ (ਸਿਫ਼ਤਿ-ਸਾਲਾਹ ਤੋਂ ਬਿਨਾ) ਕੋਈ ਹੋਰ ਕਾਰ ਨਹੀਂ (ਸੁੱਝਦੀ)। ਭਗਤ ਸਦਾ-ਥਿਰ ਪ੍ਰਭੂ ਨੂੰ ਹੀ ਸਿਮਰਦਾ ਹੈ, ਸਦਾ-ਥਿਰ ਪ੍ਰਭੂ ਉਸ ਨੂੰ ਪਿਆਰਾ ਲੱਗਦਾ ਹੈ।
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਗੁਰੂ ਉਸ ਨੂੰ ਪ੍ਰਭੂ-ਚਰਨਾਂ ਵਿਚ ਮਿਲਾ ਦੇਂਦਾ ਹੈ, ਉਹ ਸੇਵਕ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਉਸ ਦਾ ਮਨ ਸਰੀਰ ਦੇ ਅੰਦਰ ਹੀ ਰਹਿੰਦਾ ਹੈ (ਭਾਵ, ਮਾਇਆ-ਮੋਹਿਆ ਦਸੀਂ ਪਾਸੀਂ ਦੌੜਦਾ ਨਹੀਂ (ਫਿਰਦਾ), ਉਸ ਦੇ ਮਨ ਵਿਚ ਸਦਾ-ਥਿਰ ਪ੍ਰਭੂ ਪਰਗਟ ਹੋ ਜਾਂਦਾ ਹੈ, ਉਹ ਸੇਵਕ ਸਦਾ-ਥਿਰ ਪ੍ਰਭੂ ਨੂੰ ਸਿਮਰ ਕੇ ਤੇ ਉਸ ਵਿਚ ਮਿਲ ਕੇ ਉਸ (ਦੀ ਯਾਦ) ਵਿਚ ਲੀਨ ਰਹਿੰਦਾ ਹੈ।੩।
ਪਰਮਾਤਮਾ ਆਪਣਾ ਦਰਸਨ ਆਪ ਹੀ (ਗੁਰੂ ਦੀ ਰਾਹੀਂ) ਕਰਾਂਦਾ ਹੈ, ਆਪ ਹੀ (ਸਭ ਜੀਵਾਂ ਦੇ) ਦਿਲ ਦੀ ਜਾਣਦਾ ਹੈ (ਇਸ ਵਾਸਤੇ ਉਹ) ਹਠ ਦੀ ਰਾਹੀਂ ਕੀਤੇ ਕਰਮਾਂ ਉਤੇ ਨਹੀਂ ਪਤੀਜਦਾ, ਨਾਹ ਹੀ ਬਹੁਤੇ (ਧਾਰਮਿਕ) ਭੇਖਾਂ ਤੇ ਪ੍ਰਸੰਨ ਹੁੰਦਾ ਹੈ। ਜਿਸ ਪ੍ਰਭੂ ਨੇ (ਸਾਰੇ) ਸਰੀਰ ਸਾਜੇ ਹਨ ਤੇ (ਗੁਰੂ ਦੀ ਸਰਨ ਆਏ ਕਿਸੇ ਵਡਭਾਗੀ ਦੇ ਹਿਰਦੇ ਵਿਚ) ਨਾਮ-ਅੰਮ੍ਰਿਤ ਪਾਇਆ ਹੈ ਉਸੇ ਪ੍ਰਭੂ ਨੇ ਉਸ ਦਾ ਮਨ ਪ੍ਰੇਮਾ ਭਗਤੀ ਵਿਚ ਜੋੜਿਆ ਹੈ।੪।
ਜੇਹੜੇ ਮਨੁੱਖ (ਵਿੱਦਿਆ) ਪੜ੍ਹ ਪੜ੍ਹ ਕੇ (ਵਿੱਦਿਆ ਦੇ ਮਾਣ ਵਿਚ ਹੀ ਸਿਮਰਨ ਤੋਂ) ਖੁੰਝ ਜਾਂਦੇ ਹਨ ਉਹ (ਆਤਮਕ ਮੌਤ ਦੀਆਂ) ਚੋਟਾਂ ਸਹਿੰਦੇ ਹਨ। (ਵਿੱਦਿਆ ਦੀ) ਬਹੁਤੀ ਚਤੁਰਾਈ ਦੇ ਕਾਰਨ ਜਨਮ ਮਰਨ ਦੇ ਗੇੜ ਵਿਚ ਪੈਂਦੇ ਹਨ। ਜੇਹੜਾ ਜੇਹੜਾ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਤੇ ਪ੍ਰਭੂ ਦੇ ਡਰ-ਅਦਬ ਨੂੰ ਆਪਣੇ ਆਤਮਾ ਦੀ ਖ਼ੁਰਾਕ ਬਣਾਂਦਾ ਹੈ, ਉਹ ਸੇਵਕ ਗੁਰੂ ਦੀ ਸਰਨ ਪੈ ਕੇ ਪ੍ਰਭੂ ਵਿਚ ਲੀਨ ਰਹਿੰਦੇ ਹਨ।੫।
ਜੇਹੜਾ ਮਨੁੱਖ ਪੱਥਰ (ਦੀਆਂ ਮੂਰਤੀਆਂ) ਪੂਜਦਾ ਰਿਹਾ, ਤੀਰਥਾਂ ਦੇ ਇਸ਼ਨਾਨ ਕਰਦਾ ਰਿਹਾ, ਜੰਗਲਾਂ ਵਿਚ ਨਿਵਾਸ ਰੱਖਦਾ ਰਿਹਾ, ਤਿਆਗੀ ਬਣ ਕੇ ਥਾਂ ਥਾਂ ਭਟਕਦਾ ਡੋਲਦਾ ਫਿਰਿਆ (ਤੇ ਇਹਨਾਂ ਹੀ ਕਰਮਾਂ ਨੂੰ ਧਰਮ ਸਮਝਦਾ ਰਿਹਾ), ਜੇ ਉਸ ਦਾ ਮਨ ਮੈਲਾ ਹੀ ਰਿਹਾ ਤਾਂ ਉਹ ਪਵਿਤ੍ਰ ਕਿਵੇਂ ਹੋ ਸਕਦਾ ਹੈ? ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਵਿਚ (ਸਿਮਰਨ ਦੀ ਰਾਹੀਂ) ਲੀਨ ਹੁੰਦਾ ਹੈ (ਉਹੀ ਪਵਿਤ੍ਰ ਹੁੰਦਾ ਹੈ, ਤੇ) ਉਹ (ਲੋਕ ਪਰਲੋਕ ਵਿਚ) ਇੱਜ਼ਤ ਪਾਂਦਾ ਹੈ।੬।
ਹੇ ਪਿਆਰੇ ਪ੍ਰਭੂ! ਮੇਹਰ ਕਰ ਕੇ ਮੈਨੂੰ ਉਹ ਗੁਰੂ ਮਿਲਾ ਜੋ ਅੱਖ ਝਮਕਣ ਦੇ ਸਮੇ ਵਿਚ ਕ੍ਰੋੜਾਂ ਬੰਦਿਆਂ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ, ਜਿਸ ਦਾ ਮਨ ਸਦਾ ਹੀ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਤੇ ਗੰਭੀਰ ਰਹਿੰਦਾ ਹੈ ਜਿਸ ਦੇ ਅੰਦਰ ਉੱਚਾ ਆਚਰਨ ਭੀ ਹੈ ਤੇ ਉੱਚੀ (ਆਤਮਕ) ਸੂਝ ਭੀ ਹੈ।੭।
ਹੇ ਨਾਨਕ! ਪ੍ਰਭੂ-ਦਰ ਤੇ ਇਉਂ ਅਰਦਾਸ ਕਰ-ਹੇ ਪ੍ਰਭੂ! ਮੈਂ ਕਿਸ ਬੰਦੇ ਅੱਗੇ ਤੇਰੀ ਸਿਫ਼ਤਿ-ਸਾਲਾਹ ਕਰਾਂ? ਮੈਨੂੰ ਤਾਂ ਤੈਥੋਂ ਬਿਨਾ ਹੋਰ ਕੋਈ ਕਿਤੇ ਦਿੱਸਦਾ ਹੀ ਨਹੀਂ।
ਜਿਵੇਂ ਤੇਰੀ ਮੇਹਰ ਹੋਵੇ ਮੈਨੂੰ ਆਪਣੀ ਰਜ਼ਾ ਵਿਚ ਰੱਖ, ਤਾ ਕਿ (ਤੇਰਾ ਦਾਸ) ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਤੇਰੇ ਪ੍ਰੇਮ ਵਿਚ ਟਿਕ ਕੇ ਤੇਰੇ ਗੁਣ ਗਾਵੇ।੮।੨।