ਦਸਵੇਂ ਪਾਤਿਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਗੁਰਦੁਆਰਾ ਪਾਰਕਲੀ ‘ਚ ਸਿਡਨੀ ਦੀਆਂ ਸੰਗਤਾ ਨੇ ਮਿਲ ਕੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਭਾਰੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਗਿਆਨੀ ਮਨਵੀਰ ਸਿੰਘ ਅਤੇ ਭਾਰਤ ਤੋਂ ਉਚੇਚੇ ਤੌਰ ‘ਤੇ ਪਹੁੰਚੇ ਪ੍ਰਸਿੱਧ ਭਾਈ ਦਰਸ਼ਨ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੇ ਕੀਰਤਨੀ ਜੱਥੇ ਨੇ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਚਾਰ ਸਾਹਿਬਜ਼ਾਦਿਆਂ ਦੀਆਂ ਸਿੱਖੀ ਸਿਧਾਂਤਾਂ ਲਈ ਦਿੱਤੀਆਂ ਲਾਸਾਨੀ ਸ਼ਹਾਦਤਾਂ ਦਾ ਵਿਸਥਾਰ ਸਹਿਤ ਚਾਨਣਾ ਪਾਇਆ। ਇਸ ਤੋਂ ਉਪਰੰਤ ਗੁਰੂ ਘਰ ਦੇ ਕੀਰਤਨੀ ਜੱਥੇ ਭਾਈ ਚਰਨਜੀਤ ਸਿੰਘ, ਭਾਈ ਮਨਜੀਤ ਸਿੰਘ ਫੁੱਲ ਅਤੇ ਸਿਮਰਨਜੀਤ ਸਿੰਘ ਦੇ ਜੱਥੇ ਨੇ ਕੀਰਤਨ ਕਰਕੇ ਸੰਗਤਾਂ ਨੂੰ ਇਲਾਹੀ ਵਿਸਮਾਦ ਦਾ ਹੁਲਾਰ ਦਿੱਤਾ। ਇਸ ਮੌਕੇ ਗੁਰੂ ਘਰ ਦੇ ਸਕੱਤਰ ਜਸਬੀਰ ਸਿੰਘ ਨੇ ਹਰ ਸਿੱਖ ਨੂੰ ਗੁਰੂ ਵਾਲੇ ਬਣਨ, ਦਸਤਾਰ ਦੀ ਮਹੱਤਤਾ ਅਤੇ ਸ਼ਬਦ ਗੁਰੂ ਦੀ ਸਿੱਖਿਆ ਦੇ ਧਾਰਨੀ ਹੋਣ ਲਈ ਪ੍ਰੇਰਿਆ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।