ਪਾਵਰਕਾਮ ਵੱਲੋਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਲਗਾਏ ਜਾ ਰਹੇ ਲੰਬੇ ਕੱਟਾਂ ਕਾਰਨ, ਉਦਯੋਗ ਅਤੇ ਖੇਤੀਬਾੜੀ ਵਾਸਤੇ ਲੋੜੀਂਦੀ ਬਿਜਲੀ ਸਪਲਾਈ ਨਾ ਦਿੱਤੇ ਜਾਣ ਕਾਰਨ ਜਨਤਾ ਵਿਚ ਗ਼ੁੱਸੇ ਦੀ ਲਹਿਰ ਹੈ। ਅੱਜ ਸਵੇਰੇ ਪਾਵਰਕਾਮ ਸਬ ਡਵੀਜ਼ਨ ਟਿੱਬਾ ਵਿਖੇ ਵੱਡੀ ਗਿਣਤੀ ਵਿਚ ਕਿਸਾਨ ਇਕੱਤਰ ਹੋਏ ਅਤੇ ਐਸ.ਡੀ.ਓ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਕਿ ਬੀਤੇ ਸਾਲਾਂ ਦੀ ਤਰ੍ਹਾਂ ਇਸ ਖੇਤਰ ਨੂੰ ਸਬਜ਼ੀ ਵਾਲਾ ਮੰਨ ਕੇ ਦਿਨ ਵੇਲੇ ਬਿਜਲੀ ਸਪਲਾਈ ਦਿੱਤੀ ਜਾਵੇ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਪਾਵਰਕਾਮ ਵੱਲੋਂ ਐਲਾਨੀ ਚਾਰ ਘੰਟੇ ਬਿਜਲੀ ਦੀ ਕਿਸਾਨਾਂ ਨੂੰ ਨਹੀਂ ਮਿਲ ਰਹੀ ਅਤੇ ਕੇਵਲ ਇਕ ਘੰਟਾ ਬਿਜਲੀ ਸਪਲਾਈ ਮਿਲ ਰਹੀ ਹੈ। ਸੂਰਤ ਸਿੰਘ ਸਰਪੰਚ ਅਮਰਕੋਟ, ਹਰਚਰਨ ਸਿੰਘ ਸਰਪੰਚ ਜਾਂਗਲਾ, ਬਲਦੇਵ ਸਿੰਘ, ਮੁਖ਼ਤਾਰ ਸਿੰਘ ਸਾਬਕਾ ਸਰਪੰਚ ਭਗਤਪੁਰ, ਰਣਜੀਤ ਸਿੰਘ ਬੂਲਪੁਰ, ਗੁਰਵਿੰਦਰ ਸਿੰਘ, ਦੀਦਾਰ ਸਿੰਘ ਜਾਂਗਲਾ, ਬਲਬੀਰ ਸਿੰਘ, ਪਰਮਜੀਤ ਸਿੰਘ ਰਾਣਾ ਅਮਰਕੋਟ, ਨਿਰੰਜਨ ਸਿੰਘ, ਮਾਸਟਰ ਗੁਰਮੇਲ ਸਿੰਘ, ਤਰਸੇਮ ਸਿੰਘ, ਬਲਵਿੰਦਰ ਸਿੰਘ, ਸੋਹਣ ਸਿੰਘ, ਸੁਖਦੇਵ ਸਿੰਘ, ਸੋਢੀ, ਭੋਲੂ, ਪੋਹਲਾ ਭੋਰੂਵਾਲ, ਲਖਵਿੰਦਰ ਸਿੰਘ, ਮੱਖਣ ਸਿੰਘ, ਦਰਸ਼ਨ ਸਿੰਘ, ਬਲਵਿੰਦਰ ਸਿੰਘ, ਹਰਬੰਸ ਸਿੰਘ, ਸਵਰਨ ਸਿੰਘ, ਬਲਦੇਵ ਸਿੰਘ, ਹਰਵਿੰਦਰ ਸਿੰਘ ਅਤੇ ਹੋਰ ਕਿਸਾਨਾਂ ਨੇ ਬਿਜਲੀ ਅਧਿਕਾਰੀਆਂ ਨੂੰ ਦੁਖੜੇ ਸੁਣਾਏ ਜਿਨ੍ਹਾਂ ਨੇ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਪਾਸ ਜਾਣ ਦਾ ਕਹਿ ਕੇ ਖਹਿੜਾ ਛਡਾਇਆ। ਕਿਸਾਨਾਂ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ਿਮਲਾ ਮਿਰਚ, ਗਾਜਰਾਂ, ਆਲੂ ਤੇ ਹੋਰ ਸਬਜ਼ੀਆਂ ਲਗਾਈਆਂ ਹਨ, ਜਿਨ੍ਹਾਂ ਨੂੰ ਪਾਣੀ ਦੇਣ ਵਾਸਤੇ ਜਨਰੇਟਰ ਚਲਾਉਣਾ ਪੈ ਰਿਹਾ ਹੈ। ਸ਼ਹਿਰ ਸੁਲਤਾਨਪੁਰ ਲੋਧੀ ਵਿਚ ਵੀ ਬੀਤੇ ਤਿੰਨ ਦਿਨਾਂ ਤੋਂ ਬਿਜਲੀ ਦੇ ਲੰਬੇ ਕੱਟ ਲੱਗ ਰਹੇ ਹਨ ਜਿਸ ਕਾਰਨ ਦੁਕਾਨਦਾਰ ਤੇ ਕਾਰਖ਼ਾਨੇਦਾਰਾਂ ਵਿਚ ਗ਼ੁੱਸੇ ਦੀ ਲਹਿਰ ਹੈ। ਸ਼ੈਲਰ ਮਾਲਕਾਂ ਦਾ ਕਹਿਣਾ ਹੈ ਕਿ ਬਿਜਲੀ ਸਪਲਾਈ ਘੱਟ ਮਿਲਣ ਕਾਰਨ ਝੋਨੇ ਦੀ ਛੜਾਈ ਉੱਪਰ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਨਾ ਹੋਣ ਕਾਰਨ ਲੇਬਰ ਨੂੰ ਵਿਹਲੇ ਬੈਠਣਾ ਪੈ ਰਿਹਾ ਹੈ | ਝੋਨੇ ਦੀ ਛੜਾਈ ਵਿਚ ਦੇਰ ਹੋਣ ਨਾਲ ਚਾਵਲਾਂ ਦੀ ਗੁਣਵੱਤਾ ‘ਤੇ ਮਾੜਾ ਅਸਰ ਪੈ ਰਿਹਾ ਹੈ। (source Ajit)