ਸਿੱਖਾਂ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਸ਼ਹੀਦੀ ਦਿਵਸ 24 ਨਵੰਬਰ ਦਿਨ ਐਤਵਾਰ ਨੂੰ ਗੁਰੂ ਘਰ ਪਾਰਕਲੀ ਸਿਡਨੀ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਅੱਜ ਦੇ ਦਿਨ ਹੀ ਗੁਰੂ ਤੇਗ ਬਹਾਦੁਰ ਜੀ ਨੇ ਕਸ਼ਮੀਰੀ ਪੰਡਿਤਾਂ ਲਈ ਦਿੱਲੀ ਦੇ ਚਾਂਦਨੀ ਚੌਕ ‘ਤੇ ਆਪਣਾ ਸੀਸ ਕਟਵਾਇਆ ਸੀ। ਉਨ੍ਹਾਂ ਦੀ ਇਸ ਸ਼ਹਾਦਤ ਤੋਂ ਬਾਅਦ ਉਨ੍ਹਾਂ ਨੂੰ ‘ਹਿੰਦ ਕੀ ਚਾਦਰ’ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੇ ਸ਼ਹੀਦੀ ਦਿਵਸ ‘ਤੇ ਸਿਡਨੀ ਦੇ ਗੁਰੂ ਘਰ ਪਾਰਕਲੀ ਵਿਖੇ ਸੁੰਦਰ ਦੀਵਾਨ ਸਜਾਏ ਗਏ, ਜਿਨ੍ਹਾਂ ‘ਚ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਗਿਆ। ਉਪਰੰਤ ਭਾਈ ਚਰਨਜੀਤ ਸਿੰਘ ਜੀ ਹਜੂਰੀ ਰਾਗੀ ਅਤੇ ਭਾਈ ਮਨਜੀਤ ਸਿੰਘ ਫੁੱਲ,ਭਾਈ ਸਿਮਰਜੀਤ ਸਿੰਘ ਦੇ ਰਾਗੀ ਜੱਥੇ ਤੋਂ ਇਲਾਵਾ ਭਾਈ ਤਰਲੋਚਨ ਸਿੰਘ ਭੱਮਦੀ ਦਾ ਢਾਡੀ ਜੱਥੇ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਬਾਅਦ ਭਾਈ ਦਰਸ਼ਨ ਸਿੰਘ ਨਿਰਮਲ ਹਜੂਰੀ ਰਾਗੀ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਾਲਿਆਂ ਵਲੋਂ ਸ਼ਬਦ ਕੀਰਤਨ ਕੀਤੇ ਗਏ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਮੱਥੇ ਟੇਕੇ। ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਸੈਕਟਰੀ ਜਸਬੀਰ ਸਿੰਘ ਥਿੰਦ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਰੂ ਜੀ ਦੇ ਬਲਿਦਾਨ ਦਿਵਸ ‘ਤੇ ਲੋਕਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਨ੍ਹਾਂ ਨੇ ਸੰਗਤ ਨੂੰ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਤੋਂ ਸਬਕ ਲੈਣ ਦੀ ਅਪੀਲ ਕੀਤੀ। (source Jag Bani)