ਬਾਬਾ ਬੀਰ ਸਿੰਘ ਜੀ ਦੇ ਪਿਤਾ ਸਰਦਾਰ ਸੇਵਾ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਲਟਨ ਵਿੱਚ ਨੌਕਰ ਸਨ। ਜਦ ਮੁਲਤਾਨ ਦਾ ਪਹਿਲਾ ਜੰਗ ਹੋਇਆ ਤਾਂ ਆਪ ਦੇ ਪਿਤਾ ਇਸ ਜੰਗ ਵਿੱਚ ਚੜ੍ਹਾਈ ਕਰ ਗਏ। ਇੱਧਰ ਬਾਬਾ ਜੀ ਜਦੋਂ ਯੁਵਾ ਅਵਸਥਾ ਦੇ ਹੋ ਗਏ ਤਾਂ ਅਟਾਰੀ ਵਾਲੇ ਸਰਦਾਰ ਨੇ ਇਹਨਾ ਨੂੰ ਉਹਨਾ ਦੇ ਪਿਤਾ ਦੀ ਥਾਂ ਤੇ ਹੀ ਭਰਤੀ ਕਰ ਲਿਆ ਪਰ ਬਾਬਾ ਜੀ ਪਲਟਨ ਵਿੱਚ ਵੀ ਗੁਰਬਾਣੀ ਦਾ ਪਾਠ ਤੇ ਨਿਤਨੇਮ ਕਰਦੇ ਰਹਿੰਦੇ ਜਿਸ ਕਰਕੇ ਸਾਰੀ ਪਲਟਨ ਹੀ ਉਹਨਾ ਦਾ ਪੂਰਾ ਸਤਿਕਾਰ ਕਰਨ ਲੱਗ ਪਈ। ਇਸ ਕਾਰਣ ਬਾਬਾ ਜੀ ਦਾ ਪਹਿਰਾ ਵੀ ਮਾਫ ਸੀ ਪਰ ਬਾਬਾ ਜੀ ਨੇ ਥੋੜ੍ਹਾ ਚਿਰ ਹੀ ਫੌਜ ਦੀ ਨੋਕਰੀ ਕੀਤੀ ਤੇ ਜਲਦ ਹੀ ਆਪਣਾ ਨਾਂ ਕਟਾਉਣ ਲਈ ਦਰਖਾਸਤ ਦੇ ਦਿੱਤੀ। ਅੱਗੋ ਸਰਦਾਰ ਨੇ ਦਰਖਾਸਤ ਨਾਮੰਜੂਰ ਕਰਦੇ ਹੋਏ ਆਖਿਆ ਕਿ ਬਾਬਾ ਜੀ ਅਸੀਂ ਤਾ ਆਪ ਜੀ ਦਾ ਅਹੁਦਾ ਵਧਾਉਣਾ ਚਾਹੁੰਦੇ ਹਾਂ ਤੁਸੀਂ ਨਾਮ ਕਟਾਉਣ ਦੀ ਦਰਖਾਸਤ ਕਿਊ ਦਿੰਦੇ ਹੋ। 6 ਮਹੀਨੇ ਹੋਰ ਨੋਕਰੀ ਕਰੋ ਫਿਰ ਕਿਸੇ ਤਰੀਕੇ ਨਾਲ ਅਹੁਦਾ ਵਧਾ ਕੇ ਛੁੱਟੀ ਦੇ ਦਿਆਂਗੇ। ਹੁਣ ਆਪ ਜੀ ਦਾ ਨਾਮ ਕਿਸੇ ਵੀ ਢੰਗ ਨਾਲ ਕੱਟਿਆ ਨਹੀਂ ਜਾ ਸਕਦਾ।
ਬਾਬਾ ਜੀ ਨੇ ਆਖਿਆ ਤੁਸੀ ਮੇਰਾ ਨਾਮ ਕੀ ਕੱਟਣਾ ਕਟਾਉਣਾ ਹੈ ਮੇਰਾ ਨਾਮ ਤਾ ਤੁਹਾਡੇ ਕਿਸੇ ਵੀ ਰਜਿਸਟਰ ਵਿੱਚ ਦਰਜ ਨਹੀ ਹੈ। ਇਹ ਸੁਣ ਕੇ ਸਰਦਾਰ ਨੇ ਆਖਿਆ ਕਿ ਬਾਬਾ ਜੀ ਅਸੀਂ ਰੋਜਨਾਮਚੇ ਰਜਿਸਟਰ ਨੂੰ ਦੇਖ ਲੈਂਦੇ ਹਾਂ ਜੇਕਰ ਆਪ ਜੀ ਦਾ ਨਾਮ ਨਾ ਨਿਕਲਿਆ ਤਾਂ ਆਪ ਜੀ ਦਾ ਸਾਰਾ ਸਮਾਨ ਸਣੇ ਘੋੜੇ ਦੇਕੇ ਛੁੱਟੀ ਦੇ ਦੇਵਾਂਗੇ। ਬਾਬਾ ਜੀ ਨੇ ਕਿਹਾ ਚੰਗਾ ਗੁਰਮੁੱਖੋ ਤੁਸੀ ਆਪਣੇ ਰਜਿਸਟਰ ਫੋਲ ਕੇ ਦੇਖ ਲਵੋ। ਜਦੋਂ ਸਰਕਾਰੀ ਬੰਦਿਆਂ ਨੇ ਸਾਰੇ ਰਜਿਸਟਰ ਦੇਖੇ ਤਾਂ ਕਿਤੇ ਵੀ ਬਾਬਾ ਜੀ ਦਾ ਨਾਂ ਦਰਜ ਨਹੀਂ ਸੀ ਤੇ ਸਾਰੇ ਬੜੇ ਅਸਚਰਜ ਜਿਹੇ ਹੋ ਕੇ ਭੈਭੀਤ ਹੋਏ ਕਿ ਕਿਤੇ ਬਾਬਾ ਜੀ ਸਰਾਪ ਹੀ ਨਾ ਦੇ ਦੇਣ। ਤਦ ਬਹੁਤ ਹੈਰਾਨ ਹੋ ਕੇ ਚਰਨਾਂ ਤੇ ਡਿੱਗ ਪਏ। ਇਸ ਤੇ ਬਾਬਾ ਜੀ ਨੇ ਕਿਹਾ ਕਿ ਗੁਰਮੁੱਖੋ ਘਬਰਾਵੋ ਨਾਂ ਇਹ ਤਾਂ ਅਕਾਲ ਪੁਰਖ ਜੀ ਦਾ ਹੁਕਮ ਸੀ।
ਇਸ ਤੋਂ ਬਾਅਦ ਬਾਬਾ ਬੀਰ ਸਿੰਘ ਜੀ ਕੁਰੀ ਵਾਲੇ ਸੰਤ ਬਾਬਾ ਭਾਗ ਜੀ ਪਾਸ ਗਏ ਤਾਂ ਉਹਨਾ ਨੇ ਬਾਬਾ ਜੀ ਦੇ ਘੋੜੇ ਤੇ ਸਮਾਨ ਦੇਖ ਕੇ ਕਿਹਾ ਕਿ ਭਗਤਾ ਇਹ ਗ੍ਰਹਿਸਤ ਦਾ ਪਸਾਰਾ ਘਰ ਛੱਡ ਕੇ ਆ। ਤਾਂ ਇਸਤੋਂ ਬਾਅਦ ਬਾਬਾ ਜੀ ਨੇ ਪੰਜਾਬ ਵੱਲ ਚਾਲੇ ਪਾਏ ਅਤੇ ਘਰ ਪਹੁੰਚਕੇ ਆਪਣੀ ਮਾਤਾ ਦੇ ਚਰਨਾ ਵਿੱਚ ਸਭ ਨਕਦੀ ਤੇ ਸਮਾਨ ਰੱਖਕੇ ਮੱਥਾ ਟੇਕਿਆ ਤਾ ਮਾਤਾ ਨੇ ਗਲਵੱਕੜੀ ਵਿੱਚ ਲੈ ਕੇ ਬੇਹਦ ਖੁਸ਼ੀ ਜਤਾਈ ਪਰ ਬਾਬਾ ਜੀ ਘਰ ਵਿੱਚ ਰਹਿੰਦਿਆ ਘਰੇਲੂ ਵਿਹਾਰਾਂ ਤੋ ਅਲੱਗ ਹੀ ਰਹਿੰਦੇ ਸਨ। ਪਿੰਡ ਵਿੱਚ ਆਕੇ ਬਾਬਾ ਜੀ ਨੇ ਸੇਵਾ ਸਿਮਰਨ ਨਹੀ ਛੱਡਿਆ। ਬਾਰਿਸ਼ ਦੇ ਦਿਨਾਂ ਵਿੱਚ ਕਿਸੇ ਨਗਰ ਦੀ ਸੰਗਤ ਨੂੰ ਪ੍ਰਸਾਦਾ ਛਕਾਉਣ ਲਈ ਆਪ ਨੇ ਆਪਣੇ ਘਰ ਦੇ ਬਾਲੇ ਕੜੀਆ ਆਦਿ ਬਾਲਣ ਦੀ ਜਗਾ ਲਗਾ ਕੇ ਭੋਜਨ ਤਿਆਰ ਕੀਤਾ ਤਾਂ ਇਸਤੋ ਬਾਅਦ ਉਹਨਾ ਦੀ ਮਾਤਾ ਨੇ ਕਿਹਾ ਕਿ ਬੀਰ ਸਿੰਘ ਤੇਰੇ ਲਈ ਚਾਰੇ ਚੱਕ ਖੁੱਲੇ ਹਨ ਜਿੱਥੇ ਚਾਹੇ ਜਾ ਸਕਦਾ ਹੈ। ਆਪ ਫਿਰ ਬਾਬਾ ਭਾਗ ਸਿੰਘ ਜੀ ਪਾਸ ਚਲੇ ਗਏ।
ਲੰਮਾ ਸਮਾਂ ਸੇਵਾ ਕਰਨ ਤੋ ਬਾਅਦ ਆਪ ਨੂੰ ਬਾਬਾ ਸਾਹਿਬ ਸਿੰਘ ਬੇਦੀ ਪਾਸ ਊਨਾ ਸਾਹਿਬ ਵਿੱਖੇ ਭੇਜ ਦਿੱਤਾ। ਊਨਾ ਸਾਹਿਬ ਆਪ ਨੇ ਤਨ, ਮਨ, ਧੰਨ ਨਾਲ ਅਟੁਟ ਸੇਵਾ ਕੀਤੀ। ਇਕ ਵਾਰ ਸੇਵਾ ਕਰਦਿਆਂ ਲੱਤ ਤੇ ਕਹੀ ਵੱਜ ਗਈ ਪਰ ਆਪ ਨੇ ਸੇਵਾ ਨਾ ਛੱਡੀ। ਬਾਬਾ ਸਾਹਿਬ ਸਿੰਘ ਤੇ ਬਾਬਾ ਭਾਗ ਸਿੰਘ ਤੋ ਬਖਸ਼ਿਸ਼ਾ ਪਾ ਕੇ ਆਪ ਨੇ ਮਾਝੇ ਵਿੱਚ ਪ੍ਰਚਾਰ ਦਾ ਕੇਂਦਰ ਪਿੰਡ ਨੋਰੰਗਾਬਾਦ ਚੁਣਿਆ। ਇਥੇ ਉਹਨਾ ਨੇ ਗੁਰਦੁਆਰਾ ਸੰਤ ਪੁਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ ਤੇ ਹਰ ਪਰਿਵਾਰਕ ਮੈਂਬਰ ਨੂੰ ਪੰਜ ਪੰਜ ਇੱਟਾਂ ਲਿਆਉਣ ਲਈ ਕਿਹਾ। ਹੁਣ ਇੱਥੇ ਹਰ ਸਮੇਂ ਗੁਰੂ ਦਾ ਅਟੁੱਟ ਲੰਗਰ ਚੱਲਦਾ। ਲੰਗਰ ਵਿੱਚ ਰੋਜਾਨਾ 750 ਮਣ ਆਟਾ ਤੇ 250 ਮਣ ਦਾਲ ਖਰਚ ਹੁੰਦੀ ਹੈ।