ਮੰਗਲਵਾਰ 17 ਜੁਲਾਈ 2018 (2 ਸਾਵਣ ਸੰਮਤ 550 ਨਾਨਕਸ਼ਾਹੀ)
ਰਾਮਕਲੀ ਮਹਲਾ ੫ ॥ ਜਿਸ ਕੀ ਤਿਸ ਕੀ ਕਰਿ ਮਾਨੁ ॥ ਆਪਨ ਲਾਹਿ ਗੁਮਾਨੁ ॥ ਜਿਸ ਕਾ ਤੂ ਤਿਸ ਕਾ ਸਭੁ ਕੋਇ ॥ ਤਿਸਹਿ ਅਰਾਧਿ ਸਦਾ ਸੁਖੁ ਹੋਇ ॥੧॥ ਕਾਹੇ ਭ੍ਰਮਿ ਭ੍ਰਮਹਿ ਬਿਗਾਨੇ ॥ ਨਾਮ ਬਿਨਾ ਕਿਛੁ ਕਾਮਿ ਨ ਆਵੈ ਮੇਰਾ ਮੇਰਾ ਕਰਿ ਬਹੁਤੁ ਪਛੁਤਾਨੇ ॥੧॥ ਰਹਾਉ ॥ਜੋ ਜੋ ਕਰੈ ਸੋਈ ਮਾਨਿ ਲੇਹੁ ॥ ਬਿਨੁ ਮਾਨੇ ਰਲਿ ਹੋਵਹਿ ਖੇਹ ॥ ਤਿਸ ਕਾ ਭਾਣਾ ਲਾਗੈ ਮੀਠਾ ॥ ਗੁਰ ਪ੍ਰਸਾਦਿ ਵਿਰਲੇ ਮਨਿ ਵੂਠਾ ॥੨॥ ਵੇਪਰਵਾਹੁ ਅਗੋਚਰੁ ਆਪਿ ॥ ਆਠ ਪਹਰ ਮਨ ਤਾ ਕਉ ਜਾਪਿ ॥ ਜਿਸੁ ਚਿਤਿ ਆਏ ਬਿਨਸਹਿ ਦੁਖਾ ॥ ਹਲਤਿ ਪਲਤਿ ਤੇਰਾ ਊਜਲ ਮੁਖਾ ॥੩॥ ਕਉਨ ਕਉਨ ਉਧਰੇ ਗੁਨ ਗਾਇ ॥ ਗਨਣੁ ਨ ਜਾਈ ਕੀਮ ਨ ਪਾਇ ॥ ਬੂਡਤ ਲੋਹ ਸਾਧਸੰਗਿ ਤਰੈ ॥ ਨਾਨਕ ਜਿਸਹਿ ਪਰਾਪਤਿ ਕਰੈ ॥੪॥੩੧॥੪੨॥ {ਅੰਗ 896}
ਪਦਅਰਥ: ਤਿਸ ਕੀ, ਜਿਸ ਕੀ = {ਸੰਬੰਧਕ ‘ਕੀ‘ ਦੇ ਕਾਰਨ ਲਫ਼ਜ਼ ‘ਜਿਸੁ’ ਅਤੇ ‘ਤਿਸੁ‘ ਦਾ ੁ ਉੱਡ ਗਿਆ ਹੈ}। ਜਿਸ ਕੀ = ਜਿਸ ਕੀ ਦੇਹੀ, ਜਿਸ ਦਾ ਦਿੱਤਾ ਹੋਇਆ ਸਰੀਰ। ਕਰਿ = ਕਰ ਕੇ, ਸਮਝ ਕੇ। ਮਾਨੁ = ਮੰਨ, ਯਕੀਨ ਬਣਾ। ਗੁਮਾਨੁ = ਅਹੰਕਾਰ। ਲਾਹਿ = ਦੂਰ ਕਰ। ਸਭੁ ਕੋਇ = ਹਰੇਕ ਜੀਵ। ਅਰਾਧਿ = ਯਾਦ ਕਰਦਾ ਰਹੁ।੧।
ਕਾਹੇ = ਕਿਉਂ? ਭ੍ਰਮਿ = ਭਰਮ ਵਿਚ, ਭੁਲੇਖੇ ਵਿਚ। ਭ੍ਰਮਹਿ = ਤੂੰ ਭਟਕਦਾ ਹੈਂ। ਬਿਗਾਨੇ = ਹੇ ਓਪਰੇ ਬਣੇ ਹੋਏ! ਪਰਮਾਤਮਾ ਤੋਂ ਵਿਛੁੜੇ ਹੋਏ ਹੇ ਜੀਵ! ਕਾਮਿ = ਕੰਮ ਵਿਚ। ਪਛੁਤਾਨੇ = ਪਛੁਤਾਏ ਗਏ।੧।ਰਹਾਉ।
ਮਾਨਿ ਲੇਹੁ = ਮੰਨ ਲੈ, ਭਲਾ ਕਰਕੇ ਮੰਨ। ਰਲਿ = ਮਿਲ ਕੇ। ਭਾਣਾ = ਰਜ਼ਾ। ਪ੍ਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ। ਵੂਠਾ = ਵੱਸਿਆ ਹੈ।੨।
ਵੇ ਪਰਵਾਹੁ = ਬੇ = ਮੁਥਾਜ। ਅਗੋਚਰੁ = {ਅ = ਗੋ = ਚਰ। ਗੋ = ਗਿਆਨ = ਇੰਦ੍ਰੇ। ਚਰ = ਪਹੁੰਚ} ਜਿਸ ਤਕ ਗਿਆਨ = ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਤਾ ਕਉ = ਉਸ (ਪ੍ਰਭੂ) ਨੂੰ। ਚਿਤਿ = ਚਿੱਤ ਵਿਚ। ਚਿਤਿ ਆਏ = ਚਿੱਤ ਵਿਚ ਵੱਸਿਆਂ। ਜਿਸੁ ਚਿਤਿ ਆਏ = ਜਿਸ (ਪ੍ਰਭੂ ਦੇ ਸਾਡੇ) ਚਿੱਤ ਵਿਚ ਵੱਸਿਆਂ, ਜੇ ਉਹ ਪ੍ਰਭੂ ਸਾਡੇ ਚਿੱਤ ਵਿਚ ਆ ਵੱਸੇ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਊਜਲ = ਸਾਫ਼, ਬੇ = ਦਾਗ਼। ਮੁਖਾ = ਮੂੰਹ।੩।
ਉਧਰੇ = ਪਾਰ ਲੰਘ ਗਏ। ਗਾਇ = ਗਾ ਕੇ। ਗਨਣੁ ਨ ਜਾਈ = ਇਹ ਲੇਖਾ ਗਿਣਿਆ ਨਹੀਂ ਜਾ ਸਕਦਾ। ਕੀਮ = (ਗੁਣ ਗਾਣ ਦੀ) ਕੀਮਤ। ਬੂਡਤ = ਡੁੱਬਦਾ। ਲੋਹ = ਲੋਹਾ, ਕਠੋਰ = ਚਿੱਤ ਬੰਦਾ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਤਰੈ = ਗਾਵਣ ਦਾ ਉੱਦਮ ਕਰਦਾ ਹੈ। ਜਿਸਹਿ ਪਰਾਪਤਿ = ਜਿਸ ਨੂੰ (ਇਹ ਦਾਤਿ) ਮਿਲਣੀ ਹੋਵੇ।੪।
ਅਰਥ: ਹੇ ਪ੍ਰਭੂ ਤੋਂ ਵਿਛੁੜੇ ਹੋਏ ਜੀਵ! ਕਿਉਂ (ਅਪਣੱਤ ਦੇ) ਭੁਲੇਖੇ ਵਿਚ ਪੈ ਕੇ ਭਟਕ ਰਿਹਾ ਹੈਂ? ਪਰਮਾਤਮਾ ਦੇ ਨਾਮ ਤੋਂ ਬਿਨਾ (ਹੋਰ ਕੋਈ ਸ਼ੈ ਕਿਸੇ ਦੇ) ਕੰਮ ਨਹੀਂ ਆਉਂਦੀ। (ਇਹ) ਮੇਰਾ (ਸਰੀਰ ਹੈ, ਇਹ) ਮੇਰਾ (ਧਨ ਹੈ) –ਇਉਂ ਆਖ ਆਖ ਕੇ (ਅਨੇਕਾਂ ਹੀ ਜੀਵ) ਬਹੁਤ ਪਛੁਤਾਂਦੇ ਗਏ।੧।ਰਹਾਉ।
ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ (ਇਹ ਸਰੀਰ ਆਦਿਕ) ਹੈ, ਉਸੇ ਦਾ ਹੀ ਮੰਨ। (ਇਹ ਸਰੀਰ ਆਦਿਕ ਮੇਰਾ ਹੈ ਮੇਰਾ ਹੈ) ਆਪਣਾ (ਇਹ ਅਹੰਕਾਰ ਦੂਰ ਕਰ) । ਹਰੇਕ ਜੀਵ ਉਸੇ ਪ੍ਰਭੂ ਦਾ ਬਣਾਇਆ ਹੋਇਆ ਹੈ ਜਿਸ ਦਾ ਤੂੰ ਪੈਦਾ ਕੀਤਾ ਹੋਇਆ ਹੈਂ। ਉਸ ਪ੍ਰਭੂ ਦਾ ਸਿਮਰਨ ਕੀਤਿਆਂ ਸਦਾ ਆਤਮਕ ਸੁਖ ਮਿਲਦਾ ਹੈ।੧।
ਹੇ ਭਾਈ! ਪਰਮਾਤਮਾ ਜੋ ਕੁਝ ਕਰਦਾ ਹੈ ਉਸੇ ਨੂੰ ਠੀਕ ਮੰਨਿਆ ਕਰ। (ਰਜ਼ਾ ਨੂੰ) ਮੰਨਣ ਤੋਂ ਬਿਨਾ (ਮਿੱਟੀ ਵਿਚ) ਮਿਲ ਕੇ ਮਿੱਟੀ ਹੋ ਜਾਏਂਗਾ। ਹੇ ਭਾਈ! ਜਿਸ ਕਿਸੇ ਬੰਦੇ ਨੂੰ ਪਰਮਾਤਮਾ ਦੀ ਰਜ਼ਾ ਮਿੱਠੀ ਲੱਗਦੀ ਹੈ ਗੁਰੂ ਦੀ ਕਿਰਪਾ ਨਾਲ ਉਸ ਦੇ ਮਨ ਵਿਚ ਪਰਮਾਤਮਾ ਆਪ ਆ ਵੱਸਦਾ ਹੈ।੨।
ਹੇ ਮਨ! ਜਿਸ ਪਰਮਾਤਮਾ ਨੂੰ ਕਿਸੇ ਦੀ ਮੁਥਾਜੀ ਨਹੀਂ, ਜੀਵ ਦੇ ਗਿਆਨ-ਇੰਦ੍ਰਿਆਂ ਦੀ ਜਿਸ ਤਕ ਪਹੁੰਚ ਨਹੀਂ ਹੋ ਸਕਦੀ, ਹੇ ਮਨ! ਅੱਠੇ ਪਹਿਰ ਉਸ ਨੂੰ ਜਪਿਆ ਕਰ। ਜੇ ਉਹ ਪਰਮਾਤਮਾ (ਤੇਰੇ) ਚਿੱਤ ਵਿਚ ਆ ਵੱਸੇ, ਤਾਂ ਤੇਰੇ ਸਾਰੇ ਦੁੱਖ ਨਾਸ ਹੋ ਜਾਣਗੇ, ਇਸ ਲੋਕ ਵਿਚ ਅਤੇ ਪਰਲੋਕ ਵਿਚ ਤੇਰਾ ਮੂੰਹ ਉਜਲਾ ਰਹੇਗਾ।੩।
ਹੇ ਭਾਈ! ਇਸ ਗੱਲ ਦਾ ਲੇਖਾ ਨਹੀਂ ਕੀਤਾ ਜਾ ਸਕਦਾ ਕਿ ਪਰਮਾਤਮਾ ਦੇ ਗੁਣ ਗਾ ਗਾ ਕੇ ਕੌਣ ਕੌਣ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ। ਪਰਮਾਤਮਾ ਦੇ ਗੁਣ ਗਾਣ ਦਾ ਮੁੱਲ ਨਹੀਂ ਪੈ ਸਕਦਾ। ਲੋਹੇ ਵਰਗਾ ਕਠੋਰ-ਚਿੱਤ ਬੰਦਾ ਭੀ ਗੁਰੂ ਦੀ ਸੰਗਤਿ ਵਿਚ ਰਹਿ ਕੇ ਪਾਰ ਲੰਘ ਜਾਂਦਾ ਹੈ। ਪਰ, ਹੇ ਨਾਨਕ! ਗੁਣ ਗਾਣ ਦਾ ਉੱਦਮ ਉਹੀ ਮਨੁੱਖ) ਕਰਦਾ ਹੈ ਜਿਸ ਨੂੰ ਧੁਰੋਂ ਇਹ ਦਾਤਿ ਪ੍ਰਾਪਤ ਹੋਵੇ।੪।੩੧।੪੨।