Today’s Hukamnama from State Gurdwara Sahib Kapurthala

50

ਸਨਿੱਚਰਵਾਰ 2 ਜੂਨ 2018 (20 ਜੇਠ ਸੰਮਤ 550 ਨਾਨਕਸ਼ਾਹੀ)

ਸੋਰਠਿ ਮਹਲਾ ੯ ॥ ਮਨ ਰੇ ਕਉਨੁ ਕੁਮਤਿ ਤੈ ਲੀਨੀ ॥ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥੧॥ ਰਹਾਉ ॥ ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ ॥ ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ ॥੧॥ ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥ ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥੨॥ ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ ॥ ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ ॥੩॥੩॥ {ਅੰਗ 631-632}

ਪਦਅਰਥ: ਕੁਮਤਿ = ਭੈੜੀ ਮਤਿ। ਦਾਰਾ = ਇਸਤ੍ਰੀ। ਰਾਸਿ = ਰਸ ਵਿਚ। ਰਚਿਓ = ਮਸਤ ਹੈਂ।ਰਹਾਉ।

ਮੁਕਤਿ ਪੰਥੁ = (ਇਹਨਾਂਵਿਕਾਰਾਂ ਤੋਂ ਖ਼ਲਾਸੀ ਦਾ ਰਾਹ। ਨਾਹਨਿ = ਨਹੀਂ। ਧਾਇਆ = ਦੌੜਿਆ ਫਿਰਦਾ ਹੈਂ। ਸੰਗ = ਸਾਥ। ਕਾਹੂ = ਕਿਸੇ ਨੇ ਭੀ। ਬਿਰਥਾ = ਵਿਅਰਥ ਹੀ। ਆਪੁ = ਆਪਣੇ ਆਪ ਨੂੰ।੧।

ਗਿਆਨਾ = ਆਤਮਕ ਜੀਵਨ ਦੀ ਸੂਝ। ਘਟ = ਹਿਰਦਾ। ਤੇਰੈ ਘਟ ਹੀ ਮਾਹਿ = ਤੇਰੇ ਹਿਰਦੇ ਵਿਚ ਹੀ। ਉਦਿਆਨਾ = ਜੰਗਲ।੨।

ਤੈ ਹਾਰਿਓ = ਤੂੰ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਲਈ ਹੈ। ਅਸਥਿਰ = ਅਡੋਲਤਾ ਵਿਚ ਰੱਖਣ ਵਾਲੀ। ਮਾਨਸ ਦੇਹ ਪਦ = ਮਨੁੱਖਾ ਸਰੀਰ ਦਾ ਦਰਜਾ। ਪਾਇ = ਹਾਸਲ ਕਰ ਕੇ। ਨਾਨਕ = ਹੇ ਨਾਨਕ!੩।

ਅਰਥ: ਹੇ ਮਨ! ਤੂੰ ਕੇਹੜੀ ਭੈੜੀ ਸਿੱਖਿਆ ਲੈ ਲਈ ਹੈਤੂੰ ਪਰਾਈ ਇਸਤ੍ਰੀ, ਪਰਾਈ ਨਿੰਦਿਆ ਦੇ ਰਸ ਵਿਚ ਮਸਤ ਰਹਿੰਦਾ ਹੈਂ। ਪਰਮਾਤਮਾ ਦੀ ਭਗਤੀ ਤੂੰ (ਕਦੇ) ਨਹੀਂ ਕੀਤੀ।੧।ਰਹਾਉ।

ਹੇ ਭਾਈ! ਤੂੰ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਰਸਤਾ (ਅਜੇ ਤਕ) ਨਹੀਂ ਸਮਝਿਆ, ਧਨ ਇਕੱਠਾ ਕਰਨ ਲਈ ਤੂੰ ਸਦਾ ਦੌੜ-ਭਜ ਕਰ ਰਿਹਾ ਹੈਂ। (ਦੁਨੀਆ ਦੇ ਪਦਾਰਥਾਂ ਵਿਚੋਂ) ਕਿਸੇ ਨੇ ਭੀ ਆਖ਼ਰ ਕਿਸੇ ਦਾ ਸਾਥ ਨਹੀਂ ਦਿੱਤਾ। ਤੂੰ ਵਿਅਰਥ ਹੀ ਆਪਣੇ ਆਪ ਨੂੰ (ਮਾਇਆ ਦੇ ਮੋਹ ਵਿਚ) ਜਕੜ ਰੱਖਿਆ ਹੈ।੧।

ਹੇ ਭਾਈ! ਅਜੇ ਤਕਨਾਹ ਤੂੰ ਪਰਮਾਤਮਾ ਦੀ ਭਗਤੀ ਕੀਤੀ ਹੈ, ਨਾਹ ਗੁਰੂ ਦੀ ਸ਼ਰਨ ਪਿਆ ਹੈਂ, ਨਾਹ ਹੀ ਤੇਰੇ ਅੰਦਰ ਆਤਮਕ ਜੀਵਨ ਦੀ ਸੋਝੀ ਪਈ ਹੈ। ਮਾਇਆ ਤੋਂ ਨਿਰਲੇਪ ਪ੍ਰਭੂ ਤੇਰੇ ਹਿਰਦੇ ਵਿਚ ਵੱਸ ਰਿਹਾ ਹੈ, ਪਰ ਤੂੰ (ਬਾਹਰਜੰਗਲਾਂ ਵਿਚ ਉਸ ਨੂੰ ਭਾਲ ਰਿਹਾ ਹੈਂ।੨।

ਹੇ ਭਾਈ! ਅਨੇਕਾਂ ਜਨਮਾਂ ਵਿਚ ਭਟਕ ਭਟਕ ਕੇ ਤੂੰ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਲਈ ਹੈ, ਤੂੰ ਅਜੇਹੀ ਅਕਲ ਨਹੀਂ ਸਿੱਖੀ ਜਿਸ ਦੀ ਬਰਕਤਿ ਨਾਲ (ਜਨਮਾਂ ਦੇ ਗੇੜ ਵਿਚੋਂ) ਤੈਨੂੰ ਅਡੋਲਤਾ ਹਾਸਲ ਹੋ ਸਕੇ। ਹੇ ਨਾਨਕ! ਆਖ-ਹੇ ਭਾਈ! ਗੁਰੂ ਨੇ ਤਾਂ ਇਹ) ਗੱਲ ਸਮਝਾਈ ਹੈ ਕਿ ਮਨੁੱਖਾ ਜਨਮ ਦਾ (ਉੱਚਾ) ਦਰਜਾ ਹਾਸਲ ਕਰ ਕੇ ਪਰਮਾਤਮਾ ਦਾ ਭਜਨ ਕਰ।੩।੩।