ਐਤਵਾਰ 13 ਮਈ 2018 (30 ਵੈਸਾਖ ਸੰਮਤ 550 ਨਾਨਕਸ਼ਾਹੀ)
ਸੂਹੀ ਮਹਲਾ ੫ ॥ ਸਾਜਨੁ ਪੁਰਖੁ ਸਤਿਗੁਰੁ ਮੇਰਾ ਪੂਰਾ ਤਿਸੁ ਬਿਨੁ ਅਵਰੁ ਨ ਜਾਣਾ ਰਾਮ ॥ ਮਾਤ ਪਿਤਾ ਭਾਈ ਸੁਤ ਬੰਧਪ ਜੀਅ ਪ੍ਰਾਣ ਮਨਿ ਭਾਣਾ ਰਾਮ ॥ ਜੀਉ ਪਿੰਡੁ ਸਭੁ ਤਿਸ ਕਾ ਦੀਆ ਸਰਬ ਗੁਣਾ ਭਰਪੂਰੇ ॥ ਅੰਤਰਜਾਮੀ ਸੋ ਪ੍ਰਭੁ ਮੇਰਾ ਸਰਬ ਰਹਿਆ ਭਰਪੂਰੇ ॥ ਤਾ ਕੀ ਸਰਣਿ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ॥ ਸਦਾ ਸਦਾ ਪ੍ਰਭ ਕਉ ਬਲਿਹਾਰੈ ਨਾਨਕ ਸਦ ਕੁਰਬਾਣਾ ॥੧॥ {ਅੰਗ 780}
ਪਦਅਰਥ: ਨ ਜਾਣਾ = ਨਾ ਜਾਣਾਂ, ਮੈਂ ਨਹੀਂ ਜਾਣਦਾ। ਸੁਤ = ਪੁੱਤਰ। ਬੰਧਪ = ਸਨਬੰਧੀ। ਜੀਅ = ਜਿੰਦ। ਮਨਿ = ਮਨ ਵਿਚ। ਭਾਣਾ = ਪਿਆਰਾ ਲੱਗਦਾ ਹੈ।
ਜੀਉ = ਜਿੰਦ। ਪਿੰਡੁ = ਸਰੀਰ। ਤਿਸ ਕਾ = {ਸੰਬੰਧਕ ‘ਕਾ‘ ਦੇ ਕਾਰਨ ਲਫ਼ਜ਼ ‘ਤਿਸੁ‘ ਦਾ ੁ ਉੱਡ ਗਿਆ ਹੈ} ਉਸ (ਪਰਮਾਤਮਾ) ਦਾ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਸਰਬ = ਸਭ ਜੀਵਾਂ ਵਿਚ। ਤਾ ਕੀ = ਉਸ ਪ੍ਰਭੂ ਦੀ। ਕਲਿਆਣਾ = ਸੁਖ, ਆਨੰਦ। ਕਉ = ਨੂੰ, ਤੋਂ। ਸਦ = ਸਦਾ।੧।
ਅਰਥ: ਹੇ ਭਾਈ! ਗੁਰੂ ਮਹਾ ਪੁਰਖ ਹੀ ਮੇਰਾ (ਅਸਲ) ਸੱਜਣ ਹੈ, ਉਸ (ਗੁਰੂ) ਤੋਂ ਬਿਨਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ (ਜੋ ਮੈਨੂੰ ਪਰਮਾਤਮਾ ਦੀ ਸੂਝ ਦੇ ਸਕੇ) । ਹੇ ਭਾਈ! ਗੁਰੂ ਮੈਨੂੰ) ਮਨ ਵਿਚ (ਇਉਂ) ਪਿਆਰਾ ਲੱਗ ਰਿਹਾ ਹੈ (ਜਿਵੇਂ) ਮਾਂ, ਪਿਉ, ਪੁੱਤਰ, ਸਨਬੰਧੀ, ਜਿੰਦ, ਪ੍ਰਾਣ (ਪਿਆਰੇ ਲੱਗਦੇ ਹਨ) ।
ਹੇ ਭਾਈ! ਗੁਰੂ ਨੇ ਹੀ ਇਹ ਸੂਝ ਬਖ਼ਸ਼ੀ ਹੈ ਕਿ) ਜਿੰਦ ਸਰੀਰ ਸਭ ਕੁਝ ਉਸ (ਪਰਮਾਤਮਾ) ਦਾ ਦਿੱਤਾ ਹੋਇਆ ਹੈ, (ਉਹ ਪਰਮਾਤਮਾ) ਸਾਰੇ ਗੁਣਾਂ ਨਾਲ ਭਰਪੂਰ ਹੈ। (ਗੁਰੂ ਨੇ ਹੀ ਮਤਿ ਦਿੱਤੀ ਹੈ ਕਿ) ਹਰੇਕ ਦੇ ਦਿਲ ਦੀ ਜਾਣਨ ਵਾਲਾ ਮੇਰਾ ਉਹ ਪ੍ਰਭੂ ਸਭ ਥਾਈਂ ਵਿਆਪਕ ਹੈ। ਉਸ ਦੀ ਸਰਨ ਪਿਆਂ ਸਾਰੇ ਸੁਖ ਆਨੰਦ ਮਿਲਦੇ ਹਨ।
ਹੇ ਨਾਨਕ! ਆਖ-ਗੁਰੂ ਦੀ ਕਿਰਪਾ ਨਾਲ ਹੀ) ਮੈਂ ਪਰਮਾਤਮਾ ਤੋਂ ਸਦਾ ਹੀ ਸਦਾ ਹੀ ਸਦਾ ਹੀ ਸਦਕੇ ਕੁਰਬਾਨ ਜਾਂਦਾ ਹਾਂ।੧।