ਐਤਵਾਰ 6 ਮਈ 2018 (23 ਵੈਸਾਖ ਸੰਮਤ 550 ਨਾਨਕਸ਼ਾਹੀ)
ਸੂਹੀ ਮਹਲਾ ੪ ਘਰੁ ੫ ੴ ਸਤਿਗੁਰ ਪ੍ਰਸਾਦਿ ॥ ਗੁਰੁ ਸੰਤ ਜਨੋ ਪਿਆਰਾ ਮੈ ਮਿਲਿਆ ਮੇਰੀ ਤ੍ਰਿਸਨਾ ਬੁਝਿ ਗਈਆਸੇ ॥ ਹਉ ਮਨੁ ਤਨੁ ਦੇਵਾ ਸਤਿਗੁਰੈ ਮੈ ਮੇਲੇ ਪ੍ਰਭ ਗੁਣਤਾਸੇ ॥ ਧਨੁ ਧੰਨੁ ਗੁਰੂ ਵਡ ਪੁਰਖੁ ਹੈ ਮੈ ਦਸੇ ਹਰਿ ਸਾਬਾਸੇ ॥ ਵਡਭਾਗੀ ਹਰਿ ਪਾਇਆ ਜਨ ਨਾਨਕ ਨਾਮਿ ਵਿਗਾਸੇ ॥੧॥ {ਅੰਗ 776}
ਪਦਅਰਥ: ਸੰਤ ਜਨੋ = ਹੇ ਸੰਤ ਜਨੋ! ਮੈ = ਮੈਨੂੰ। ਬੁਝਿ ਗਈਆਸੇ = ਬੁਝਿ ਗਈਆ, ਬੁੱਝ ਗਈ ਹੈ। ਹਉ = ਹਉਂ, ਮੈਂ। ਦੇਵਾ = ਦੇਵਾਂ, ਮੈਂ ਭੇਟ ਕਰਦਾ ਹਾਂ। ਦੇਵਾ ਸਤਿਗੁਰੈ = ਸਤਿਗੁਰੂ ਨੂੰ ਦੇਂਦਾ ਹਾਂ। ਗੁਣਤਾਸੇ = ਗੁਣ = ਤਾਸ, ਗੁਣਾਂ ਦਾ ਖ਼ਜ਼ਾਨਾ। ਧਨੁ ਧੰਨੁ = ਸਲਾਹੁਣ = ਜੋਗ। ਵਡ ਪੁਰਖੁ = ਮਹਾ ਪੁਰਖ। ਦਸੇ ਹਰਿ = ਦੱਸੇ ਹਰਿ, ਹਰੀ ਦੀ ਦੱਸ ਪਾਂਦਾ ਹੈ। ਸਾਬਾਸੇ = ਗੁਰੂ ਨੂੰ ਸ਼ਾਬਾਸ਼। ਵਡਭਾਗੀ = ਵੱਡੇ ਭਾਗਾਂ ਨਾਲ। ਨਾਮਿ = ਨਾਮ ਵਿਚ (ਜੁੜ ਕੇ) । ਵਿਗਾਸੇ = ਖਿੜ ਗਏ, ਆਤਮਕ ਆਨੰਦ ਨਾਲ ਭਰਪੂਰ ਹੋ ਗਏ।੧।
ਅਰਥ: ਹੇ ਸੰਤ ਜਨੋ! ਮੈਨੂੰ ਪਿਆਰਾ ਗੁਰੂ ਮਿਲ ਪਿਆ ਹੈ (ਉਸ ਦੀ ਮਿਹਰ ਨਾਲ) ਮੇਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਗਈ ਹੈ। (ਗੁਰੂ) ਮੈਨੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨਾਲ ਮਿਲਾ ਰਿਹਾ ਹੈ, ਮੈਂ ਆਪਣਾ ਮਨ ਆਪਣਾ ਤਨ ਗੁਰੂ ਦੇ ਅੱਗੇ ਭੇਟ ਧਰਦਾ ਹਾਂ।
ਹੇ ਭਾਈ! ਗੁਰੂ ਸਲਾਹੁਣ-ਜੋਗ ਹੈ, ਗੁਰੂ ਮਹਾ ਪੁਰਖ ਹੈ, ਗੁਰੂ ਨੂੰ ਸ਼ਾਬਾਸ਼। ਗੁਰੂ ਮੈਨੂੰ ਪਰਮਾਤਮਾ ਦੀ ਦੱਸ ਪਾ ਰਿਹਾ ਹੈ। ਹੇ ਦਾਸ ਨਾਨਕ! ਜਿਨ੍ਹਾਂ ਨੂੰ ਪਰਮਾਤਮਾ ਵੱਡੇ ਭਾਗਾਂ ਨਾਲ ਮਿਲ ਪੈਂਦਾ ਹੈ, (ਉਹ ਮਨੁੱਖ ਪਰਮਾਤਮਾ ਦੇ) ਨਾਮ ਵਿਚ ਜੁੜ ਕੇ ਆਤਮਕ ਆਨੰਦ ਨਾਲ ਭਰਪੂਰ ਹੋ ਜਾਂਦੇ ਹਨ।੧।