ਸਨਿੱਚਰਵਾਰ 1 ਜੂਨ 2019 (18 ਜੇਠ ਸੰਮਤ 551 ਨਾਨਕਸ਼ਾਹੀ)
ਬਿਲਾਵਲੁ ਮਹਲਾ ੪ ॥ ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਕਥਾ ਕਰਹੁ ॥ ਹਰਿ ਹਰਿ ਨਾਮੁ ਬੋਹਿਥੁ ਹੈ ਕਲਜੁਗਿ ਖੇਵਟੁ ਗੁਰ ਸਬਦਿ ਤਰਹੁ ॥੧॥ ਮੇਰੇ ਮਨ ਹਰਿ ਗੁਣ ਹਰਿ ਉਚਰਹੁ ॥ ਮਸਤਕਿ ਲਿਖਤ ਲਿਖੇ ਗੁਨ ਗਾਏ ਮਿਲਿ ਸੰਗਤਿ ਪਾਰਿ ਪਰਹੁ ॥੧॥ ਰਹਾਉ ॥ਕਾਇਆ ਨਗਰ ਮਹਿ ਰਾਮ ਰਸੁ ਊਤਮੁ ਕਿਉ ਪਾਈਐ ਉਪਦੇਸੁ ਜਨ ਕਰਹੁ ॥ ਸਤਿਗੁਰੁ ਸੇਵਿ ਸਫਲ ਹਰਿ ਦਰਸਨੁ ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ ॥੨॥ ਹਰਿ ਹਰਿ ਨਾਮੁ ਅੰਮ੍ਰਿਤੁ ਹਰਿ ਮੀਠਾ ਹਰਿ ਸੰਤਹੁ ਚਾਖਿ ਦਿਖਹੁ ॥ ਗੁਰਮਤਿ ਹਰਿ ਰਸੁ ਮੀਠਾ ਲਾਗਾ ਤਿਨ ਬਿਸਰੇ ਸਭਿ ਬਿਖ ਰਸਹੁ ॥੩॥ ਰਾਮ ਨਾਮੁ ਰਸੁ ਰਾਮ ਰਸਾਇਣੁ ਹਰਿ ਸੇਵਹੁ ਸੰਤ ਜਨਹੁ ॥ ਚਾਰਿ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ ॥੪॥੪॥ {ਪੰਨਾ 799-800}
ਪਦਅਰਥ: ਸੰਤ = ਹੇ ਸੰਤ ਜਨੋ! ਭਾਈ = ਹੇ ਭਰਾਵੋ! ਮਿਲਿ = ਮਿਲ ਕੇ, ਰਲ ਕੇ। ਕਥਾ = ਸਿਫ਼ਤਿ-ਸਾਲਾਹ ਦੀਆਂ ਗੱਲਾਂ। ਬੋਹਿਥੁ = ਜਹਾਜ਼। ਕਲਜੁਗਿ = ਕਲਜੁਗ ਵਿਚ, ਕਲਹ = ਭਰੇ ਸੰਸਾਰ ਵਿਚ {ਨੋਟ:ਇਥੇ ਜੁਗਾਂ ਦੀ ਵੰਡ ਦਾ ਜ਼ਿਕਰ ਨਹੀਂ। ਕਲਜੁਗ ਦੇ ਜ਼ਮਾਨੇ ਵਿਚ ਆ ਕੇ ਸਾਧਾਰਨ ਤੌਰ ਤੇ ਆਪਣੇ ਸਮੇ ਦਾ ਜ਼ਿਕਰ ਕਰ ਰਹੇ ਹਨ। ਗੁਰੂ = ਆਸ਼ੇ ਅਨੁਸਾਰ ਕੋਈ ਇਕ ਜੁਗ ਕਿਸੇ ਦੂਸਰੇ ਜੁਗ ਨਾਲੋਂ ਵਧੀਆ ਜਾਂ ਘਟੀਆ ਨਹੀਂ ਹੈ}। ਖੇਵਟੁ = ਮਲਾਹ। ਸਬਦਿ = ਸ਼ਬਦ ਦੀ ਰਾਹੀਂ।੧।ਉਚਰਹੁ = ਉਚਾਰਨ ਕਰੋ। ਮਸਤਕਿ = ਮੱਥੇ ਉੱਤੇ। ਪਾਰਿ ਪਰਹੁ = ਪਾਰ ਲੰਘੋ।੧।ਰਹਾਉ।ਕਾਇਆ = ਸਰੀਰ। ਊਤਮੁ = ਸ੍ਰੇਸ਼ਟ, ਸਭ ਤੋਂ ਵਧੀਆ। ਜਨ = ਹੇ ਸੰਤ ਜਨੋ! ਸੇਵਿ = ਸੇਵਾ ਕਰ ਕੇ, ਸਰਨ ਪੈ ਕੇ। ਸਫਲ = ਫਲ ਦੇਣ ਵਾਲਾ, ਆਤਮਕ ਜੀਵਨ = ਰੂਪ ਫਲ ਦੇਣ ਵਾਲਾ। ਮਿਲਿ = (ਗੁਰੂ ਨੂੰ) ਮਿਲ ਕੇ।੨।ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਚਾਖਿ = ਚੱਖ ਕੇ। ਦਿਖਹੁ = ਦੇਖ ਲਵੋ। ਤਿਨ੍ਹ੍ਹ = ਉਹਨਾਂ ਨੂੰ। ਸਭਿ ਬਿਖ ਰਸਹੁ = ਸਾਰੇ ਜ਼ਹਿਰ = ਰਸ, ਸਾਰੇ ਉਹ ਰਸ ਜੋ ਆਤਮਕ ਜੀਵਨ ਲਈ ਜ਼ਹਿਰ ਹਨ।੩।ਰਸਾਇਣੁ = {ਰਸ = ਅਯਨ} ਰਸਾਂ ਦਾ ਘਰ, ਸ੍ਰੇਸ਼ਟ ਰਸ। ਚਾਰੇ = ਚਾਰ ਹੀ। ਚਾਰਿ ਪਦਾਰਥ = (ਧਰਮ, ਅਰਥ, ਕਾਮ, ਮੋਖ) ।
ਅਰਥ: ਹੇ ਮੇਰੇ ਮਨ! ਸਦਾ ਪਰਮਾਤਮਾ ਦੇ ਗੁਣ ਯਾਦ ਕਰਦਾ ਰਹੁ। ਜਿਸ ਮਨੁੱਖ ਦੇ ਮੱਥੇ ਉੱਤੇ ਲਿਖੇ ਚੰਗੇ ਭਾਗ ਜਾਗਦੇ ਹਨ ਉਹ ਪ੍ਰਭੂ ਦੇ ਗੁਣ ਗਾਂਦਾ ਹੈ। (ਹੇ ਮਨ! ਤੂੰ ਭੀ) ਸਾਧ ਸੰਗਤਿ ਵਿਚ ਮਿਲ ਕੇ (ਗੁਣ ਗਾ ਅਤੇ ਸੰਸਾਰ-ਸਮੁੰਦਰ ਤੋਂ) ਪਾਰ ਲੰਘ।੧।ਰਹਾਉ।ਹੇ ਸੰਤ ਜਨੋ! ਹੇ ਭਰਾਵੋ! ਸਾਧ-ਸੰਗਤਿ ਵਿਚ) ਇਕੱਠੇ ਰਲ ਬੈਠੋ, ਅਤੇ ਮਿਲ ਕੇ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੋ। ਇਸ ਕਲਹ-ਭਰੇ ਸੰਸਾਰ ਵਿਚ ਪਰਮਾਤਮਾ ਦਾ ਨਾਮ (ਮਾਨੋ) ਜਹਾਜ਼ ਹੈ, (ਗੁਰੂ ਇਸ ਜਹਾਜ਼ ਦਾ) ਮਲਾਹ (ਹੈ, ਤੁਸੀ) ਗੁਰੂ ਦੇ ਸ਼ਬਦ ਵਿਚ ਜੁੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘੋ।੧।(ਸ਼ਹਿਰਾਂ ਵਿਚ ਖਾਣ ਪੀਣ ਲਈ ਕਈ ਕਿਸਮਾਂ ਦੇ ਸੁਆਦਲੇ ਪਦਾਰਥ ਮਿਲਦੇ ਹਨ। ਮਨੁੱਖਾ) ਸਰੀਰ (ਭੀ, ਮਾਨੋ, ਇਕ ਸ਼ਹਿਰ ਹੈ, ਇਸ) ਸ਼ਹਿਰ ਵਿਚ ਪਰਮਾਤਮਾ ਦਾ ਨਾਮ (ਸਭ ਪਦਾਰਥਾਂ ਨਾਲੋਂ) ਵਧੀਆ ਸੁਆਦਲਾ ਪਦਾਰਥ ਹੈ। (ਪਰ) ਹੇ ਸੰਤ ਜਨੋ! ਮੈਨੂੰ) ਸਮਝਾਓ ਕਿ ਇਹ ਕਿਵੇਂ ਹਾਸਲ ਹੋਵੇ। (ਸੰਤ ਜਨ ਇਹੀ ਦੱਸਦੇ ਹਨ ਕਿ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ (ਆਤਮਕ ਜੀਵਨ-) ਫਲ ਦੇਣ ਵਾਲਾ ਦਰਸਨ ਕਰੋ, ਗੁਰੂ ਨੂੰ ਮਿਲ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਰਹੋ।੨।
ਹੇ ਸੰਤ ਜਨੋ! ਬੇ-ਸ਼ੱਕ ਚੱਖ ਕੇ ਵੇਖ ਲਵੋ, ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਮਿੱਠਾ ਜਲ ਹੈ। ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਜਿਨ੍ਹਾਂ ਮਨੁੱਖਾਂ ਨੂੰ ਇਹ ਨਾਮ-ਰਸ ਸੁਆਦਲਾ ਲੱਗਦਾ ਹੈ, ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੇ ਹੋਰ ਸਾਰੇ ਰਸ ਉਹਨਾਂ ਨੂੰ ਭੁੱਲ ਜਾਂਦੇ ਹਨ।੩।ਹੇ ਸੰਤ ਜਨੋ! ਪਰਮਾਤਮਾ ਦਾ ਨਾਮ ਸੁਆਦਲਾ ਪਦਾਰਥ ਹੈ, ਰਸੈਣ ਹੈ, ਸਦਾ ਇਸ ਦਾ ਸੇਵਨ ਕਰਦੇ ਰਹੋ (ਸਦਾ ਇਸ ਨੂੰ ਵਰਤਦੇ ਰਹੋ। ਹੇ ਨਾਨਕ! ਜਗਤ ਵਿਚ ਕੁੱਲ) ਚਾਰ ਪਦਾਰਥ (ਗਿਣੇ ਗਏ ਹਨ, ਨਾਮ-ਰਸੈਣ ਦੀ ਬਰਕਤਿ ਨਾਲ ਇਹ) ਚਾਰੇ ਹੀ ਮਿਲ ਜਾਂਦੇ ਹਨ। (ਇਸ ਵਾਸਤੇ) ਗੁਰੂ ਦੀ ਮਤਿ ਲੈ ਕੇ ਸਦਾ ਹਰਿ-ਨਾਮ ਦਾ ਭਜਨ ਕਰਦੇ ਰਹੋ।੪।੪।