Today’s Hukamnama from State Gurdwara Sahib Kapurthala

66

ਸ਼ੁੱਕਰਵਾਰ 5 ਅਪ੍ਰੈਲ 2019 (23 ਚੇਤ ਸੰਮਤ 551 ਨਾਨਕਸ਼ਾਹੀ)

ਧਨਾਸਰੀ ਮਹਲਾ ੪ ॥ ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥ ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥੧॥ ਬੋਲਹੁ ਭਾਈ ਹਰਿ ਕੀਰਤਿ ਹਰਿ ਭਵਜਲ ਤੀਰਥਿ ॥ ਹਰਿ ਦਰਿ ਤਿਨ ਕੀ ਊਤਮ ਬਾਤ ਹੈ ਸੰਤਹੁ ਹਰਿ ਕਥਾ ਜਿਨ ਜਨਹੁ ਜਾਨੀ ॥ ਰਹਾਉ ॥ ਆਪੇ ਗੁਰੁ ਚੇਲਾ ਹੈ ਆਪੇ ਆਪੇ ਹਰਿ ਪ੍ਰਭੁ ਚੋਜ ਵਿਡਾਨੀ ॥ ਜਨ ਨਾਨਕ ਆਪਿ ਮਿਲਾਏ ਸੋਈ ਹਰਿ ਮਿਲਸੀ ਅਵਰ ਸਭ ਤਿਆਗਿ ਓਹਾ ਹਰਿ ਭਾਨੀ ॥੨॥੫॥੧੧॥ {ਅੰਗ 669}

ਪਦਅਰਥ: ਸਭਿ = ਸਾਰੇ। ਉਤਮ = ਸ੍ਰੇਸ਼ਟ। ਬਾਨੀ = ਗੁਰਬਾਣੀ। ਥਾਇ ਪਾਵੈ = ਥਾਂ ਵਿਚ ਪਾਂਦਾ ਹੈ, ਕਬੂਲ ਕਰਦਾ ਹੈ। ਸਤਿ ਸਤਿ = ਬਿਲਕੁਲ ਠੀਕ। ਕਰਿ = ਕਰ ਕੇ, ਸਮਝ ਕੇ। ਮਾਨੀ = ਮੰਨੀ ਹੈ, ਅਮਲ ਕੀਤਾ ਹੈ।੧।

ਭਾਈ = ਹੇ ਭਾਈ! ਕੀਰਤਿ = ਸਿਫ਼ਤਿ-ਸਾਲਾਹ। ਤੀਰਥਿ = ਤੀਰਥ ਦੀ ਰਾਹੀਂ। ਭਵਜਲ ਤੀਰਥਿ = ਸੰਸਾਰ = ਸਮੁੰਦਰ ਦੇ ਤੀਰਥ ਦੀ ਰਾਹੀਂ, ਸੰਸਾਰ = ਸਮੁੰਦਰ ਤੋਂ ਪਾਰ ਲੰਘਾਣ ਵਾਲੇ ਤੀਰਥ (-ਗੁਰੂ) ਦੀ ਰਾਹੀਂ। ਦਰਿ = ਦਰ ਤੇ। ਬਾਤ = ਗੱਲ, ਸੋਭਾ। ਸੰਤਹੁ = ਹੇ ਸੰਤ ਜਨੋ! ਜਿਨ ਜਨਹੁ = ਜਿਨ੍ਹਾਂ ਮਨੁੱਖਾਂ ਨੇ। ਜਾਨੀ = ਡੂੰਘੀ ਸਾਂਝ ਪਾਈ।ਰਹਾਉ।

ਆਪੇ = (ਪ੍ਰਭੂ) ਆਪ ਹੀ। ਚੋਜ ਵਿਡਾਨੀ = ਅਚਰਜ ਕੌਤਕ ਕਰਨ ਵਾਲਾ। ਸੋਈ = ਉਹੀ ਮਨੁੱਖ। ਮਿਲਸੀ = ਮਿਲੇਗਾ। ਤਿਆਗਿ = ਛੱਡ ਦੇਹ। ਓਹਾ = ਉਹ ਸਿਫ਼ਤਿ-ਸਾਲਾਹ ਹੀ। ਭਾਨੀ = ਚੰਗੀ ਲੱਗਦੀ ਹੈ।੨।

ਅਰਥ: ਹੇ ਭਾਈ! ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲੇ (ਗੁਰੂ-) ਤੀਰਥ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰੋ। ਪਰਮਾਤਮਾ ਦੇ ਦਰ ਤੇ ਉਹਨਾਂ ਮਨੁੱਖਾਂ ਦੀ ਚੰਗੀ ਸੋਭਾ ਹੁੰਦੀ ਹੈ, ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਡੂੰਘੀ ਸਾਂਝ ਪਾਈ ਹੈ।ਰਹਾਉ।

ਹੇ ਭਾਈ! ਸੇਵਕ (ਅਖਵਾਣ ਵਾਲੇ) ਸਿੱਖ (ਅਖਵਾਣ ਵਾਲੇ) ਸਾਰੇ (ਗੁਰੂ-ਦਰ ਤੇ ਪ੍ਰਭੂ ਦੀ) ਪੂਜਾ-ਭਗਤੀ ਕਰਨ ਆਉਂਦੇ ਹਨ, ਅਤੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ ਸ੍ਰੇਸ਼ਟ ਗੁਰਬਾਣੀ ਗਾਂਦੇ ਹਨ। ਪਰ ਪਰਮਾਤਮਾ ਉਹਨਾਂ ਮਨੁੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ ਉਸ ਉਤੇ ਅਮਲ ਕੀਤਾ ਹੈ।੧।

ਹੇ ਭਾਈ! ਪ੍ਰਭੂ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਪ੍ਰਭੂ ਆਪ ਹੀ ਅਚਰਜ ਤਮਾਸ਼ੇ ਕਰਨ ਵਾਲਾ ਹੈ। ਹੇ ਦਾਸ ਨਾਨਕ! ਉਹੀ ਮਨੁੱਖ ਪਰਮਾਤਮਾ ਨੂੰ ਮਿਲ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਮਿਲਾਂਦਾ ਹੈ। ਹੇ ਭਾਈ! ਹੋਰ ਸਾਰਾ (ਆਸਰਾ-ਪਰਨਾ) ਛੱਡ (ਗੁਰੂ ਦੀ ਆਗਿਆ ਵਿਚ ਤੁਰ ਕੇ ਸਿਫ਼ਤਿ-ਸਾਲਾਹ ਕਰਿਆ ਕਰ) ਪ੍ਰਭੂ ਨੂੰ ਉਹ ਸਿਫ਼ਤਿ-ਸਾਲਾਹ ਹੀ ਪਿਆਰੀ ਲੱਗਦੀ ਹੈ।੨।੫।੧੧।