ਸੋਮਵਾਰ 18 ਮਾਰਚ 2019 (5 ਚੇਤ ਸੰਮਤ 551 ਨਾਨਕਸ਼ਾਹੀ)
ਵਡਹੰਸੁ ਮਃ ੩ ॥ ਰੋਵਹਿ ਪਿਰਹਿ ਵਿਛੁੰਨੀਆ ਮੈ ਪਿਰੁ ਸਚੜਾ ਹੈ ਸਦਾ ਨਾਲੇ ॥ ਜਿਨੀ ਚਲਣੁ ਸਹੀ ਜਾਣਿਆ ਸਤਿਗੁਰੁ ਸੇਵਹਿ ਨਾਮੁ ਸਮਾਲੇ ॥ ਸਦਾ ਨਾਮੁ ਸਮਾਲੇ ਸਤਿਗੁਰੁ ਹੈ ਨਾਲੇ ਸਤਿਗੁਰੁ ਸੇਵਿ ਸੁਖੁ ਪਾਇਆ ॥ ਸਬਦੇ ਕਾਲੁ ਮਾਰਿ ਸਚੁ ਉਰਿ ਧਾਰਿ ਫਿਰਿ ਆਵਣ ਜਾਣੁ ਨ ਹੋਇਆ ॥ ਸਚਾ ਸਾਹਿਬੁ ਸਚੀ ਨਾਈ ਵੇਖੈ ਨਦਰਿ ਨਿਹਾਲੇ ॥ ਰੋਵਹਿ ਪਿਰਹੁ ਵਿਛੁੰਨੀਆ ਮੈ ਪਿਰੁ ਸਚੜਾ ਹੈ ਸਦਾ ਨਾਲੇ ॥੧॥ {ਅੰਗ 584}
ਪਦਅਰਥ: ਰੋਵਹਿ = ਦੁਖੀ ਹੁੰਦੀਆਂ ਹਨ। ਪਿਰਹਿ = ਪਿਰ ਤੋਂ, ਪ੍ਰਭੂ = ਪਤੀ ਤੋਂ। ਮੈ ਪਿਰੁ = ਮੇਰਾ ਪ੍ਰਭੂ = ਪਤੀ। ਸਚੜਾ = ਸਦਾ ਜੀਉਂਦਾ = ਜਾਗਦਾ। ਚਲਣੁ = ਕੂਚ, ਮੌਤ। ਸੇਵਹਿ = ਸੇਂਵਦੀਆਂ ਹਨ। ਸਮਾਲੇ = ਸਮਾਲਿ, ਹਿਰਦੇ ਵਿਚ ਵਸਾ ਕੇ। ਸਬਦੇ = ਸਬਦਿ, ਸ਼ਬਦ ਦੀ ਰਾਹੀਂ। ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ। ਮਾਰਿ = ਮਾਰ ਕੇ, ਮੁਕਾ ਕੇ। ਉਰਿ = ਹਿਰਦੇ ਵਿਚ। ਧਾਰਿ = ਰੱਖ ਕੇ। ਸਦਾ = ਸਦਾ ਕਾਇਮ ਰਹਿਣ ਵਾਲਾ। ਸਚੀ = ਸਦਾ ਕਾਇਮ ਰਹਿਣ ਵਾਲੀ। ਨਾਈ = {ਸ੍ਨਾ ਤੋਂ ‘ਅਸਨਾਈ’ ਅਤੇ ‘ਨਾਈ’ ਦੋ ਰੂਪ ਹਨ} ਵਡਿਆਈ। ਨਦਰਿ = ਮੇਹਰ ਦੀ ਨਿਗਾਹ ਨਾਲ। ਨਿਹਾਲੇ = ਵੇਖਦਾ ਹੈ।੧।
ਅਰਥ: ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਜੀਵ-ਇਸਤ੍ਰੀਆਂ ਸਦਾ ਦੁਖੀ ਰਹਿੰਦੀਆਂ ਹਨ (ਉਹ ਨਹੀਂ ਜਾਣਦੀਆਂ ਕਿ) ਮੇਰਾ ਪ੍ਰਭੂ-ਪਤੀ ਸਦਾ ਜੀਊਂਦਾ-ਜਾਗਦਾ ਹੈ, ਤੇ, ਸਦਾ (ਸਾਡੇ) ਨਾਲ ਵੱਸਦਾ ਹੈ। ਹੇ ਭਾਈ! ਜਿਨ੍ਹਾਂ ਜੀਵਾਂ ਨੇ (ਜਗਤ ਤੋਂ ਆਖ਼ਰ) ਚਲੇ ਜਾਣ ਨੂੰ ਠੀਕ ਮੰਨ ਲਿਆ ਹੈ, ਉਹ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ। ਹੇ ਭਾਈ! ਜੇਹੜਾ ਮਨੁੱਖ ਪ੍ਰਭੂ ਦੇ ਨਾਮ ਨੂੰ ਹਿਰਦੇ ਵਿਚ ਸਦਾ ਵਸਾਈ ਰੱਖਦਾ ਹੈ, ਗੁਰੂ ਉਸ ਦੇ ਅੰਗ-ਸੰਗ ਵੱਸਦਾ ਹੈ, ਉਹ ਗੁਰੂ ਦੀ ਦੱਸੀ ਸੇਵਾ ਕਰ ਕੇ ਸੁਖ ਮਾਣਦਾ ਹੈ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੌਤ ਦੇ ਡਰ ਨੂੰ ਦੂਰ ਕਰ ਕੇ ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਸ ਨੂੰ ਮੁੜ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ। ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ, ਉਹ ਮੇਹਰ ਦੀ ਨਿਗਾਹ ਕਰ ਕੇ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ। (ਪਰ) ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਜੀਵ-ਇਸਤ੍ਰੀਆਂ ਸਦਾ ਦੁਖੀ ਰਹਿੰਦੀਆਂ ਹਨ (ਉਹ ਨਹੀਂ ਜਾਣਦੀਆਂ ਕਿ) ਮੇਰਾ ਪ੍ਰਭੂ-ਪਤੀ ਸਦਾ ਜੀਊਂਦਾ-ਜਾਗਦਾ ਹੈ, ਤੇ, ਸਦਾ ਸਾਡੇ ਨਾਲ ਵੱਸਦਾ ਹੈ।੧।
ਪ੍ਰਭੁ ਮੇਰਾ ਸਾਹਿਬੁ ਸਭ ਦੂ ਊਚਾ ਹੈ ਕਿਵ ਮਿਲਾਂ ਪ੍ਰੀਤਮ ਪਿਆਰੇ ॥ ਸਤਿਗੁਰਿ ਮੇਲੀ ਤਾਂ ਸਹਜਿ ਮਿਲੀ ਪਿਰੁ ਰਾਖਿਆ ਉਰ ਧਾਰੇ ॥ ਸਦਾ ਉਰ ਧਾਰੇ ਨੇਹੁ ਨਾਲਿ ਪਿਆਰੇ ਸਤਿਗੁਰ ਤੇ ਪਿਰੁ ਦਿਸੈ ॥ ਮਾਇਆ ਮੋਹ ਕਾ ਕਚਾ ਚੋਲਾ ਤਿਤੁ ਪੈਧੈ ਪਗੁ ਖਿਸੈ ॥ ਪਿਰ ਰੰਗਿ ਰਾਤਾ ਸੋ ਸਚਾ ਚੋਲਾ ਤਿਤੁ ਪੈਧੈ ਤਿਖਾ ਨਿਵਾਰੇ ॥ ਪ੍ਰਭੁ ਮੇਰਾ ਸਾਹਿਬੁ ਸਭ ਦੂ ਊਚਾ ਹੈ ਕਿਉ ਮਿਲਾ ਪ੍ਰੀਤਮ ਪਿਆਰੇ ॥੨॥ {ਪੰਨਾ 584}
ਪਦਅਰਥ: ਸਾਹਿਬੁ = ਮਾਲਕ। ਸਭਦੂ = ਸਭਨਾਂ ਤੋਂ। ਕਿਵ = ਕਿਸ ਤਰ੍ਹਾਂ? ਸਤਿਗੁਰਿ = ਸਤਿਗੁਰੂ ਨੇ। ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ) । ਉਰ = ਹਿਰਦਾ। ਤੇ = ਤੋਂ, ਦੀ ਰਾਹੀਂ। ਦਿਸੈ = ਦਿੱਸਦਾ ਹੈ, ਦਰਸਨ ਹੁੰਦਾ ਹੈ। ਕਚਾ ਚੋਲਾ = ਕੱਚੇ ਰੰਗ ਵਾਲਾ ਚੋਲਾ। ਤਿਤੁ = ਉਸ ਦੀ ਰਾਹੀਂ। ਤਿਤੁ ਪੈਧੈ = ਉਸ ਦੇ ਪਹਿਨਣ ਨਾਲ। ਪਗੁ = ਪੈਰ। ਖਿਸੈ = ਖਿਸਕਦਾ ਹੈ, ਤਿਲਕਦਾ ਹੈ, ਡੋਲਦਾ ਹੈ। ਰੰਗਿ = ਰੰਗ ਵਿਚ। ਰਾਤਾ = ਰੰਗਿਆ ਹੋਇਆ। ਸਚਾ ਚੋਲਾ = ਪੱਕੇ ਰੰਗ ਵਾਲਾ ਚੋਲਾ। ਤਿਖਾ = ਮਾਇਆ ਦੀ ਤ੍ਰਿਸ਼ਨਾ। ਨਿਵਾਰੇ = ਦੂਰ ਕਰ ਦੇਂਦਾ ਹੈ।੨।
ਅਰਥ: ਹੇ ਭਾਈ! ਮੇਰਾ ਮਾਲਕ-ਪ੍ਰਭੂ ਸਭਨਾਂ ਨਾਲੋਂ ਉੱਚਾ ਹੈ (ਪਰ ਮੈਂ ਜੀਵ-ਇਸਤ੍ਰੀ ਬੜੇ ਨੀਵੇਂ ਜੀਵਨ ਵਾਲੀ ਹਾਂ) ਮੈਂ ਉਸ ਪਿਆਰੇ ਪ੍ਰੀਤਮ ਨੂੰ ਕਿਵੇਂ ਮਿਲ ਸਕਦੀ ਹਾਂ? ਜਦੋਂ ਗੁਰੂ ਨੇ (ਕਿਸੇ ਜੀਵ-ਇਸਤ੍ਰੀ ਨੂੰ ਉਸ ਪ੍ਰਭੂ ਵਿਚ) ਮਿਲਾਇਆ, ਤਾਂ ਉਹ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ ਨਾਲ ਮਿਲ ਗਈ ਉਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ। ਉਹ ਜੀਵ-ਇਸਤ੍ਰੀ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦੀ ਹੈ ਉਹ ਸਦਾ ਪਿਆਰੇ ਪ੍ਰਭੂ ਨਾਲ ਪਿਆਰ ਬਣਾਈ ਰੱਖਦੀ ਹੈ। ਹੇ ਭਾਈ! ਗੁਰੂ ਦੀ ਰਾਹੀਂ ਹੀ ਪ੍ਰਭੂ-ਪਤੀ ਦਾ ਦਰਸਨ ਹੁੰਦਾ ਹੈ। ਮਾਇਆ ਦਾ ਮੋਹ, ਮਾਨੋ ਕੱਚੇ ਰੰਗ ਵਾਲਾ ਚੋਲਾ ਹੈ, ਜੇ ਇਹ ਚੋਲਾ ਪਹਿਨੀ ਰੱਖੀਏ, (ਆਤਮਕ ਜੀਵਨ ਦੇ ਪੈਂਡੇ ਵਿਚ ਮਨੁੱਖ ਦਾ) ਪੈਰ ਡੋਲਦਾ ਹੀ ਰਹਿੰਦਾ ਹੈ। ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗਿਆ ਹੋਇਆ ਚੋਲਾ ਪੱਕੇ ਰੰਗ ਵਾਲਾ ਹੈ, ਜੇ ਇਹ ਚੋਲਾ ਪਹਿਨ ਲਈਏ, ਤਾਂ (ਪ੍ਰਭੂ ਦਾ ਪਿਆਰ ਮਨੁੱਖ ਦੇ ਹਿਰਦੇ ਵਿਚੋਂ ਮਾਇਆ ਦੀ) ਤ੍ਰਿਸ਼ਨਾ ਦੂਰ ਕਰ ਦੇਂਦਾ ਹੈ।
ਹੇ ਭਾਈ! ਮੇਰਾ ਮਾਲਕ-ਪ੍ਰਭੂ ਸਭਨਾਂ ਨਾਲੋਂ ਉੱਚਾ ਹੈ (ਪਰ ਮੈਂ ਜੀਵ-ਇਸਤ੍ਰੀ ਬੜੇ ਨੀਵੇਂ ਜੀਵਨ ਵਾਲੀ ਹਾਂ) ਮੈਂ ਉਸ ਪਿਆਰੇ ਪ੍ਰੀਤਮ ਨੂੰ ਕਿਵੇਂ ਮਿਲ ਸਕਦੀ ਹਾਂ?।੨।
ਮੈ ਪ੍ਰਭੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ ॥ ਮੈ ਸਦਾ ਰਾਵੇ ਪਿਰੁ ਆਪਣਾ ਸਚੜੈ ਸਬਦਿ ਵੀਚਾਰੇ ॥ ਸਚੈ ਸਬਦਿ ਵੀਚਾਰੇ ਰੰਗਿ ਰਾਤੀ ਨਾਰੇ ਮਿਲਿ ਸਤਿਗੁਰ ਪ੍ਰੀਤਮੁ ਪਾਇਆ ॥ ਅੰਤਰਿ ਰੰਗਿ ਰਾਤੀ ਸਹਜੇ ਮਾਤੀ ਗਇਆ ਦੁਸਮਨੁ ਦੂਖੁ ਸਬਾਇਆ ॥ ਅਪਨੇ ਗੁਰ ਕੰਉ ਤਨੁ ਮਨੁ ਦੀਜੈ ਤਾਂ ਮਨੁ ਭੀਜੈ ਤ੍ਰਿਸਨਾ ਦੂਖ ਨਿਵਾਰੇ ॥ ਮੈ ਪਿਰੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ ॥੩॥ {ਪੰਨਾ 584}
ਪਦਅਰਥ: ਸਚੁ = ਸਦਾ ਕਾਇਮ ਰਹਿਣ ਵਾਲਾ। ਪਛਾਣਿਆ = ਸਾਂਝ ਪਾਈ। ਅਵਗਣਿਆਰੇ = ਔਗੁਣਾਂ ਨਾਲ ਭਰੀ ਹੋਈ। ਰਾਵੇ = ਆਤਮਕ ਆਨੰਦ ਬਖ਼ਸ਼ਦਾ ਹੈ, ਚਰਨਾਂ ਨਾਲ ਜੋੜੀ ਰੱਖਦਾ ਹੈ। ਸਬਦਿ = ਸ਼ਬਦ ਦੀ ਰਾਹੀਂ।ਵੀਚਾਰੇ = ਵੀਚਾਰਿ, ਵਿਚਾਰ ਕਰ ਕੇ। ਰੰਗਿ = ਪ੍ਰੇਮ = ਰੰਗ ਵਿਚ। ਨਾਰੇ = ਨਾਰਿ, ਜੀਵ = ਇਸਤ੍ਰੀ। ਮਿਲਿ ਸਤਿਗੁਰ = ਗੁਰੂ ਨੂੰ ਮਿਲ ਕੇ। ਸਹਜੇ = ਆਤਮਕ ਅਡੋਲਤਾ ਵਿਚ। ਮਾਤੀ = ਮਸਤ। ਸਬਾਇਆ = ਸਾਰਾ। ਕੰਉ = ਨੂੰ। ਦੀਜੈ = ਦੇ ਦੇਣਾ ਚਾਹੀਦਾ ਹੈ। ਭੀਜੈ = ਭਿੱਜ ਜਾਂਦਾ ਹੈ, ਰਸ ਜਾਂਦਾ ਹੈ।੩।
ਅਰਥ: (ਗੁਰੂ ਨੇ ਮੇਰੇ ਉਤੇ ਮੇਹਰ ਕੀਤੀ, ਤਾਂ) ਮੈਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਸਾਂਝ ਪਾ ਲਈ। ਜਿਸ ਨੂੰ ਗੁਰੂ ਦਾ ਮਿਲਾਪ ਨਸੀਬ ਨਾਹ ਹੋਇਆ ਉਹ ਔਗੁਣਾਂ ਵਿਚ ਫਸੀ ਰਹੀ ਤੇ ਪ੍ਰਭੂ-ਚਰਨਾਂ ਤੋਂ ਖੁੰਝੀ ਰਹੀ। ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਕਰਕੇ ਮੇਰਾ ਪ੍ਰਭੂ-ਪਤੀ ਮੈਨੂੰ ਸਦਾ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ।
ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ ਆਪਣੇ ਮਨ ਵਿਚ ਵਸਾਂਦੀ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਗੁਰੂ ਨੂੰ ਮਿਲ ਕੇ ਉਹ ਪ੍ਰੀਤਮ-ਪ੍ਰਭੂ ਨੂੰ (ਆਪਣੇ ਅੰਦਰ ਹੀ) ਲੱਭ ਲੈਂਦੀ ਹੈ, ਉਹ ਆਪਣੇ ਅੰਤਰ ਆਤਮੇ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗੀ ਰਹਿੰਦੀ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ, (ਵਿਕਾਰ ਆਦਿਕ ਉਸ ਦਾ) ਹਰੇਕ ਵੈਰੀ ਤੇ ਦੁੱਖ ਦੂਰ ਹੋ ਜਾਂਦਾ ਹੈ।
ਹੇ ਭਾਈ! ਇਹ ਸਰੀਰ ਤੇ ਇਹ ਮਨ ਆਪਣੇ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ (ਜਦੋਂ ਤਨ ਮਨ ਗੁਰੂ ਨੂੰ ਦੇ ਦੇਈਏ) ਤਦੋਂ ਮਨ (ਹਰਿ-ਨਾਮ-ਰਸ ਨਾਲ) ਰਸ ਜਾਂਦਾ ਹੈ (ਗੁਰੂ ਮਨੁੱਖ ਦੇ) ਤ੍ਰਿਸ਼ਨਾ ਆਦਿਕ ਦੁੱਖ ਦੂਰ ਕਰ ਦੇਂਦਾ ਹੈ। (ਗੁਰੂ ਨੇ ਮੇਰੇ ਉਤੇ ਮੇਹਰ ਕੀਤੀ, ਤਾਂ) ਮੈਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਸਾਂਝ ਪਾ ਲਈ। ਜਿਸ ਨੂੰ ਗੁਰੂ ਦਾ ਮਿਲਾਪ ਨਸੀਬ ਨਾਹ ਹੋਇਆ ਉਹ ਔਗੁਣਾਂ ਵਿਚ ਫਸੀ ਰਹੀ ਤੇ ਪ੍ਰਭੂ-ਚਰਨਾਂ ਤੋਂ ਖੁੰਝੀ ਰਹੀ।੩।
ਸਚੜੈ ਆਪਿ ਜਗਤੁ ਉਪਾਇਆ ਗੁਰ ਬਿਨੁ ਘੋਰ ਅੰਧਾਰੋ ॥ ਆਪਿ ਮਿਲਾਏ ਆਪਿ ਮਿਲੈ ਆਪੇ ਦੇਇ ਪਿਆਰੋ ॥ ਆਪੇ ਦੇਇ ਪਿਆਰੋ ਸਹਜਿ ਵਾਪਾਰੋ ਗੁਰਮੁਖਿ ਜਨਮੁ ਸਵਾਰੇ ॥ ਧਨੁ ਜਗ ਮਹਿ ਆਇਆ ਆਪੁ ਗਵਾਇਆ ਦਰਿ ਸਾਚੈ ਸਚਿਆਰੋ ॥ ਗਿਆਨਿ ਰਤਨਿ ਘਟਿ ਚਾਨਣੁ ਹੋਆ ਨਾਨਕ ਨਾਮ ਪਿਆਰੋ ॥ ਸਚੜੈ ਆਪਿ ਜਗਤੁ ਉਪਾਇਆ ਗੁਰ ਬਿਨੁ ਘੋਰ ਅੰਧਾਰੋ ॥੪॥੩॥ {ਪੰਨਾ 584}
ਪਦਅਰਥ: ਸਚੜੈ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੇ। ਘੋਰ ਅੰਧਾਰੋ = ਘੋਰ ਅੰਧਾਰੁ, ਘੁੱਪ ਹਨੇਰਾ। ਆਪੇ = ਆਪ ਹੀ। ਦੇਇ = ਦੇਂਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਵਾਪਾਰੋ = ਵਾਪਾਰੁ, ਨਾਮ ਦਾ ਵਣਜ।ਗੁਰਮੁਖਿ = ਗੁਰੂ ਦੀ ਰਾਹੀਂ। ਧਨੁ = ਸਫਲ, ਧੰਨ। ਆਪੁ = ਆਪਾ = ਭਾਵ। ਦਰਿ = ਦਰਿ ਤੇ। ਸਚਿਆਰੋ = ਸੁਰਖ਼ = ਰੂ। ਗਿਆਨਿ = ਗਿਆਨ ਦੀ ਰਾਹੀਂ, ਆਤਮਕ ਜੀਵਨ ਦੀ ਸੂਝ ਦੀ ਰਾਹੀਂ। ਰਤਨਿ = ਰਤਨ ਦੀ ਰਾਹੀਂ। ਘਟਿ = ਹਿਰਦੇ ਵਿਚ। ਨਾਮ ਪਿਆਰੋ = ਨਾਮ ਦਾ ਪਿਆਰ।੪।
ਅਰਥ: ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਆਪ ਇਹ ਜਗਤ ਪੈਦਾ ਕੀਤਾ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਜੀਵ ਨੂੰ (ਇਸ ਵਿਚ ਆਤਮਕ ਜੀਵਨ ਵਲੋਂ) ਘੁੱਪ ਹਨੇਰਾ (ਰਹਿੰਦਾ) ਹੈ। (ਗੁਰੂ ਦੀ ਸਰਨ ਪਾ ਕੇ) ਪਰਮਾਤਮਾ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ, ਆਪ (ਹੀ ਜੀਵ ਨੂੰ) ਮਿਲਦਾ ਹੈ, ਆਪ ਹੀ (ਆਪਣੇ ਚਰਨਾਂ ਦਾ) ਪਿਆਰ ਬਖ਼ਸ਼ਦਾ ਹੈ। ਪ੍ਰਭੂ ਆਪ ਹੀ (ਆਪਣਾ) ਪਿਆਰ ਦੇਂਦਾ ਹੈ, (ਜੀਵ ਨੂੰ) ਆਤਮਕ ਅਡੋਲਤਾ ਵਿਚ ਟਿਕਾ ਕੇ (ਆਪਣੇ ਨਾਮ ਦਾ) ਵਪਾਰ ਕਰਾਂਦਾ ਹੈ, ਤੇ ਗੁਰੂ ਦੀ ਸਰਨ ਪਾ ਕੇ (ਜੀਵ ਦਾ) ਜਨਮ ਸੰਵਾਰਦਾ ਹੈ। (ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦਾ ਹੈ, ਉਸ ਦਾ ਜਗਤ ਵਿਚ ਆਉਣਾ ਸਫਲ ਹੋ ਜਾਂਦਾ ਹੈ, ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋ ਜਾਂਦਾ ਹੈ। ਹੇ ਨਾਨਕ! ਗੁਰੂ ਤੋਂ ਮਿਲੇ) ਗਿਆਨ-ਰਤਨ ਦੀ ਬਰਕਤਿ ਨਾਲ ਉਸ ਦੇ ਹਿਰਦੇ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ। ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਆਪ ਇਹ ਜਗਤ ਪੈਦਾ ਕੀਤਾ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ (ਜੀਵ ਨੂੰ ਇਸ ਵਿਚ ਆਤਮਕ ਜੀਵਨ ਵਲੋਂ) ਘੁੱਪ ਹਨੇਰਾ ਬਣਿਆ ਰਹਿੰਦਾ ਹੈ।੪।੩।