ਸਨਿੱਚਰਵਾਰ 2 ਮਾਰਚ 2019 (18 ਫੱਗਣ ਸੰਮਤ 550 ਨਾਨਕਸ਼ਾਹੀ)
ਵਡਹੰਸੁ ਮਹਲਾ ੧ ॥ ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾਂ ॥ ਰੋਵਹ ਬਿਰਹਾ ਤਨ ਕਾ ਆਪਣਾ ਸਾਹਿਬੁ ਸੰਮ੍ਹ੍ਹਾਲੇਹਾਂ ॥ ਸਾਹਿਬੁ ਸਮ੍ਹ੍ਹਾਲਿਹ ਪੰਥੁ ਨਿਹਾਲਿਹ ਅਸਾ ਭਿ ਓਥੈ ਜਾਣਾ ॥ ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਿਸੈ ਕਾ ਭਾਣਾ ॥ ਜੋ ਤਿਨਿ ਕਰਿ ਪਾਇਆ ਸੁ ਆਗੈ ਆਇਆ ਅਸੀ ਕਿ ਹੁਕਮੁ ਕਰੇਹਾ ॥ ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾ ॥੧॥ ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ ॥ ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ ॥ ਪੰਥਿ ਸੁਹੇਲੈ ਜਾਵਹੁ ਤਾਂ ਫਲੁ ਪਾਵਹੁ ਆਗੈ ਮਿਲੈ ਵਡਾਈ ॥ ਭੇਟੈ ਸਿਉ ਜਾਵਹੁ ਸਚਿ ਸਮਾਵਹੁ ਤਾਂ ਪਤਿ ਲੇਖੈ ਪਾਈ ॥ ਮਹਲੀ ਜਾਇ ਪਾਵਹੁ ਖਸਮੈ ਭਾਵਹੁ ਰੰਗ ਸਿਉ ਰਲੀਆ ਮਾਣੈ ॥ ਮਰਣੁ ਨ ਮੰਦਾ ਲੋਕਾ ਆਖੀਐ ਜੇ ਕੋਈ ਮਰਿ ਜਾਣੈ ॥੨॥ ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥ ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ ॥ ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ ਆਗੈ ਦੂਖੁ ਨ ਲਾਗੈ ॥ ਕਰਿ ਏਕੁ ਧਿਆਵਹਿ ਤਾਂ ਫਲੁ ਪਾਵਹਿ ਜਿਤੁ ਸੇਵਿਐ ਭਉ ਭਾਗੈ ॥ ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਜਾਣੋ ॥ ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ ॥੩॥ ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ ॥ ਕੀਤਾ ਵੇਖੈ ਸਾਹਿਬੁ ਆਪਣਾ ਕੁਦਰਤਿ ਕਰੇ ਬੀਚਾਰੋ ॥ ਕੁਦਰਤਿ ਬੀਚਾਰੇ ਧਾਰਣ ਧਾਰੇ ਜਿਨਿ ਕੀਆ ਸੋ ਜਾਣੈ ॥ ਆਪੇ ਵੇਖੈ ਆਪੇ ਬੂਝੈ ਆਪੇ ਹੁਕਮੁ ਪਛਾਣੈ ॥ ਜਿਨਿ ਕਿਛੁ ਕੀਆ ਸੋਈ ਜਾਣੈ ਤਾ ਕਾ ਰੂਪੁ ਅਪਾਰੋ ॥ ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ ॥੪॥੨॥ {ਪੰਨਾ 579-580}
ਪਦਅਰਥ: ਲਏਹਾਂ = ਅਸੀ ਲਈਏ। ਸਚੜਾ = ਸਦਾ-ਥਿਰ ਰਹਿਣ ਵਾਲਾ। ਰੋਵਹ = ਅਸੀ ਰੋਵੀਏ, ਅਸੀ ਅਫ਼ਸੋਸ ਕਰੀਏ। ਬਿਰਹਾ = ਵਿਛੋੜਾ। ਤਨ = ਸਰੀਰ। ਸਮ੍ਹ੍ਹਾਲਿਹ = ਅਸੀ ਯਾਦ ਕਰੀਏ। ਪੰਥੁ = ਰਸਤਾ। ਨਿਹਾਲਿਹ = ਅਸੀ ਵੇਖੀਏ। ਕੀਆ = ਪੈਦਾ ਕੀਤਾ। ਲੀਆ = ਵਾਪਸ ਲੈ ਲਿਆ। ਭਾਣਾ = ਰਜ਼ਾ। ਤਿਨਿ = ਉਸ ਜੀਵ ਨੇ।੧।
ਲੋਕਾ = ਹੇ ਲੋਕੋ! ਐਸਾ = ਅਜੇਹੀ ਮੌਤ। ਸੰਮ੍ਰਥੁ = ਸਭ ਤਾਕਤਾਂ ਵਾਲਾ। ਸੁਹੇਲਾ = ਸੌਖਾ। ਪੰਥਿ ਸੁਹੇਲੈ = ਸੌਖੇ ਰਸਤੇ ਉਤੇ। ਆਗੈ = ਪ੍ਰਭੂ ਦੀ ਹਜ਼ੂਰੀ ਵਿਚ। ਵਡਾਈ = ਇੱਜ਼ਤ। ਭੇਟੈ ਸਿਉ = (ਨਾਮ ਦੀ) ਭੇਟਾ ਲੈ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ। ਲੇਖੈ = ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ। ਮਹਲੀ = ਹਜ਼ੂਰੀ ਵਿਚ। ਰੰਗ ਸਿਉ = ਪ੍ਰੇਮ ਨਾਲ।੨।
ਹਕੁ = ਬਰ = ਹੱਕ, ਪਰਵਾਨ। ਜੋ = ਜੇਹੜੇ। ਸੂਰੇ = ਸੂਰਮੇ। ਮਾਣੋ = ਇੱਜ਼ਤ। ਪਤਿ = ਇੱਜ਼ਤ। ਕਰਿ = ਕਰ ਕੇ, ਮੰਨ ਕੇ। ਊਚਾ = ਅਹੰਕਾਰ = ਭਰੀ ਗੱਲ। ਜਾਣੋ = ਜਾਣਨਹਾਰ ਪ੍ਰਭੂ।੩।
ਬਾਜੀ = ਖੇਡ। ਵੇਖੈ = ਸੰਭਾਲ ਕਰਦਾ ਹੈ। ਕੁਦਰਤਿ = ਰਚੀ ਸ੍ਰਿਸ਼ਟੀ। ਧਾਰਣ ਧਾਰੇ = ਆਸਰਾ ਦੇਂਦਾ ਹੈ।੪।
ਅਰਥ: ਹੇ ਸਹੇਲੀਹੋ! ਹੇ ਸਤਸੰਗੀ ਸੱਜਣੋ!) ਆਓ, ਰਲ ਕੇ ਬੈਠੀਏ ਤੇ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸਿਮਰੀਏ। ਆਓ, ਪ੍ਰਭੂ ਤੋਂ ਆਪਣੇ ਵਿਛੋੜੇ ਦਾ ਮੁੜ ਮੁੜ ਅਫ਼ਸੋਸ ਨਾਲ ਚੇਤਾ ਕਰੀਏ, (ਉਹ ਵਿਛੋੜਾ ਦੂਰ ਕਰਨ ਲਈ) ਮਾਲਕ-ਪ੍ਰਭੂ ਨੂੰ ਯਾਦ ਕਰੀਏ। ਆਓ, ਅਸੀ ਮਾਲਕ ਨੂੰ ਹਿਰਦੇ ਵਿਚ ਵਸਾਈਏ, ਤੇ ਉਸ ਰਸਤੇ ਨੂੰ ਤੱਕੀਏ (ਜਿਸ ਰਸਤੇ ਸਭ ਜਾ ਰਹੇ ਹਨ) । ਅਸਾਂ ਭੀ (ਆਖ਼ਿਰ) ਉਸ ਪਰਲੋਕ ਵਿਚ ਜਾਣਾ ਹੈ (ਜਿਥੇ ਅਨੇਕਾਂ ਜਾ ਚੁਕੇ ਹਨ) । (ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ) ਜਿਸ ਪ੍ਰਭੂ ਦਾ ਇਹ ਪੈਦਾ ਕੀਤਾ ਹੋਇਆ ਸੀ, ਉਸੇ ਨੇ ਜਿੰਦ ਵਾਪਸ ਲੈ ਲਈ ਹੈ, ਉਸੇ ਦੀ ਰਜ਼ਾ ਹੋਈ ਹੈ। ਇਥੇ ਜਗਤ ਵਿਚ ਜੀਵ ਨੇ ਜੋ ਕੁਝ ਕੀਤਾ, (ਮਰਨ ਤੇ) ਉਸ ਦੇ ਅੱਗੇ ਆ ਜਾਂਦਾ ਹੈ। (ਇਸ ਰੱਬੀ ਨਿਯਮ ਅੱਗੇ) ਸਾਡਾ ਕੋਈ ਜ਼ੋਰ ਨਹੀਂ ਚੜ੍ਹ ਸਕਦਾ।
(ਇਸ ਵਾਸਤੇ) ਹੇ ਸਹੇਲੀਹੋ! ਆਓ, ਰਲ ਕੇ ਬੈਠੀਏ ਤੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰੀਏ।੧।
ਹੇ ਲੋਕੋ! ਮੌਤ ਨੂੰ ਮਾੜਾ ਨਾਹ ਆਖੋ (ਮੌਤ ਚੰਗੀ ਹੈ, ਪਰ ਤਦੋਂ ਹੀ) ਜੇ ਕੋਈ ਮਨੁੱਖ ਉਸ ਤਰੀਕੇ ਨਾਲ (ਜਿਊ ਕੇ) ਮਰਨਾ ਜਾਣਦਾ ਹੋਵੇ। (ਉਹ ਤਰੀਕਾ ਇਹ ਹੈ ਕਿ) ਆਪਣੇ ਸਰਬ-ਸ਼ਕਤੀਵਾਨ ਮਾਲਕ ਨੂੰ ਸਿਮਰੋ, (ਤਾਂ ਕਿ ਜੀਵਨ ਦੇ ਸਫ਼ਰ ਵਿਚ) ਰਸਤਾ ਸੌਖਾ ਹੋ ਜਾਏ (ਸਿਮਰਨ ਦੀ ਬਰਕਤਿ ਨਾਲ) ਸੌਖੇ ਜੀਵਨ-ਰਸਤੇ ਤੁਰੋਗੇ ਤਾਂ ਇਸ ਦਾ ਫਲ ਭੀ ਮਿਲੇਗਾ ਤੇ ਪ੍ਰਭੂ ਹੀ ਹਜ਼ੂਰੀ ਵਿਚ ਇੱਜ਼ਤ ਮਿਲੇਗੀ। ਜੇ ਪ੍ਰਭੂ ਦੇ ਨਾਮ ਦੀ ਭੇਟਾ ਲੈ ਕੇ ਜਾਵੋਗੇ ਤਾਂ ਉਸ ਸਦਾ-ਥਿਰ ਪ੍ਰਭੂ ਵਿਚ ਇਕ-ਰੂਪ ਹੋ ਜਾਵੋਗੇ, ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਇੱਜ਼ਤ ਮਿਲੇਗੀ, ਪ੍ਰਭੂ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰੋਗੇ, ਤੇ ਖਸਮ-ਪ੍ਰਭੂ ਨੂੰ ਚੰਗੇ ਲੱਗੋਗੇ। (ਜੇਹੜਾ ਜੀਵ ਇਹ ਭੇਟਾ ਲੈ ਕੇ ਜਾਂਦਾ ਹੈ ਉਹ) ਪ੍ਰੇਮ ਨਾਲ ਆਤਮਕ ਆਨੰਦ ਮਾਣਦਾ ਹੈ।
ਹੇ ਲੋਕੋ! ਮੌਤ ਨੂੰ ਮਾੜਾ ਨਾਹ ਆਖੋ (ਪਰ ਇਸ ਗੱਲ ਨੂੰ ਉਹੀ ਸਮਝਦਾ ਹੈ) ਜੇਹੜਾ ਇਸ ਤਰ੍ਹਾਂ ਮਰਨਾ ਜਾਣਦਾ ਹੋਵੇ।੨।
ਜੇਹੜੇ ਮਨੁੱਖ (ਜੀਊਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿਚ) ਕਬੂਲ ਹੋ ਕੇ ਮਰਦੇ ਹਨ ਉਹ ਸੂਰਮੇ ਹਨ ਉਹਨਾਂ ਦਾ ਮਰਨਾ ਭੀ (ਲੋਕ ਪਰਲੋਕ ਵਿਚ) ਸਲਾਹਿਆ ਜਾਂਦਾ ਹੈ। ਪ੍ਰਭੂ ਦੀ ਹਜ਼ੂਰੀ ਵਿਚ ਉਹੀ ਬੰਦੇ ਸੂਰਮੇ ਆਖੇ ਜਾਂਦੇ ਹਨ, ਉਹ ਬੰਦੇ ਸਦਾ-ਥਿਰ ਪ੍ਰਭੂ ਦੀ ਦਰਗਾਹ ਵਿਚ ਆਦਰ ਪਾਂਦੇ ਹਨ। ਉਹ ਦਰਗਾਹ ਵਿਚ ਇੱਜ਼ਤ ਪਾਂਦੇ ਹਨ, ਇੱਜ਼ਤ ਨਾਲ (ਇਥੋਂ) ਜਾਂਦੇ ਹਨ ਤੇ ਅਗਾਂਹ ਪਰਲੋਕ ਵਿਚ ਉਹਨਾਂ ਨੂੰ ਕੋਈ ਦੁੱਖ ਨਹੀਂ ਵਿਆਪਦਾ। ਉਹ ਬੰਦੇ ਪਰਮਾਤਮਾ ਨੂੰ (ਹਰ ਥਾਂ) ਵਿਆਪਕ ਜਾਣ ਕੇ ਸਿਮਰਦੇ ਹਨ, ਉਸ ਪ੍ਰਭੂ ਦੇ ਦਰ ਤੋਂ ਫਲ ਪ੍ਰਾਪਤ ਕਰਦੇ ਹਨ ਜਿਸ ਦਾ ਸਿਮਰਨ ਕੀਤਿਆਂ (ਹਰੇਕ ਕਿਸਮ ਦਾ) ਡਰ ਦੂਰ ਹੋ ਜਾਂਦਾ ਹੈ।
(ਹੇ ਭਾਈ!) ਅਹੰਕਾਰ ਦਾ ਬੋਲ ਨਹੀਂ ਬੋਲਣਾ ਚਾਹੀਦਾ, ਆਪਣੇ ਆਪ ਨੂੰ ਕਾਬੂ ਵਿਚ ਰੱਖਣਾ ਚਾਹੀਦਾ ਹੈ, ਉਹ ਅੰਤਰਜਾਮੀ ਪ੍ਰਭੂ ਹਰੇਕ ਦੇ ਦਿਲ ਦੀ ਆਪ ਹੀ ਜਾਣਦਾ ਹੈ।
ਜੇਹੜੇ ਮਨੁੱਖ (ਜੀਊਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿਚ) ਕਬੂਲ ਹੋ ਕੇ ਮਰਦੇ ਹਨ ਉਹ ਸੂਰਮੇ ਹਨ, ਉਹਨਾਂ ਦਾ ਮਰਨਾ (ਲੋਕ ਪਰਲੋਕ ਵਿਚ) ਸਲਾਹਿਆ ਜਾਂਦਾ ਹੈ।੩।
ਹੇ ਨਾਨਕ! ਆਖ-) ਹੇ ਭਾਈ! ਇਹ ਜਗਤ ਇਕ ਖੇਡ ਹੈ (ਖੇਡ ਬਣਦੀ ਢਹਿੰਦੀ ਹੀ ਰਹਿੰਦੀ ਹੈ) ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ। ਮਾਲਕ-ਪ੍ਰਭੂ ਆਪਣੇ ਪੈਦਾ ਕੀਤੇ ਜਗਤ ਦੀ ਆਪ ਸੰਭਾਲ ਕਰਦਾ ਹੈ, ਆਪਣੀ ਰਚੀ ਰਚਨਾ ਦਾ ਆਪ ਧਿਆਨ ਰੱਖਦਾ ਹੈ। ਪ੍ਰਭੂ ਆਪਣੀ ਰਚੀ ਰਚਨਾ ਦਾ ਖ਼ਿਆਲ ਰੱਖਦਾ ਹੈ, ਇਸ ਨੂੰ ਆਸਰਾ-ਸਹਾਰਾ ਦੇਂਦਾ ਹੈ, ਜਿਸ ਨੇ ਜਗਤ ਰਚਿਆ ਹੈ ਉਹੀ ਇਸ ਦੀਆਂ ਲੋੜਾਂ ਭੀ ਜਾਣਦਾ ਹੈ। ਪ੍ਰਭੂ ਆਪ ਹੀ ਸਭ ਦੇ ਕੀਤੇ ਕਰਮਾਂ ਨੂੰ ਵੇਖਦਾ ਹੈ, ਆਪ ਹੀ ਸਭ ਦੇ ਦਿਲਾਂ ਦੀ ਸਮਝਦਾ ਹੈ, ਆਪ ਹੀ ਆਪਣੇ ਹੁਕਮ ਨੂੰ ਪਛਾਣਦਾ ਹੈ (ਕਿ ਕਿਵੇਂ ਇਹ ਹੁਕਮ ਜਗਤ ਵਿਚ ਵਰਤਿਆ ਜਾਣਾ ਹੈ) ।
ਜਿਸ ਪ੍ਰਭੂ ਨੇ ਇਹ ਜਗਤ-ਰਚਨਾ ਕੀਤੀ ਹੋਈ ਹੈ ਉਹੀ ਇਸ ਦੀਆਂ ਲੋੜਾਂ ਜਾਣਦਾ ਹੈ। ਉਸ ਪ੍ਰਭੂ ਦਾ ਸਰੂਪ ਬੇਅੰਤ ਹੈ।
ਹੇ ਨਾਨਕ! ਆਖ-) ਹੇ ਭਾਈ! ਇਹ ਜਗਤ ਇਕ ਖੇਡ ਹੈ (ਇਥੇ ਜੋ ਘੜਿਆ ਹੈ ਉਸ ਨੇ ਭੱਜਣਾ ਹੈ) ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ।੪।੨।