Today’s Hukamnama from State Gurdwara Sahib Kapurthala

84

ਸ਼ੁੱਕਰਵਾਰ 22 ਫਰਵਰੀ 2019 (10 ਫੱਗਣ ਸੰਮਤ 550 ਨਾਨਕਸ਼ਾਹੀ)

ਸਲੋਕੁ ਮਃ ੩ ॥ ਬਿਨੁ ਸਤਿਗੁਰ ਸੇਵੇ ਜਗਤੁ ਮੁਆ ਬਿਰਥਾ ਜਨਮੁ ਗਵਾਇ ॥ ਦੂਜੈ ਭਾਇ ਅਤਿ ਦੁਖੁ ਲਗਾ ਮਰਿ ਜੰਮੈ ਆਵੈ ਜਾਇ ॥ ਵਿਸਟਾ ਅੰਦਰਿ ਵਾਸੁ ਹੈ ਫਿਰਿ ਫਿਰਿ ਜੂਨੀ ਪਾਇ ॥ ਨਾਨਕ ਬਿਨੁ ਨਾਵੈ ਜਮੁ ਮਾਰਸੀ ਅੰਤਿ ਗਇਆ ਪਛੁਤਾਇ ॥੧॥ {ਅੰਗ 591}

ਅਰਥ: ਸਤਿਗੁਰੂ ਦੇ ਦੱਸੇ ਰਾਹ ਤੇ ਤੁਰਨ ਤੋਂ ਬਿਨਾ ਮਨੁੱਖਾ ਜਨਮ ਵਿਅਰਥ ਗਵਾ ਕੇ ਸੰਸਾਰ ਮੁਇਆ ਹੋਇਆ ਹੈ; ਮਾਇਆ ਦੇ ਪਿਆਰ ਵਿਚ ਭਾਰੀ ਕਲੇਸ਼ ਲੱਗਦਾ ਹੈ ਤੇ (ਇਸੇ ਵਿਚ ਹੀ) ਮਰਦਾ ਹੈ ਫੇਰ ਜੰਮਦਾ ਹੈ, ਆਉਂਦਾ ਹੈ ਫੇਰ ਜਾਂਦਾ ਹੈ; (ਜਦ ਤਾਈਂ ਜੀਊਂਦਾ ਹੈ, ਇਸ ਦਾ ਵਿਕਾਰਾਂ ਦੇ) ਗੰਦ ਵਿਚ ਵਾਸ ਰਹਿੰਦਾ ਹੈ, (ਮੁਇਆਂ) ਪਰਤ ਪਰਤ ਕੇ ਜੂਨਾਂ ਵਿਚ ਪੈਂਦਾ ਹੈ; ਹੇ ਨਾਨਕ! ਅਖ਼ੀਰਲੇ ਵੇਲੇ ਪਛੁਤਾਉਂਦਾ ਹੋਇਆ ਜਾਂਦਾ ਹੈ (ਕਿਉਂਕਿ ਉਸ ਵੇਲੇ ਚੇਤਾ ਆਉਂਦਾ ਹੈ) ਕਿ ਨਾਮ ਤੋਂ ਬਿਨਾ ਜਮ ਸਜ਼ਾ ਦੇਵੇਗਾ।੧।

ਮਃ ੩ ॥ ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥ ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ ॥ {ਪੰਨਾ 592}

ਪਦਅਰਥ: ਪੁਰਖੁ = ਪਤੀ, ਮਰਦ। ਸਗਲੀ = ਸਾਰੀ ਸ੍ਰਿਸ਼ਟੀ। ਸਬਾਈ = ਸਾਰੀ। ਸਭਿ ਘਟ = ਸਾਰੇ ਸਰੀਰ। ਅਲਿਪਤੁ = ਵੱਖਰਾ, ਨਿਰਾਲਾ।

ਅਰਥ: ਇਸ ਸੰਸਾਰ ਵਿਚ ਪਤੀ ਇੱਕੋ ਪਰਮਾਤਮਾ ਹੀ ਹੈ, ਹੋਰ ਸਾਰੀ ਸ੍ਰਿਸ਼ਟੀ (ਉਸ ਦੀਆਂ) ਇਸਤ੍ਰੀਆਂ ਹਨ; ਪਰਮਾਤਮਾ ਪਤੀ ਸਾਰੇ ਘਟਾਂ ਨੂੰ ਭੋਗਦਾ ਹੈ (ਭਾਵ, ਸਾਰੇ ਸਰੀਰਾਂ ਵਿਚ ਵਿਆਪਕ ਹੈ) ਤੇ ਨਿਰਲੇਪ ਭੀ ਹੈ, ਇਸ ਅਲੱਖ ਪ੍ਰਭੂ ਦੀ ਸਮਝ ਨਹੀਂ ਪੈਂਦੀ।

ਪੂਰੈ ਗੁਰਿ ਵੇਖਾਲਿਆ ਸਬਦੇ ਸੋਝੀ ਪਾਈ ॥ ਪੁਰਖੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ ਸਬਦਿ ਜਲਾਈ ॥ {ਪੰਨਾ 592}

ਪਦਅਰਥ: ਗੁਰਿ = ਗੁਰੂ ਨੇ। ਸਬਦੇ = ਗੁਰ = ਸ਼ਬਦ ਦੀ ਰਾਹੀਂ। ਸੇਵਹਿ = ਸਿਮਰਦੇ ਹਨ। ਜਿਨ੍ਹ੍ਹੀ = ਜਿਨ੍ਹਾਂ ਮਨੁੱਖਾਂ ਨੇ। ਜਲਾਈ = ਸਾੜ ਦਿੱਤੀ ਹੈ।

ਅਰਥ: (ਜਿਸ ਮਨੁੱਖ ਨੂੰ) ਪੂਰੇ ਸਤਿਗੁਰੂ ਨੇ (ਉਸ ਅਲੱਖ ਪ੍ਰਭੂ ਦਾ) ਦਰਸ਼ਨ ਕਰਾ ਦਿੱਤਾ, ਉਸ ਨੂੰ ਸਤਿਗੁਰੂ ਦੇ ਸ਼ਬਦ ਦੁਆਰਾ ਸਮਝ ਪੈ ਗਈ; ਜਿਨ੍ਹਾਂ ਮਨੁੱਖਾਂ ਨੇ ਸ਼ਬਦ ਦੀ ਰਾਹੀਂ ਅਹੰਕਾਰ ਦੂਰ ਕੀਤਾ ਹੈ, ਜੋ ਪ੍ਰਭੂ ਪੁਰਖ ਨੂੰ ਜਪਦੇ ਹਨ, ਉਹ ਭੀ ਉਸ ਪੁਰਖ ਦਾ ਰੂਪ ਹੋ ਜਾਂਦੇ ਹਨ!

ਤਿਸ ਕਾ ਸਰੀਕੁ ਕੋ ਨਹੀ ਨਾ ਕੋ ਕੰਟਕੁ ਵੈਰਾਈ ॥ ਨਿਹਚਲ ਰਾਜੁ ਹੈ ਸਦਾ ਤਿਸੁ ਕੇਰਾ ਨਾ ਆਵੈ ਨਾ ਜਾਈ ॥ {ਪੰਨਾ 592}

ਪਦਅਰਥ: ਕੰਟਕੁ = ਕੰਡਾ।

ਅਰਥ: ਉਸ ਅਲੱਖ ਹਰੀ ਦਾ ਕੋਈ ਸ਼ਰੀਕ ਨਹੀਂ, ਨਾ ਕੋਈ ਦੁਖੀ ਕਰਨ ਵਾਲਾ (ਕੰਟਕ-ਰੂਪ) ਉਸ ਦਾ ਵੈਰੀ ਹੈ; ਉਸ ਦਾ ਰਾਜ ਸਦਾ ਅਟੱਲ ਹੈ, ਨਾ ਉਹ ਜੰਮਦਾ ਹੈ ਨਾ ਮਰਦਾ ਹੈ।

ਅਨਦਿਨੁ ਸੇਵਕੁ ਸੇਵਾ ਕਰੇ ਹਰਿ ਸਚੇ ਕੇ ਗੁਣ ਗਾਈ ॥ ਨਾਨਕੁ ਵੇਖਿ ਵਿਗਸਿਆ ਹਰਿ ਸਚੇ ਕੀ ਵਡਿਆਈ ॥੨॥ {ਪੰਨਾ 592}

ਪਦਅਰਥ: ਵਿਗਸਿਆ = ਖਿੜ ਰਿਹਾ ਹੈ।

ਅਰਥ: (ਸੱਚਾ) ਸੇਵਕ ਉਸ ਸੱਚੇ ਹਰੀ ਦੀ ਸਿਫ਼ਤਿ-ਸਾਲਾਹ ਕਰ ਕੇ ਹਰ ਵੇਲੇ ਉਸ ਦਾ ਸਿਮਰਨ ਕਰਦਾ ਹੈ; ਨਾਨਕ (ਭੀ ਉਸ) ਸੱਚੇ ਦੀ ਵਡਿਆਈ ਵੇਖ ਕੇ ਪ੍ਰਸੰਨ ਹੋ ਰਿਹਾ ਹੈ।੨।

ਪਉੜੀ ॥ ਜਿਨ ਕੈ ਹਰਿ ਨਾਮੁ ਵਸਿਆ ਸਦ ਹਿਰਦੈ ਹਰਿ ਨਾਮੋ ਤਿਨ ਕੰਉ ਰਖਣਹਾਰਾ ॥ ਹਰਿ ਨਾਮੁ ਪਿਤਾ ਹਰਿ ਨਾਮੋ ਮਾਤਾ ਹਰਿ ਨਾਮੁ ਸਖਾਈ ਮਿਤ੍ਰੁ ਹਮਾਰਾ ॥ {ਪੰਨਾ 592}

ਪਦਅਰਥ: ਹਮਾਰਾ = ਭਾਵ, ਭਗਤ ਜਨਾਂ ਦਾ।

ਅਰਥ: ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ ਹਰੀ ਦਾ ਨਾਮ ਵੱਸਦਾ ਹੈ, ਉਹਨਾਂ ਨੂੰ ਰੱਖਣ ਵਾਲਾ ਹਰੀ ਦਾ ਨਾਮ ਹੀ ਹੁੰਦਾ ਹੈ। (ਉਹਨਾਂ ਦਾ ਯਕੀਨ ਬਣ ਜਾਂਦਾ ਹੈ ਕਿ) ਹਰੀ ਦਾ ਨਾਮ ਹੀ ਸਾਡਾ ਮਾਂ ਪਿਉ ਹੈ ਤੇ ਨਾਮ ਹੀ ਸਾਡਾ ਸਖਾ ਤੇ ਮਿਤ੍ਰ ਹੈ।

ਹਰਿ ਨਾਵੈ ਨਾਲਿ ਗਲਾ ਹਰਿ ਨਾਵੈ ਨਾਲਿ ਮਸਲਤਿ ਹਰਿ ਨਾਮੁ ਹਮਾਰੀ ਕਰਦਾ ਨਿਤ ਸਾਰਾ ॥ ਹਰਿ ਨਾਮੁ ਹਮਾਰੀ ਸੰਗਤਿ ਅਤਿ ਪਿਆਰੀ ਹਰਿ ਨਾਮੁ ਕੁਲੁ ਹਰਿ ਨਾਮੁ ਪਰਵਾਰਾ ॥ {ਪੰਨਾ 592}

ਪਦਅਰਥ: ਮਸਲਤਿ = ਸਾਲਾਹ।

ਅਰਥ: ਹਰੀ ਦੇ ਨਾਮ ਨਾਲ ਹੀ ਸਾਡੀਆਂ ਗੱਲਾਂ, ਤੇ ਨਾਮ ਨਾਲ ਹੀ ਸਲਾਹ ਹੈ; ਨਾਮ ਹੀ ਸਦਾ ਸਾਡੀ ਸਾਰ ਲੈਂਦਾ ਹੈ; ਹਰੀ ਦਾ ਨਾਮ ਹੀ ਸਾਡੀ ਪਿਆਰੀ ਸੰਗਤਿ ਹੈ, ਤੇ ਨਾਮ ਹੀ ਸਾਡੀ ਕੁਲ ਤੇ ਪਰਵਾਰ ਹੈ।

ਜਨ ਨਾਨਕ ਕੰਉ ਹਰਿ ਨਾਮੁ ਹਰਿ ਗੁਰਿ ਦੀਆ ਹਰਿ ਹਲਤਿ ਪਲਤਿ ਸਦਾ ਕਰੇ ਨਿਸਤਾਰਾ ॥੧੫॥  {ਪੰਨਾ 592}

ਪਦਅਰਥ: ਗੁਰਿ = ਗੁਰੂ ਨੇ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ।

ਅਰਥ: ਦਾਸ ਨਾਨਕ ਨੂੰ ਭੀ ਗੁਰੂ ਨੇ (ਉਸ) ਹਰੀ ਦਾ ਨਾਮ ਦਿੱਤਾ ਹੈ ਜੋ ਇਸ ਲੋਕ ਵਿਚ ਤੇ ਪਰਲੋਕ ਵਿਚ ਪਾਰ-ਉਤਾਰਾ ਕਰਦਾ ਹੈ।੧੫।