ਐਤਵਾਰ 27 ਜਨਵਰੀ 2019 (14 ਮਾਘ ਸੰਮਤ 550 ਨਾਨਕਸ਼ਾਹੀ)
ਗੋਂਡ ਮਹਲਾ ੪ ॥ ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ ਜਿਉ ਤ੍ਰਿਖਾਵੰਤੁ ਬਿਨੁ ਨੀਰ ॥੧॥ ਮੇਰੈ ਮਨਿ ਪ੍ਰੇਮੁ ਲਗੋ ਹਰਿ ਤੀਰ ॥ ਹਮਰੀ ਬੇਦਨ ਹਰਿ ਪ੍ਰਭੁ ਜਾਨੈ ਮੇਰੇ ਮਨ ਅੰਤਰ ਕੀ ਪੀਰ ॥੧॥ ਰਹਾਉ ॥ ਮੇਰੇ ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ ਸੋ ਭਾਈ ਸੋ ਮੇਰਾ ਬੀਰ ॥੨॥ ਮਿਲੁ ਮਿਲੁ ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤਿ ਧੀਰ ॥੩॥ ਜਨ ਨਾਨਕ ਕੀ ਹਰਿ ਆਸ ਪੁਜਾਵਹੁ ਹਰਿ ਦਰਸਨਿ ਸਾਂਤਿ ਸਰੀਰ ॥੪॥੬॥ ਛਕਾ ੧॥ {ਅੰਗ 861-862}
ਪਦਅਰਥ: ਕਉ = ਨੂੰ, ਵਾਸਤੇ। ਤਪਤੈ = ਤਪ ਰਿਹਾ ਹੈ, ਲੁੱਛ ਰਿਹਾ ਹੈ, ਤੜਫ ਰਿਹਾ ਹੈ। ਤ੍ਰਿਖਾਵੰਤੁ = ਤਿਹਾਇਆ ਮਨੁੱਖ। ਨੀਰ = ਪਾਣੀ।੧।
ਮੇਰੈ ਮਨਿ = ਮੇਰੇ ਮਨ ਵਿਚ। ਬੇਦਨ = {वेदना} ਪੀੜਾ। ਅੰਤਰ ਕੀ = ਅੰਦਰ ਦੀ, ਅੰਦਰਲੀ। ਪੀਰ = ਪੀੜ।੧।ਰਹਾਉ।
ਬਾਤ = ਗੱਲ। ਬੀਰ = ਵੀਰ।੨।
ਮਿਲੁ = {ਹੁਕਮੀ ਭਵਿੱਖਤ}। ਸਖੀ = ਹੇ ਸਹੇਲੀਏ! ਕਹੁ = ਦੱਸ, ਸੁਣ। ਲੇ = ਲੈ ਕੇ। ਧੀਰ = {Adj.} ਕੋਮਲਤਾ ਪੈਦਾ ਕਰਨ ਵਾਲੀ, ਸ਼ਾਂਤੀ ਦੇਣ ਵਾਲੀ।੩।
ਹਰਿ = ਹੇ ਹਰੀ! ਪੁਜਾਵਹੁ = ਪੂਰੀ ਕਰੋ। ਦਰਸਨਿ = ਦਰਸ਼ਨ ਨਾਲ। ਸਾਂਤਿ ਸਰੀਰ = ਸਰੀਰ ਨੂੰ ਸ਼ਾਂਤੀ, ਹਿਰਦੇ ਨੂੰ ਠੰਢ।੪।
ਅਰਥ: ਹੇ ਭਾਈ! ਪਰਮਾਤਮਾ ਦਾ ਪਿਆਰ ਮੇਰੇ ਮਨ ਵਿਚ ਤੀਰ ਵਾਂਗ ਲੱਗਾ ਹੋਇਆ ਹੈ। (ਉਸ ਪ੍ਰੇਮ-ਤੀਰ ਦੇ ਕਾਰਨ ਪੈਦਾ ਹੋਈ) ਮੇਰੇ ਮਨ ਦੀ ਅੰਦਰਲੀ ਪੀੜ-ਵੇਦਨਾ ਮੇਰਾ ਹਰੀ ਮੇਰਾ ਪ੍ਰਭੂ ਹੀ ਜਾਣਦਾ ਹੈ।੧।ਰਹਾਉ।
(ਹੇ ਸਹੇਲੀਏ! ਉਸ ਪ੍ਰੇਮ ਦੇ ਤੀਰ ਦੇ ਕਾਰਨ ਹੁਣ) ਮੇਰਾ ਮਨ ਪਰਮਾਤਮਾ ਦੇ ਦਰਸ਼ਨ ਵਾਸਤੇ (ਇਉਂ) ਲੁਛ ਰਿਹਾ ਹੈ ਜਿਵੇਂ ਪਾਣੀ ਤੋਂ ਬਿਨਾ ਤਿਹਾਇਆ ਮਨੁੱਖ।੧।
ਹੇ ਸਹੇਲੀਏ! ਹੁਣ ਜੇ ਕੋਈ ਮਨੁੱਖ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀ ਕੋਈ ਗੱਲ ਸੁਣਾਵੇ (ਤਾਂ ਮੈਨੂੰ ਇਉਂ ਲੱਗਦਾ ਹੈ ਕਿ) ਉਹ ਮਨੁੱਖ ਮੇਰਾ ਭਰਾ ਹੈ ਮੇਰਾ ਵੀਰ ਹੈ।੨।
ਹੇ ਸਹੇਲੀਏ! ਗੁਰੂ ਦੀ ਸ਼ਾਂਤੀ ਦੇਣ ਵਾਲੀ ਮਤਿ ਲੈ ਕੇ ਮੈਨੂੰ ਭੀ ਮਿਲਿਆ ਕਰ, ਤੇ, ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਾਇਆ ਕਰ।੩।
ਹੇ ਪ੍ਰਭੂ! ਆਪਣੇ) ਦਾਸ ਨਾਨਕ ਦੀ (ਦਰਸ਼ਨ ਦੀ) ਆਸ ਪੂਰੀ ਕਰ। ਹੇ ਹਰੀ! ਤੇਰੇ ਦਰਸ਼ਨ ਨਾਲ ਮੇਰੇ ਹਿਰਦੇ ਨੂੰ ਠੰਢ ਪੈਂਦੀ ਹੈ।੪।੬।ਛਕਾ।
ਛਕਾ-ਛੱਕਾ, ਛੇ ਸ਼ਬਦਾਂ ਦਾ ਸੰਗ੍ਰਹ।