ਵੀਰਵਾਰ 6 ਦਸੰਬਰ 2018 (21 ਮੱਘਰ ਸੰਮਤ 550 ਨਾਨਕਸ਼ਾਹੀ)
ਗੋਂਡ ਮਹਲਾ ੫ ॥ ਗੁਰ ਕੇ ਚਰਨ ਕਮਲ ਨਮਸਕਾਰਿ ॥ ਕਾਮੁ ਕ੍ਰੋਧੁ ਇਸੁ ਤਨ ਤੇ ਮਾਰਿ ॥ ਹੋਇ ਰਹੀਐ ਸਗਲ ਕੀ ਰੀਨਾ ॥ ਘਟਿ ਘਟਿ ਰਮਈਆ ਸਭ ਮਹਿ ਚੀਨਾ ॥੧॥ ਇਨ ਬਿਧਿ ਰਮਹੁ ਗੋਪਾਲ ਗਬਿੰਦੁ ॥ ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥ਆਠ ਪਹਰ ਹਰਿ ਕੇ ਗੁਣ ਗਾਉ ॥ ਜੀਅ ਪ੍ਰਾਨ ਕੋ ਇਹੈ ਸੁਆਉ ॥ ਤਜਿ ਅਭਿਮਾਨੁ ਜਾਨੁ ਪ੍ਰਭੁ ਸੰਗਿ ॥ ਸਾਧ ਪ੍ਰਸਾਦਿ ਹਰਿ ਸਿਉ ਮਨੁ ਰੰਗਿ ॥੨॥ ਜਿਨਿ ਤੂੰ ਕੀਆ ਤਿਸ ਕਉ ਜਾਨੁ ॥ ਆਗੈ ਦਰਗਹ ਪਾਵੈ ਮਾਨੁ ॥ ਮਨੁ ਤਨੁ ਨਿਰਮਲ ਹੋਇ ਨਿਹਾਲੁ ॥ ਰਸਨਾ ਨਾਮੁ ਜਪਤ ਗੋਪਾਲ ॥੩॥ ਕਰਿ ਕਿਰਪਾ ਮੇਰੇ ਦੀਨ ਦਇਆਲਾ ॥ ਸਾਧੂ ਕੀ ਮਨੁ ਮੰਗੈ ਰਵਾਲਾ ॥ ਹੋਹੁ ਦਇਆਲ ਦੇਹੁ ਪ੍ਰਭ ਦਾਨੁ ॥ ਨਾਨਕੁ ਜਪਿ ਜੀਵੈ ਪ੍ਰਭ ਨਾਮੁ ॥੪॥੧੧॥੧੩॥ {ਅੰਗ 866}
ਪਦਅਰਥ: ਨਮਸਕਾਰਿ = ਸਿਰ ਨਿਵਾ, ਪ੍ਰਣਾਮ ਕਰ। ਤੇ = ਤੋਂ, ਵਿਚੋਂ। ਹੋਇ ਰਹੀਐ = ਹੋ ਰਹਿਣਾ ਚਾਹੀਦਾ ਹੈ। ਰੀਨਾ = ਚਰਨ = ਧੂੜ। ਘਟਿ ਘਟਿ = ਹਰੇਕ ਘਟ ਵਿਚ। ਘਟ = ਸਰੀਰ। ਸਭ ਮਹਿ = ਸਭਨਾਂ ਵਿਚ। ਚੀਨ੍ਹ੍ਹਾ = ਚੀਨ੍ਹ੍ਹ, ਪਛਾਣ।੧।
ਬਿਧਿ = ਤਰੀਕਾ। ਰਮਹੁ = ਸਿਮਰੋ। ਗਬਿੰਦ = {ਅੱਖਰ ‘ਗ‘ ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਅਸਲ ਲਫ਼ਜ਼ ‘ਗੋਬਿੰਦੁ‘ ਹੈ, ਇਥੇ ‘ਗੁਬਿੰਦੁ‘ ਪੜ੍ਹਨਾ ਹੈ}। ਜਿੰਦੁ = ਜਾਨ {ਲਫ਼ਜ਼ ‘ਜਿੰਦੁ‘ ਇਸਤ੍ਰੀ ਲਿੰਗ ਹੈ, ਪਰ ਇਸ ਦੀ ਸ਼ਕਲ ਪੁਲਿੰਗ ਵਾਲੀ ਹੈ}।੧।ਰਹਾਉ।
ਗਾਉ = ਗਾਇਆ ਕਰੋ। ਕੋ = ਦਾ। ਸੁਆਉ = ਮਨੋਰਥ। ਤਜਿ = ਤਿਆਗ ਕੇ। ਸੰਗਿ = (ਆਪਣੇ) ਨਾਲ। ਸਾਧ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਸਿਉ = ਨਾਲ। ਰੰਗਿ = ਰੰਗਿ ਲੈ, ਜੋੜੀ ਰੱਖ।੨।
ਜਿਨਿ = ਜਿਸ (ਪ੍ਰਭੂ) ਨੇ। ਤੂੰ = ਤੈਨੂੰ। ਜਾਨੁ = ਸਾਂਝ ਪਾ। ਤਿਸ ਕਉ = {ਲਫ਼ਜ਼ ‘ਤਿਸੁ‘ ਦਾ ੁ ਸੰਬੰਧਕ ‘ਕਉ‘ ਦੇ ਕਾਰਨ ਉੱਡ ਗਿਆ ਹੈ}। ਪਾਵੈ = ਪ੍ਰਾਪਤ ਕਰਦਾ ਹੈ। ਮਾਨੁ = ਆਦਰ। ਨਿਹਾਲੁ = ਪ੍ਰਸੰਨ। ਰਸਨਾ = ਜੀਭ (ਨਾਲ) ।੩।
ਦੀਨ ਦਇਆਲ = ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਸਾਧੂ = ਗੁਰੂ। ਰਵਾਲਾ = ਚਰਨ = ਧੂੜ। ਪ੍ਰਭ = ਹੇ ਪ੍ਰਭੂ! ਜਪਿ = ਜਪ ਕੇ। ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਪ੍ਰਭ ਨਾਮੁ = ਪ੍ਰਭੂ ਦਾ ਨਾਮ।੪।
ਅਰਥ: ਹੇ ਭਾਈ! ਇਸ ਸਰੀਰ ਨੂੰ, ਇਸ ਧਨ ਨੂੰ, ਪ੍ਰਭੂ ਦਾ ਬਖ਼ਸ਼ਿਆ ਹੋਇਆ ਜਾਣੋ, ਇਸ ਜਿੰਦ ਨੂੰ (ਭੀ) ਪ੍ਰਭੂ ਦੀ ਦਿੱਤੀ ਹੋਈ ਸਮਝੋ। ਇਸ ਤਰ੍ਹਾਂ ਸ੍ਰਿਸ਼ਟੀ ਦੇ ਪਾਲਕ ਗੋਬਿੰਦ ਦਾ ਨਾਮ ਜਪਦੇ ਰਹੋ।੧।ਰਹਾਉ।
ਹੇ ਭਾਈ! ਆਪਣੇ) ਗੁਰੂ ਦੇ ਚਰਨਾਂ ਉਤੇ ਆਪਣਾ ਸਿਰ ਰੱਖਿਆ ਕਰ। (ਗੁਰੂ ਦੀ ਕਿਰਪਾ ਨਾਲ ਆਪਣੇ) ਇਸ ਸਰੀਰ ਵਿਚੋਂ ਕਾਮ ਅਤੇ ਕ੍ਰੋਧ (ਆਦਿਕ ਵਿਕਾਰਾਂ) ਨੂੰ ਮਾਰ ਮੁਕਾ। ਹੇ ਭਾਈ! ਸਭਨਾਂ ਦੇ ਚਰਨਾਂ ਦੀ ਧੂੜ ਹੋ ਕੇ ਰਹਿਣਾ ਚਾਹੀਦਾ ਹੈ। ਹਰੇਕ ਸਰੀਰ ਵਿਚ ਸਭ ਜੀਵਾਂ ਵਿਚ ਸੋਹਣੇ ਰਾਮ ਨੂੰ ਵੱਸਦਾ ਵੇਖ।੧।
ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਰਿਹਾ ਕਰ। ਤੇਰੀ ਜਿੰਦ-ਜਾਨ ਦਾ (ਸੰਸਾਰ ਵਿਚ) ਇਹੀ (ਸਭ ਤੋਂ ਵੱਡਾ) ਮਨੋਰਥ ਹੈ। ਹੇ ਭਾਈ! ਅਹੰਕਾਰ ਦੂਰ ਕਰ ਕੇ ਪ੍ਰਭੂ ਨੂੰ ਆਪਣੇ ਅੰਗ-ਸੰਗ ਵੱਸਦਾ ਸਮਝ। ਗੁਰੂ ਦੀ ਕਿਰਪਾ ਨਾਲ ਆਪਣੇ ਮਨ ਨੂੰ ਪਰਮਾਤਮਾ (ਦੇ ਪ੍ਰੇਮ-ਰੰਗ) ਨਾਲ ਰੰਗ ਲੈ।੨।
ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ ਉਸ ਨਾਲ ਸਾਂਝ ਪਾਈ ਰੱਖ। (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਹ) ਅਗਾਂਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰਦਾ ਹੈ। ਹੇ ਭਾਈ! ਜੀਭ ਨਾਲ ਪਰਮਾਤਮਾ ਦਾ ਨਾਮ ਜਪਦਿਆਂ ਮਨ ਤਨ ਪਵਿੱਤਰ ਹੋ ਜਾਂਦਾ ਹੈ, ਮਨ ਖਿੜਿਆ ਰਹਿੰਦਾ ਹੈ, ਸਰੀਰ ਭੀ ਖਿੜਿਆ ਰਹਿੰਦਾ ਹੈ।੩।
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! (ਮੇਰੇ ਉਤੇ) ਮੇਹਰ ਕਰ। (ਮੇਰਾ) ਮਨ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ। ਹੇ ਪ੍ਰਭੂ! ਨਾਨਕ ਉਤੇ) ਦਇਆਵਾਨ ਹੋ ਅਤੇ ਇਹ ਖ਼ੈਰ ਪਾ ਕਿ (ਤੇਰਾ ਦਾਸ) ਨਾਨਕ, ਹੇ ਪ੍ਰਭੂ! ਤੇਰਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹੇ।੪।੧੧।੧੩।