ਸਨਿੱਚਰਵਾਰ 24 ਨਵੰਬਰ 2018 (9 ਮੱਘਰ ਸੰਮਤ 550 ਨਾਨਕਸ਼ਾਹੀ)
ਸਲੋਕ ਮਃ ੩ ॥ ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥ ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥ ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ ॥ ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ ॥੧॥ {ਅੰਗ 853}
ਪਦਅਰਥ: ਜਲੰਦਾ = (ਵਿਕਾਰਾਂ ਵਿਚ) ਸੜਦਾ। ਰਖਿ ਲੈ = ਬਚਾ ਲੈ। ਧਾਰਿ = ਧਾਰ ਕੇ, ਕਰ ਕੇ। ਜਿਤੁ ਦੁਆਰੈ = ਜਿਸ ਦਰ ਤੇ, ਜਿਸ ਤਰੀਕੇ ਨਾਲ। ਉਬਰੈ = ਬਚ ਸਕੇ। ਤਿਤੈ = ਉਸੇ ਤਰ੍ਹਾਂ ਹੀ। ਸਤਿਗੁਰਿ = ਗੁਰੂ ਨੇ। ਸੁਖੁ = ਆਤਮਕ ਆਨੰਦ। ਸਚਾ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਬੀਚਾਰਿ = ਵਿਚਾਰ ਕੇ, ਮਨ ਵਿਚ ਟਿਕਾ ਕੇ। ਅਵਰੁ = ਕੋਈ ਹੋਰ।੧।
ਅਰਥ: ਹੇ ਪ੍ਰਭੂ! ਵਿਕਾਰਾਂ ਵਿਚ) ਸੜ ਰਹੇ ਸੰਸਾਰ ਨੂੰ ਆਪਣੀ ਮਿਹਰ ਕਰ ਕੇ ਬਚਾ ਲੈ, ਜਿਸ ਭੀ ਤਰੀਕੇ ਨਾਲ ਇਹ ਬਚ ਸਕਦਾ ਹੋਵੇ ਉਸੇ ਤਰ੍ਹਾਂ ਬਚਾ ਲੈ।
ਹੇ ਨਾਨਕ! ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਮਨ ਵਿਚ ਵਸਾ ਕੇ (ਜਿਸ ਮਨੁੱਖ ਨੂੰ) ਸਤਿਗੁਰੂ ਨੇ (ਸਿਮਰਨ ਦਾ) ਆਤਮਕ ਆਨੰਦ ਵਿਖਾਲ ਦਿੱਤਾ, ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਇਹ ਬਖ਼ਸ਼ਸ਼ ਕਰਨ ਵਾਲਾ ਨਹੀਂ ਹੈ।੧।
ਮਃ ੩ ॥ ਹਉਮੈ ਮਾਇਆ ਮੋਹਣੀ ਦੂਜੈ ਲਗੈ ਜਾਇ ॥ ਨਾ ਇਹ ਮਾਰੀ ਨ ਮਰੈ ਨਾ ਇਹ ਹਟਿ ਵਿਕਾਇ ॥ ਗੁਰ ਕੈ ਸਬਦਿ ਪਰਜਾਲੀਐ ਤਾ ਇਹ ਵਿਚਹੁ ਜਾਇ ॥ ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥ ਨਾਨਕ ਮਾਇਆ ਕਾ ਮਾਰਣੁ ਸਬਦੁ ਹੈ ਗੁਰਮੁਖਿ ਪਾਇਆ ਜਾਇ ॥੨॥ {ਪੰਨਾ 853}
ਪਦਅਰਥ: ਹਉਮੈ = ‘ਮੈਂ, ਮੈਂ‘ ਦਾ ਪ੍ਰਭਾਵ। ਹਉਮੈ ਮਾਇਆ = ਮਾਇਆ ਦੀ ਹਉਮੈ, ਮਾਇਆ ਦੀ ਤਾਂਘ। ਦੂਜੈ = (ਪ੍ਰਭੂ ਤੋਂ ਬਿਨਾ) ਹੋਰ (ਦੇ ਮੋਹ) ਵਿਚ। ਹਟਿ = ਹੱਟੀ ਵਿਚ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਪਰਜਾਲੀਐ = ਚੰਗੀ ਤਰ੍ਹਾਂ ਸਾੜ ਦਿੱਤੀ ਜਾਏ। ਉਜਲਾ = ਪਵਿੱਤਰ। ਮਨਿ = ਮਨ ਵਿਚ। ਮਾਰਣੁ = ਪ੍ਰਭਾਵ ਮੁਕਾਣ ਦਾ ਵਸੀਲਾ।੨।
ਅਰਥ: ਹੇ ਭਾਈ! ਮਾਇਆ ਦੀ ਹਉਮੈ (ਸਾਰੇ ਸੰਸਾਰ ਨੂੰ) ਆਪਣੇ ਵੱਸ ਵਿਚ ਕਰਨ ਦੀ ਸਮਰਥਾ ਵਾਲੀ ਹੈ, (ਇਸ ਦੇ ਅਸਰ ਹੇਠ ਜੀਵ ਪਰਮਾਤਮਾ ਨੂੰ ਵਿਸਾਰ ਕੇ) ਹੋਰ (ਦੇ ਮੋਹ) ਵਿਚ ਜਾ ਫਸਦਾ ਹੈ। ਇਹ ਹਉਮੈ ਨਾਹ (ਕਿਸੇ ਪਾਸੋਂ) ਮਾਰੀ ਜਾ ਸਕਦੀ ਹੈ, ਨਾਹ ਹੀ ਇਹ ਆਪ ਮਰਦੀ ਹੈ, ਨਾਹ ਹੀ ਇਹ ਕਿਸੇ ਹੱਟੀ ਤੇ ਵੇਚੀ ਜਾ ਸਕਦੀ ਹੈ। ਜਦੋਂ ਇਸ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਚੰਗੀ ਤਰ੍ਹਾਂ ਸਾੜ ਦੇਈਏ, ਤਦੋਂ ਹੀ ਇਹ (ਜੀਵ ਦੇ) ਅੰਦਰੋਂ ਮੁੱਕਦੀ ਹੈ। (ਹੇ ਭਾਈ! ਜਿਸ ਮਨੁੱਖ ਦੇ ਅੰਦਰੋਂ ਮਾਇਆ ਦੀ ਹਉਮੈ ਮੁੱਕਦੀ ਹੈ ਉਸ ਦਾ) ਤਨ (ਉਸ ਦਾ) ਮਨ ਪਵਿੱਤਰ ਹੋ ਜਾਂਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।
ਹੇ ਨਾਨਕ! ਗੁਰੂ ਦਾ ਸ਼ਬਦ ਹੀ ਮਾਇਆ ਦਾ ਪ੍ਰਭਾਵ ਮੁਕਾਣ ਦਾ ਵਸੀਲਾ ਹੈ, ਤੇ, ਇਹ ਸ਼ਬਦ ਗੁਰੂ ਦੀ ਸਰਨ ਪਿਆਂ ਮਿਲਦਾ ਹੈ।੨।
ਪਉੜੀ ॥ ਸਤਿਗੁਰ ਕੀ ਵਡਿਆਈ ਸਤਿਗੁਰਿ ਦਿਤੀ ਧੁਰਹੁ ਹੁਕਮੁ ਬੁਝਿ ਨੀਸਾਣੁ ॥ ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ਲਾਹਿਓਨੁ ਸਭਨਾ ਕਾ ਅਭਿਮਾਨੁ ॥ ਜਿਥੈ ਕੋ ਵੇਖੈ ਤਿਥੈ ਮੇਰਾ ਸਤਿਗੁਰੂ ਹਰਿ ਬਖਸਿਓਸੁ ਸਭੁ ਜਹਾਨੁ ॥ ਜਿ ਸਤਿਗੁਰ ਨੋ ਮਿਲਿ ਮੰਨੇ ਸੁ ਹਲਤਿ ਪਲਤਿ ਸਿਝੈ ਜਿ ਵੇਮੁਖੁ ਹੋਵੈ ਸੁ ਫਿਰੈ ਭਰਿਸਟ ਥਾਨੁ ॥ ਜਨ ਨਾਨਕ ਕੈ ਵਲਿ ਹੋਆ ਮੇਰਾ ਸੁਆਮੀ ਹਰਿ ਸਜਣ ਪੁਰਖੁ ਸੁਜਾਨੁ ॥ ਪਉਦੀ ਭਿਤਿ ਦੇਖਿ ਕੈ ਸਭਿ ਆਇ ਪਏ ਸਤਿਗੁਰ ਕੀ ਪੈਰੀ ਲਾਹਿਓਨੁ ਸਭਨਾ ਕਿਅਹੁ ਮਨਹੁ ਗੁਮਾਨੁ ॥੧੦॥ {ਪੰਨਾ 853}
ਪਦਅਰਥ: ਵਡਿਆਈ = ਬਜ਼ੁਰਗੀ, ਇੱਜ਼ਤ। ਸਤਿਗੁਰਿ = ਸਤਿਗੁਰੂ ਨੇ। ਧੁਰਹੁ = ਧੁਰ ਤੋਂ, ਹਜ਼ੂਰੀ ਤੋਂ। ਹੁਕਮੁ = ਰਜ਼ਾ। ਬੁਝਿ = ਸਮਝ ਕੇ। ਨੀਸਾਣੁ = ਨਿਸ਼ਾਨ, ਪਰਵਾਨਾ, ਰਾਹਦਾਰੀ। ਪੁਤੀ = ਪੁੱਤਰਾਂ ਨੇ। ਭਾਤੀਈ = ਭਤੀਜਿਆਂ ਨੇ। ਸਕੀ = ਸੱਕਿਆਂ ਨੇ, ਸਾਕ = ਸੰਬੰਧੀਆਂ ਨੇ। ਅਗਹੁ ਪਿਛਹੁ = ਚੰਗੀ ਤਰ੍ਹਾਂ। ਟੋਲਿ = ਖੋਜ ਕੇ। ਲਾਹਿਓਨੁ = ਲਾਹ ਦਿੱਤਾ ਉਸ ਨੇ। ਕੋ = ਕੋਈ ਮਨੁੱਖ। ਬਖਸਿਓਸੁ = ਉਸ ਨੇ ਬਖ਼ਸ਼ਿਆ। ਜਿ = ਜਿਹੜਾ ਮਨੁੱਖ। ਮਿਲਿ = ਮਿਲ ਕੇ। ਮੰਨੇ = ਪਤੀਜਦਾ ਹੈ। ਸੁ = ਉਹ ਮਨੁੱਖ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਸਿਝੈ = ਕਾਮਯਾਬ ਹੁੰਦਾ ਹੈ। ਫਿਰੈ = ਭਟਕਦਾ ਫਿਰਦਾ ਹੈ। ਥਾਨੁ = ਹਿਰਦਾ = ਥਾਂ। ਭਰਿਆ = (ਵਿਕਾਰਾਂ ਨਾਲ) ਗੰਦਾ। ਜਨ ਕੈ ਵਲਿ = (ਆਪਣੇ) ਸੇਵਕ ਦੇ ਪੱਖ ਤੇ। ਸੁਜਾਨੁ = ਸਿਆਣਾ, ਸਭ ਦੇ ਦਿਲ ਦੀ ਜਾਣਨ ਵਾਲਾ। ਭਿਤਿ = ਚੋਗ, ਖ਼ੁਰਾਕ, ਆਤਮਕ ਭੋਜਨ। ਸਭਿ ਆਇ = ਸਾਰੇ ਆਏ। ਲਾਹਿਓਨੁ = ਉਸ ਨੇ ਲਾਹ ਦਿੱਤਾ। ਕਿਅਹੁ ਮਨਹੁ = ਦਿਆਂ ਮਨਾਂ ਤੋਂ।੧੦।
ਅਰਥ: (ਜਿਹੜੀ) ਇੱਜ਼ਤ ਗੁਰੂ (ਅਮਰਦਾਸ ਜੀ) ਦੀ (ਹੋਈ, ਉਹ) ਗੁਰੂ (ਅੰਗਦ ਸਾਹਿਬ) ਨੇ ਪਰਮਾਤਮਾ ਦੀ ਹਜ਼ੂਰੀ ਤੋਂ (ਮਿਲਿਆ) ਹੁਕਮ ਸਮਝ ਕੇ ਪਰਵਾਨਾ ਸਮਝ ਕੇ (ਉਹਨਾਂ ਨੂੰ) ਦਿੱਤੀ। ਪੁੱਤਰਾਂ ਨੇ, ਭਤੀਜਿਆਂ ਨੇ, ਜਵਾਈਆਂ ਨੇ, ਹੋਰ ਸੱਕੇ ਸਾਕ ਅੰਗਾਂ ਨੇ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਸੀ (ਗੁਰੂ ਨੇ) ਸਭਨਾਂ ਦਾ ਮਾਣ ਦੂਰ ਕਰ ਦਿੱਤਾ।
ਹੇ ਭਾਈ! ਪਰਮਾਤਮਾ ਨੇ (ਗੁਰੂ ਦੀ ਰਾਹੀਂ) ਸਾਰੇ ਸੰਸਾਰ ਨੂੰ (ਨਾਮ ਦੀ) ਬਖ਼ਸ਼ਸ਼ ਕੀਤੀ ਹੈ; ਜਿੱਥੇ ਭੀ ਕੋਈ ਵੇਖਦਾ ਹੈ ਉਥੇ ਹੀ ਪਿਆਰਾ ਗੁਰੂ (ਨਾਮ ਦੀ ਦਾਤਿ ਦੇਣ ਲਈ ਮੌਜੂਦ) ਹੈ। ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਤੀਜਦਾ ਹੈ ਉਹ ਇਸ ਲੋਕ ਵਿਚ ਤੇ ਪਰਲੋਕ ਵਿਚ ਕਾਮਯਾਬ ਹੋ ਜਾਂਦਾ ਹੈ, ਪਰ ਜਿਹੜਾ ਮਨੁੱਖ ਗੁਰੂ ਵਲੋਂ ਮੂੰਹ ਮੋੜਦਾ ਹੈ, ਉਹ ਭਟਕਦਾ ਫਿਰਦਾ ਹੈ, ਉਸ ਦਾ ਹਿਰਦਾ-ਥਾਂ (ਵਿਕਾਰਾਂ ਨਾਲ) ਗੰਦਾ ਟਿਕਿਆ ਰਹਿੰਦਾ ਹੈ। ਹੇ ਨਾਨਕ! ਆਖ-) ਸਭ ਦੇ ਦਿਲ ਦੀ ਜਾਣਨ ਵਾਲਾ ਸਭ ਦਾ ਮਿੱਤਰ ਸਭ ਵਿਚ ਵਿਆਪਕ ਪ੍ਰਭੂ ਆਪਣੇ ਸੇਵਕ ਦੇ ਪੱਖ ਤੇ ਰਹਿੰਦਾ ਹੈ।
ਹੇ ਭਾਈ! ਗੁਰੂ ਦੇ ਦਰ ਤੋਂ) ਆਤਮਕ ਖ਼ੁਰਾਕ ਮਿਲਦੀ ਵੇਖ ਕੇ ਸਾਰੇ ਲੋਕ ਗੁਰੂ ਦੀ ਚਰਨੀਂ ਆ ਲੱਗੇ। ਗੁਰੂ ਨੇ ਸਭਨਾਂ ਦੇ ਮਨ ਤੋਂ ਅਹੰਕਾਰ ਦੂਰ ਕਰ ਦਿੱਤਾ।੧੦।