Today’s Hukamnama from State Gurdwara Sahib Kapurthala

66

ਸ਼ੁੱਕਰਵਾਰ 24 ਅਗਸਤ 2018 (8 ਭਾਦੋਂ ਸੰਮਤ 550 ਨਾਨਕਸ਼ਾਹੀ)

ਗੋਂਡ ॥ ਮੋ ਕਉ ਤਾਰਿ ਲੇ ਰਾਮਾ ਤਾਰਿ ਲੇ ॥ ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ ॥੧॥ ਰਹਾਉ ॥ ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ ॥ ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ ॥੧॥ ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ ॥ ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ ਨਿਜ ਮਤਿ ਏਹ ॥੨॥੩॥ {ਅੰਗ 873}

ਪਦਅਰਥ: ਮੋ ਕਉ = ਮੈਨੂੰ। ਰਾਮਾ = ਹੇ ਰਾਮ! {ਨੋਟ:ਨਾਮਦੇਵ ਜੀ ਜਿਸ ਨੂੰ ਬਾਪ ਬੀਠੁਲਾ” ਕਹਿ ਰਹੇ ਹਨ ਉਸੇ ਨੂੰ ਹੀ ‘ਰਾਮ‘ ਕਹਿ ਕੇ ਪੁਕਾਰਦੇ ਹਨ, ਸੋ, ਕਿਸੇ ‘ਬੀਠੁਲ‘ = ਮੂਰਤੀ ਵਲ ਇਸ਼ਾਰਾ ਨਹੀਂ ਹੈ, ਪਰਮਾਤਮਾ ਅੱਗੇ ਅਰਦਾਸ ਹੈ। ਧ੍ਰੂਅ ਤੇ ਨਾਰਦ ਦਾ ਸੰਬੰਧ ਕਿਸੇ ਬੀਠੁਲ = ਮੂਰਤੀ ਨਾਲ ਨਹੀਂ ਹੋ ਸਕਦਾ}। ਤਰਿਬੇ ਨ ਜਾਨਉ = ਮੈਂ ਤਰਨਾ ਨਹੀਂ ਜਾਣਦਾ। ਦੇ = ਦੇਹ, ਫੜਾ।੧।ਰਹਾਉ।

ਤੇ = ਤੋਂ। ਸੁਰ = ਦੇਵਤੇ। ਨਿਮਖ ਮੈ = ਅੱਖ ਫਰਕਣ ਦੇ ਸਮੇ ਵਿਚ। ਮੈ = ਵਿਚ, ਮਹਿ, ਮਾਹਿ। ਸਤਿਗੁਰ ਬੁਧਿ ਸਿਖਲਾਈ = ਗੁਰੂ ਦੀ ਸਿਖਾਈ ਹੋਈ ਮੱਤ ਨਾਲ। ਉਪਜਿ = ਉਪਜ ਕੇ, ਪੈਦਾ ਹੋ ਕੇ। ਅਵਖਧ = ਦਵਾਈ। ਪਾਈ = ਪਾਈਂ, ਪਾ ਲਵਾਂ।੧।

ਜਹਾ ਜਹਾ = ਜਿਸ ਆਤਮਕ ਅਵਸਥਾ ਵਿਚ। ਟੇਕੇ = ਟਿਕਾਏ ਹਨ, ਇਸਥਿਤ ਕੀਤੇ ਹਨ। ਨੈਕੁ = {Skt. नैकश = Repeatedly, often. न एकशः = Not once} ਸਦਾ। ਮੋਹਿ = ਮੈਨੂੰ। ਅਵਿਲੰਬ = ਆਸਰਾ। ਅਵਿਲੰਬਿ = ਆਸਰੇ ਨਾਲ। ਉਧਰੇ = (ਸੰਸਾਰ = ਸਮੁੰਦਰ ਦੇ ਵਿਕਾਰਾਂ ਤੋਂ) ਬਚ ਗਏ। ਨਿਜ ਮਤਿ = ਆਪਣੀ ਮੱਤ, ਪੱਕਾ ਨਿਸ਼ਚਾ।੨।

ਅਰਥ: ਹੇ ਮੇਰੇ ਰਾਮ! ਮੈਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈ, ਬਚਾ ਲੈ। ਹੇ ਮੇਰੇ ਪਿਤਾ ਪ੍ਰਭੂ! ਮੈਨੂੰ ਆਪਣੀ ਬਾਂਹ ਫੜਾ, ਮੈਂ ਤੇਰਾ ਅੰਞਾਣ ਸੇਵਕ ਹਾਂ, ਮੈਂ ਤਰਨਾ ਨਹੀਂ ਜਾਣਦਾ।ਰਹਾਉ।

(ਹੇ ਬੀਠੁਲ ਪਿਤਾ! ਮੈਨੂੰ ਭੀ ਗੁਰੂ ਮਿਲਾ) ਗੁਰੂ ਤੋਂ ਮਿਲੀ ਮੱਤ ਦੀ ਬਰਕਤ ਨਾਲ ਅੱਖ ਦੇ ਫੋਰ ਵਿਚ ਮਨੁੱਖਾਂ ਤੋਂ ਦੇਵਤੇ ਬਣ ਜਾਈਦਾ ਹੈ, ਹੇ ਪਿਤਾ! ਮਿਹਰ ਕਰ) ਮੈਂ ਭੀ ਉਹ ਦਵਾਈ ਹਾਸਲ ਕਰ ਲਵਾਂ ਜਿਸ ਨਾਲ ਮਨੁੱਖਾਂ ਤੋਂ ਜੰਮ ਕੇ (ਭਾਵ, ਮਨੁੱਖ-ਜਾਤੀ ਵਿਚੋਂ ਹੋ ਕੇ) ਸੁਰਗ ਨੂੰ ਜਿੱਤਿਆ ਜਾ ਸਕਦਾ ਹੈ (ਭਾਵ, ਸੁਰਗ ਦੀ ਭੀ ਪਰਵਾਹ ਨਹੀਂ ਰਹਿੰਦੀ੧।

ਹੇ ਮੇਰੇ ਰਾਮ! ਤੂੰ ਜਿਸ ਜਿਸ ਆਤਮਕ ਟਿਕਾਣੇ ਧ੍ਰੂ ਤੇ ਨਾਰਦ (ਵਰਗੇ ਭਗਤਾਂ) ਨੂੰ ਅਪੜਾਇਆ ਹੈ, ਮੈਨੂੰ ਸਦਾ ਲਈ ਅਪੜਾ ਦੇਹ, ਮੇਰਾ ਨਾਮਦੇਵ ਦਾ ਇਹ ਪੱਕਾ ਨਿਸ਼ਚਾ ਹੈ ਕਿ ਤੇਰੇ ਨਾਮ ਦੇ ਆਸਰੇ ਬੇਅੰਤ ਜੀਵ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂਬਚ ਨਿਕਲਦੇ ਹਨ।੨।੩।

ਭਾਵ: ਪ੍ਰਭੂ ਤੋਂ ਨਾਮ ਸਿਮਰਨ ਦੀ ਮੰਗ। ਨਾਮ ਦੀ ਬਰਕਤ ਨਾਲ ਸੁਰਗ ਦੀ ਭੀ ਲਾਲਸਾ ਨਹੀਂ ਰਹਿੰਦੀ।