ਵੀਰਵਾਰ 16 ਅਗਸਤ 2018 (32 ਸਾਵਣ ਸੰਮਤ 550 ਨਾਨਕਸ਼ਾਹੀ)
ਰਾਮਕਲੀ ਮਹਲਾ ੫ ॥ ਮੁਖ ਤੇ ਪੜਤਾ ਟੀਕਾ ਸਹਿਤ ॥ ਹਿਰਦੈ ਰਾਮੁ ਨਹੀ ਪੂਰਨ ਰਹਤ ॥ ਉਪਦੇਸੁ ਕਰੇ ਕਰਿ ਲੋਕ ਦ੍ਰਿੜਾਵੈ ॥ ਅਪਨਾ ਕਹਿਆ ਆਪਿ ਨ ਕਮਾਵੈ ॥੧॥ ਪੰਡਿਤ ਬੇਦੁ ਬੀਚਾਰਿ ਪੰਡਿਤ ॥ ਮਨ ਕਾ ਕ੍ਰੋਧੁ ਨਿਵਾਰਿ ਪੰਡਿਤ ॥੧॥ ਰਹਾਉ ॥ਆਗੈ ਰਾਖਿਓ ਸਾਲ ਗਿਰਾਮੁ ॥ ਮਨੁ ਕੀਨੋ ਦਹ ਦਿਸ ਬਿਸ੍ਰਾਮੁ ॥ ਤਿਲਕੁ ਚਰਾਵੈ ਪਾਈ ਪਾਇ ॥ ਲੋਕ ਪਚਾਰਾ ਅੰਧੁ ਕਮਾਇ ॥੨॥ ਖਟੁ ਕਰਮਾ ਅਰੁ ਆਸਣੁ ਧੋਤੀ ॥ ਭਾਗਠਿ ਗ੍ਰਿਹਿ ਪੜੈ ਨਿਤ ਪੋਥੀ ॥ ਮਾਲਾ ਫੇਰੈ ਮੰਗੈ ਬਿਭੂਤ ॥ ਇਹ ਬਿਧਿ ਕੋਇ ਨ ਤਰਿਓ ਮੀਤ ॥੩॥ ਸੋ ਪੰਡਿਤੁ ਗੁਰ ਸਬਦੁ ਕਮਾਇ ॥ ਤ੍ਰੈ ਗੁਣ ਕੀ ਓਸੁ ਉਤਰੀ ਮਾਇ ॥ ਚਤੁਰ ਬੇਦ ਪੂਰਨ ਹਰਿ ਨਾਇ ॥ ਨਾਨਕ ਤਿਸ ਕੀ ਸਰਣੀ ਪਾਇ ॥੪॥੬॥੧੭॥ {ਅੰਗ 887-888}
ਪਦਅਰਥ: ਤੇ = ਤੋਂ। ਮੁਖ ਤੇ = ਮੂੰਹੋਂ। ਟੀਕਾ ਸਹਿਤ = ਅਰਥਾਂ ਸਮੇਤ। ਹਿਰਦੈ = ਹਿਰਦੇ ਵਿਚ। ਰਹਤ = ਰਹਿਣੀ, ਆਚਰਨ। ਕਰਿ = ਕਰ ਕੇ। ਦ੍ਰਿੜਾਵੈ = ਪੱਕਾ ਨਿਸ਼ਚਾ ਦਿਵਾਂਦਾ ਹੈ।੧।
ਪੰਡਿਤ = ਹੇ ਪੰਡਿਤ! ਬੀਚਾਰਿ = ਸੋਚ = ਮੰਡਲ ਵਿਚ ਟਿਕਾਈ ਰੱਖ, ਮਨ ਵਿਚ ਵਸਾਈ ਰੱਖ। ਨਿਵਾਰਿ = ਦੂਰ ਕਰ।੧।ਰਹਾਉ।
ਆਗੈ = ਆਪਣੇ ਸਾਹਮਣੇ। ਰਾਖਿਓ = ਰੱਖਿਆ ਹੋਇਆ ਹੈ। ਸਾਲਗਿਰਾਮੁ = ਠਾਕੁਰ ਦੀ ਮੂਰਤੀ। ਦਹ ਦਿਸ = ਦਸ ਦਿਸ਼ਾਂ ਵਿਚ, ਦਸੀਂ ਪਾਸੀਂ। ਚਰਾਵੈ = ਮੱਥੇ ਉੱਤੇ ਲਾਂਦਾ ਹੈ। ਪਾਈ = ਪਾਈਂ, ਪੈਰੀਂ। ਪਾਇ = ਪੈਂਦਾ ਹੈ। ਪਚਾਰਾ = ਪਰਚਾਉਣ ਦਾ ਕੰਮ। ਅੰਧੁ = ਅੰਨ੍ਹਾ ਮਨੁੱਖ।੨।
ਖਟੁ ਕਰਮਾ = ਸ਼ਾਸਤ੍ਰਾਂ ਦੇ ਦੱਸੇ ਹੋਏ ਛੇ ਧਾਰਮਿਕ ਕੰਮ {ਦਾਨ ਦੇਣਾ ਤੇ ਲੈਣਾ; ਜੱਗ ਕਰਨਾ ਤੇ ਕਰਾਣਾ; ਵਿੱਦਿਆ ਪੜ੍ਹਨੀ ਤੇ ਪੜ੍ਹਾਣੀ}। ਅਰੁ = ਅਤੇ। ਭਾਗਠਿ = ਭਾਗਾਂ ਵਾਲਾ ਮਨੁੱਖ, ਧਨਾਢ। ਗ੍ਰਿਹਿ = ਘਰ ਵਿਚ। ਬਿਭੂਤ = ਧਨ। ਮੀਤ = ਹੇ ਮਿੱਤਰ!।੩।
ਸਬਦੁ ਕਮਾਇ = ਸ਼ਬਦ ਅਨੁਸਾਰ ਜੀਵਨ ਢਾਲਦਾ ਹੈ। ਓਸੁ = ਉਸ ਮਨੁੱਖ ਦੀ। ਉਤਰੀ = ਲਹਿ ਜਾਂਦੀ ਹੈ। ਤ੍ਰੈ ਗੁਣ ਕੀ ਮਾਇ = ਤਿੰਨ ਗੁਣਾਂ ਵਾਲੀ ਮਾਇਆ। ਚਤੁਰ = ਚਾਰ। ਨਾਇ = ਨਾਮ ਵਿਚ। ਤਿਸ ਕੀ = {ਲਫ਼ਜ਼ ‘ਤਿਸੁ‘ ਦਾ ੁ ਸਬੰਧੰਕ ‘ਕੀ‘ ਦੇ ਕਾਰਨ ਉੱਡ ਗਿਆ ਹੈ}। ਪਾਇ = ਪੈਂਦਾ ਹੈ।੪।
ਅਰਥ: ਹੇ ਪੰਡਿਤ! ਵੇਦ (ਆਦਿਕ ਧਰਮ-ਪੁਸਤਕ ਦੇ ਉਪਦੇਸ਼) ਨੂੰ (ਆਪਣੇ) ਮਨ ਵਿਚ ਵਸਾਈ ਰੱਖ, ਅਤੇ ਆਪਣੇ ਮਨ ਦਾ ਗੁੱਸਾ ਦੂਰ ਕਰ ਦੇ।੧। ਰਹਾਉ।
(ਜੇਹੜਾ ਮਨੁੱਖ ਧਰਮ-ਪੁਸਤਕਾਂ ਨੂੰ) ਮੂੰਹੋਂ ਤਾਂ ਅਰਥਾਂ ਸਮੇਤ ਪੜ੍ਹਦਾ ਹੈ, ਪਰ ਉਸ ਦੇ ਹਿਰਦੇ ਵਿਚ ਪਰਮਾਤਮਾ ਨਹੀਂ ਵੱਸਦਾ, ਨਾਹ ਹੀ ਉਸ ਦੀ ਰਹਿਣੀ ਬੇ-ਦਾਗ਼ ਹੈ, ਹੋਰ ਲੋਕਾਂ ਨੂੰ (ਧਰਮ-ਪੁਸਤਕਾਂ ਦਾ) ਉਪਦੇਸ਼ ਕਰਦਾ ਹੈ (ਅਤੇ ਉਪਦੇਸ਼) ਕਰ ਕੇ ਉਹਨਾਂ ਦੇ ਮਨ ਵਿਚ (ਉਹ ਉਪਦੇਸ਼) ਪੱਕੀ ਤਰ੍ਹਾਂ ਬਿਠਾਂਦਾ ਹੈ, ਪਰ ਆਪਣਾ ਇਹ ਦੱਸਿਆ ਹੋਇਆ ਉਪਦੇਸ਼ ਆਪ ਨਹੀਂ ਕਮਾਂਦਾ (ਉਸ ਨੂੰ ਪੰਡਿਤ ਨਹੀਂ ਆਖਿਆ ਜਾ ਸਕਦਾ) ।੧।
(ਆਤਮਕ ਜੀਵਨ ਵਲੋਂ) ਅੰਨ੍ਹਾ (ਮਨੁੱਖ) ਸਾਲਗਰਾਮ ਦੀ ਮੂਰਤੀ ਆਪਣੇ ਸਾਹਮਣੇ ਰੱਖ ਲੈਂਦਾ ਹੈ, ਪਰ ਉਸ ਦਾ ਮਨ ਦਸੀਂ ਪਾਸੀਂ ਟਿਕਿਆ ਹੋਇਆ ਹੈ। ਅੰਨ੍ਹਾ (ਮਨੁੱਖ ਆਪਣੇ ਮੱਥੇ ਉੱਤੇ) ਤਿਲਕ ਲਾਂਦਾ ਹੈ, (ਮੂਰਤੀ ਦੇ) ਪੈਰਾਂ ਉੱਤੇ (ਭੀ) ਪੈਂਦਾ ਹੈ। ਪਰ ਇਹ ਸਭ ਕੁਝ ਉਹ ਸਿਰਫ਼ ਦੁਨੀਆ ਨੂੰ ਪਤਿਆਉਣ ਦਾ ਕੰਮ ਹੀ ਕਰਦਾ ਹੈ।੨।
(ਆਤਮਕ ਜੀਵਨ ਵਲੋਂ ਅੰਨ੍ਹਾ ਮਨੁੱਖ ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਧਾਰਮਿਕ ਕੰਮ ਕਰਦਾ ਹੈ, (ਦੇਵ-ਪੂਜਾ ਕਰਨ ਵਾਸਤੇ ਉਸ ਨੇ ਉੱਨ ਆਦਿਕ ਦਾ) ਆਸਣ (ਭੀ ਰੱਖਿਆ ਹੋਇਆ ਹੈ, ਪੂਜਾ ਕਰਨ ਵੇਲੇ) ਧੋਤੀ (ਭੀ ਪਹਿਨਦਾ ਹੈ) , ਕਿਸੇ ਧਨਾਢ ਦੇ ਘਰ (ਜਾ ਕੇ) ਸਦਾ (ਆਪਣੀ ਧਾਰਮਿਕ) ਪੁਸਤਕ ਭੀ ਪੜ੍ਹਦਾ ਹੈ, (ਉਸ ਦੇ ਘਰ ਬੈਠ ਕੇ) ਮਾਲਾ ਫੇਰਦਾ ਹੈ, (ਫਿਰ ਉਸ ਧਨਾਢ ਪਾਸੋਂ) ਧਨ-ਪਦਾਰਥ ਮੰਗਦਾ ਹੈ-ਹੇ ਮਿੱਤਰ! ਇਸ ਤਰੀਕੇ ਨਾਲ ਕੋਈ ਮਨੁੱਖ ਕਦੇ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਿਆ।੩।
ਉਹ ਮਨੁੱਖ (ਹੀ) ਪੰਡਿਤ ਹੈ ਜੇਹੜਾ ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਢਾਲਦਾ ਹੈ। ਤਿੰਨਾਂ ਗੁਣਾਂ ਵਾਲੀ ਇਹ ਮਾਇਆ ਉਸ ਮਨੁੱਖ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੀ। ਉਸ ਦੇ ਭਾ ਦੇ ਪਰਮਾਤਮਾ ਦੇ ਨਾਮ ਵਿਚ (ਹੀ) ਚਾਰੇ ਵੇਦ ਮੁਕੰਮਲ ਤੌਰ ਤੇ ਆ ਜਾਂਦੇ ਹਨ। ਹੇ ਨਾਨਕ! ਆਖ-ਕੋਈ ਭਾਗਾਂ ਵਾਲਾ ਮਨੁੱਖ) ਉਸ (ਪੰਡਿਤ) ਦੀ ਸਰਨ ਪੈਂਦਾ ਹੈ।੪।੬।੧੭।