ਮੰਗਲਵਾਰ 14 ਅਗਸਤ 2018 (30 ਸਾਵਣ ਸੰਮਤ 550 ਨਾਨਕਸ਼ਾਹੀ)
ਮਾਰੂ ਮਹਲਾ ੩ ॥ ਆਵਣ ਜਾਣਾ ਨਾ ਥੀਐ ਨਿਜ ਘਰਿ ਵਾਸਾ ਹੋਇ ॥ ਸਚੁ ਖਜਾਨਾ ਬਖਸਿਆ ਆਪੇ ਜਾਣੈ ਸੋਇ ॥੧॥ ਏ ਮਨ ਹਰਿ ਜੀਉ ਚੇਤਿ ਤੂ ਮਨਹੁ ਤਜਿ ਵਿਕਾਰ ॥ ਗੁਰ ਕੈ ਸਬਦਿ ਧਿਆਇ ਤੂ ਸਚਿ ਲਗੀ ਪਿਆਰੁ ॥੧॥ ਰਹਾਉ ॥ ਐਥੈ ਨਾਵਹੁ ਭੁਲਿਆ ਫਿਰਿ ਹਥੁ ਕਿਥਾਊ ਨ ਪਾਇ ॥ ਜੋਨੀ ਸਭਿ ਭਵਾਈਅਨਿ ਬਿਸਟਾ ਮਾਹਿ ਸਮਾਇ ॥੨॥ ਵਡਭਾਗੀ ਗੁਰੁ ਪਾਇਆ ਪੂਰਬਿ ਲਿਖਿਆ ਮਾਇ ॥ ਅਨਦਿਨੁ ਸਚੀ ਭਗਤਿ ਕਰਿ ਸਚਾ ਲਏ ਮਿਲਾਇ ॥੩॥ ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਨਦਰਿ ਕਰੇਇ ॥ ਨਾਨਕ ਨਾਮਿ ਵਡਿਆਈਆ ਜੈ ਭਾਵੈ ਤੈ ਦੇਇ ॥੪॥੨॥ {ਅੰਗ 993-994}
ਪਦ ਅਰਥ: ਆਵਣ ਜਾਣਾ = ਜੰਮਣਾ ਮਰਨਾ। ਥੀਐ = ਹੁੰਦਾ। ਨਿਜ ਘਰਿ = ਆਪਣੇ (ਅਸਲ) ਘਰ ਵਿਚ। ਸਚੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ। ਆਪੇ = (ਪ੍ਰਭੂ) ਆਪ ਹੀ।1।
ਚੇਤਿ = ਚੇਤੇ ਕਰਦਾ ਰਹੁ, ਸਿਮਰ। ਮਨਹੁ = ਮਨ ਤੋਂ। ਤਜਿ = ਛੱਡ ਦੇਹ। ਸਬਦਿ = ਸ਼ਬਦ ਵਿਚ (ਜੁੜ ਕੇ) । ਸਚਿ = ਸਦਾ-ਥਿਰ ਪ੍ਰਭੂ ਵਿਚ। ਲਗੀ = ਬਣ ਜਾਇਗਾ।1। ਰਹਾਉ।
ਐਥੇ = ਇਸ ਲੋਕ ਵਿਚ, ਇਸ ਜਨਮ ਵਿਚ। ਨਾਵਹੁ = ਨਾਮ ਤੋਂ। ਕਿਥਾਊ = ਕਿਤੇ ਭੀ। ਜੋਨੀ ਸਭਿ = ਸਾਰੀਆਂ ਜੂਨਾਂ। ਭਵਾਈਅਨਿ = ਭਵਾਈਆਂ ਜਾਂਦੀਆਂ ਹਨ। ਬਿਸਟਾ = ਵਿਕਾਰਾਂ ਦਾ ਗੰਦ।2।
ਪੂਰਬਿ = ਪਹਿਲੇ ਜਨਮ ਵਿਚ। ਮਾਇ = ਹੇ ਮਾਂ! ਅਨਦਿਨੁ = ਹਰ ਰੋਜ਼, ਹਰ ਵੇਲੇ। ਸਚੀ ਭਗਤਿ = ਸਦਾ-ਥਿਰ ਪ੍ਰਭੂ ਦੀ ਭਗਤੀ। ਕਰਿ = ਕਰ ਕੇ, ਦੇ ਕਾਰਨ। ਸਚਾ = ਸਦਾ-ਥਿਰ ਪ੍ਰਭੂ।3।
ਆਪੇ = ਆਪ ਹੀ। ਸਾਜੀਅਨੁ = ਸਾਜੀ ਹੈ ਉਸ ਨੇ। ਨਦਰਿ = ਨਿਗਾਹ। ਨਾਮਿ = ਨਾਮ ਵਿਚ (ਜੋੜ ਕੇ) । ਜੈ = ਜੋ ਉਸ ਨੂੰ। ਭਾਵੈ = ਚੰਗਾ ਲੱਗਦਾ ਹੈ। ਤੈ = ਤਿਹ, ਤਿਸੁ, ਉਸ ਨੂੰ। ਦੇਇ = ਦੇਂਦਾ ਹੈ।4।
ਅਰਥ: ਹੇ ਮਨ! ਪਰਮਾਤਮਾ ਨੂੰ ਯਾਦ ਕਰਦਾ ਰਹੁ। ਹੇ ਭਾਈ! ਤੂੰ ਆਪਣੇ ਮਨ ਵਿਚੋਂ ਵਿਚਾਰ ਛੱਡ ਦੇਹ। ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦਾ ਸਿਮਰਨ ਕਰਿਆ ਕਰ। (ਸਿਮਰਨ ਦੀ ਬਰਕਤਿ ਨਾਲ) ਸਦਾ-ਥਿਰ ਪ੍ਰਭੂ ਵਿਚ ਪਿਆਰ ਬਣੇਗਾ।1। ਰਹਾਉ।
(ਹੇ ਭਾਈ! ਸਿਮਰਨ ਦਾ ਸਦਕਾ) ਜਨਮ ਮਰਨ (ਦਾ ਗੇੜ) ਨਹੀਂ ਰਹਿੰਦਾ, ਆਪਣੇ ਅਸਲ ਘਰ ਵਿਚ (ਪ੍ਰਭੂ ਦੀ ਹਜ਼ੂਰੀ ਵਿਚ) ਸੁਰਤਿ ਟਿਕੀ ਰਹਿੰਦੀ ਹੈ। ਪਰ ਸਦਾ-ਥਿਰ ਪ੍ਰਭੂ ਦਾ ਇਹ ਨਾਮ-ਖ਼ਜ਼ਾਨਾ (ਉਸ ਨੇ ਆਪ ਹੀ) ਬਖ਼ਸ਼ਿਆ ਹੈ, ਉਹ ਪ੍ਰਭੂ ਆਪ ਹੀ ਜਾਣਦਾ ਹੈ (ਕਿ ਕੌਣ ਇਸ ਦਾਤਿ ਦੇ ਯੋਗ ਹੈ) ।1।
ਹੇ ਭਾਈ! ਇਸ ਜਨਮ ਵਿਚ ਪ੍ਰਭੂ ਦੇ ਨਾਮ ਤੋਂ ਖੁੰਝੇ ਰਿਹਾਂ (ਇਹ ਮਨੁੱਖਾ ਜਨਮ ਲੱਭਣ ਵਾਸਤੇ) ਮੁੜ ਕਿਤੇ ਭੀ ਹੱਥ ਨਹੀਂ ਪੈ ਸਕਦਾ, (ਨਾਮ ਤੋਂ ਖੁੰਝਿਆ ਬੰਦਾ) ਸਾਰੀਆਂ ਹੀ ਜੂਨਾਂ ਵਿਚ ਪਾਇਆ ਜਾਂਦਾ ਹੈ, ਉਹ ਸਦਾ ਵਿਕਾਰਾਂ ਦੇ ਗੰਦ ਵਿਚ ਪਿਆ ਰਹਿੰਦਾ ਹੈ।2।
ਹੇ ਮਾਂ! ਜਿਸ ਮਨੁੱਖ ਦੇ ਮੱਥੇ ਉਤੇ ਧੁਰੋਂ ਲੇਖ ਲਿਖਿਆ ਹੁੰਦਾ ਹੈ, ਉਸ ਨੂੰ ਵੱਡੇ ਭਾਗਾਂ ਨਾਲ ਗੁਰੂ ਮਿਲਦਾ ਹੈ। ਹਰ ਵੇਲੇ ਸਦਾ-ਥਿਰ ਪ੍ਰਭੂ ਦੀ ਭਗਤੀ ਕਰਨ ਦੇ ਕਾਰਨ ਸਦਾ-ਥਿਰ ਪ੍ਰਭੂ ਉਸ ਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈ।3।
ਹੇ ਨਾਨਕ! ਪਰਮਾਤਮਾ ਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਹੀ (ਇਸ ਉਤੇ) ਮਿਹਰ ਦੀ ਨਿਗਾਹ ਕਰਦਾ ਹੈ; ਜਿਹੜਾ ਜੀਵ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ (ਆਪਣੇ) ਨਾਮ ਵਿਚ (ਜੋੜ ਕੇ ਲੋਕ ਪਰਲੋਕ ਦੀਆਂ) ਵਡਿਆਈਆਂ ਦੇਂਦਾ ਹੈ।4।2।