Today’s Hukamnama from Gurdwara Sri Ber Sahib Sultanpur Lodhi

136

ਸ਼ੁੱਕਰਵਾਰ 21 ਦਸੰਬਰ 2018 (6 ਪੋਹ ਸੰਮਤ 550 ਨਾਨਕਸ਼ਾਹੀ)

ਸੋਰਠਿ ਮਹਲਾ ੫ ਘਰੁ ੨ ॥ ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ ॥ ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹੁ ਤਾਰਨਹਾਰੇ ॥੧॥ ਮਾਧੌ ਤੂ ਠਾਕੁਰੁ ਸਿਰਿ ਮੋਰਾ ॥ ਈਹਾ ਊਹਾ ਤੁਹਾਰੋ ਧੋਰਾ ॥ ਰਹਾਉ ॥ ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੁ ਜਾਨੈ ॥ ਤੂ ਦਾਤਾ ਮਾਗਨ ਕਉ ਸਗਲੀ ਦਾਨੁ ਦੇਹਿ ਪ੍ਰਭ ਭਾਨੈ ॥੨॥ ਖਿਨ ਮਹਿ ਅਵਰੁ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ ॥ ਰੂੜੋ ਗੂੜੋ ਗਹਿਰ ਗੰਭੀਰੋ ਊਚੌ ਅਗਮ ਅਪਾਰੇ ॥੩॥ ਸਾਧਸੰਗਿ ਜਉ ਤੁਮਹਿ ਮਿਲਾਇਓ ਤਉ ਸੁਨੀ ਤੁਮਾਰੀ ਬਾਣੀ ॥ ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ॥੪॥੭॥੧੮॥ {ਅੰਗ 613}

ਪਦਅਰਥ: ਗਰਭ ਮੋਹਿ = ਪੇਟ ਵਿਚ। ਆਪਨ = ਆਪਣਾ। ਦੇ = ਦੇ ਕੇ। ਤਹ = ਉਥੇ, ਮਾਂ ਦੇ ਪੇਟ ਵਿਚ। ਰਾਖਨਹਾਰੇ = ਬਚਾਣ ਦੀ ਸਮਰਥਾ ਵਾਲੇ। ਪਾਵਕ = (ਵਿਕਾਰਾਂ ਦੀ) ਅੱਗ। ਸਾਗਰ = ਸਮੁੰਦਰ। ਅਥਾਹ = ਬਹੁਤ ਡੂੰਘਾ। ਤਾਰਨਹਾਰੇ = ਹੇ ਪਾਰ ਲੰਘਾ ਸਕਣ ਵਾਲੇ!੧।

ਮਾਧੌ = {ਮਾ = ਧਵ = ਮਾਇਆ ਦਾ ਪਤੀਹੇ ਪ੍ਰਭੂ! ਸਿਰਿ ਮੋਰਾ = ਮੇਰੇ ਸਿਰ ਉੱੱਤੇ। ਈਹਾ = ਇਸ ਲੋਕ ਵਿਚ। ਊਹਾ = ਉਸ ਲੋਕ ਵਿਚ। ਧੋਰਾ = ਆਸਰਾ।ਰਹਾਉ।

ਕੀਤੇ ਕਉ = ਬਣਾਈਆਂ ਚੀਜ਼ਾਂ ਨੂੰ। ਮੇਰੈ ਸੰਮਾਨੈ = ਮੇਰੈ ਸਮ ਮਾਨੈ, ਮੇਰੂ ਪਹਾੜ ਦੇ ਬਰਾਬਰ ਮੰਨਦਾ ਹੈ। ਤ੍ਰਿਣੁ = ਤੀਲਾ, ਤੁੱਛ। ਮਾਗਨ ਕਉ = ਮੰਗਣ ਵਾਲੀ। ਸਗਲੀ = ਸਾਰੀ ਲੁਕਾਈ। ਦੇਹਿ = ਤੂ ਦੇਂਦਾ ਹੈਂ। ਪ੍ਰਭ = ਹੇ ਪ੍ਰਭੂ! ਭਾਨੈ = ਆਪਣੀ ਰਜ਼ਾ ਵਿਚ।੨।

ਖਿਨ = ਰਤਾ ਕੁ ਹੀ ਸਮਾ। ਅਵਰੁ = ਹੋਰ। ਖਿਨੈ ਮਹਿ = ਖਿਨ ਵਿਚ ਹੀ। ਅਚਰਜ = ਹੈਰਾਨ ਕਰ ਦੇਣ ਵਾਲੇ। ਚਲਤ = ਕੌਤਕ। ਰੂੜੋ = ਸੋਹਣਾ। ਗੂੜੋ = (ਸਾਰੇ ਸੰਸਾਰ ਵਿਚ) ਲੁਕਿਆ ਹੋਇਆ। ਗੰਭੀਰੋ = ਵੱਡੇ ਜਿਗਰੇ ਵਾਲਾ। ਅਗਮ = ਹੇ ਅਪਹੁੰਚ! ਅਪਾਰੇ = ਹੇ ਅਪਾਰ! ਹੇ ਬੇਅੰਤ!੩।

ਸਾਧ ਸੰਗਿ = ਸਾਧ ਸੰਗਤਿ ਵਿਚ। ਜਉ = ਜਦੋਂ। ਤੁਮਹਿ = ਤੂੰ ਆਪ ਹੀ। ਤਉ = ਤਦੋਂ। ਪੇਖਤ ਹੀ = ਵੇਖਦਿਆਂ ਹੀ। ਪੁਰਖ = ਸਰਬ = ਵਿਆਪਕ। ਨਿਰਬਾਣੀ = ਵਾਸ਼ਨਾ = ਰਹਿਤ।੪।

ਅਰਥ: ਹੇ ਪ੍ਰਭੂ! ਤੂੰ ਮੇਰੇ ਸਿਰ ਉੱਤੇ ਰਾਖਾ ਹੈਂ ਇਸ ਲੋਕ ਵਿਚ, ਤੇ, ਪਰਲੋਕ ਵਿਚ ਮੈਨੂੰ ਤੇਰਾ ਹੀ ਆਸਰਾ ਹੈ।ਰਹਾਉ।

ਹੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਦੀ ਸਮਰਥਾ ਰੱਖਣ ਵਾਲੇਮਾਂ ਦੇ ਪੇਟ ਵਿਚ ਸਾਨੂੰ ਤੂੰ ਆਪਣਾ ਸਿਮਰਨ ਦੇ ਕੇ ਉੱਥੇ ਸਾਡੀ ਰੱਖਿਆ ਕਰਨ ਵਾਲਾ ਹੈਂ। (ਵਿਕਾਰਾਂ ਦੀ) ਅੱਗ ਦੇ ਸਮੁੰਦਰ ਦੀਆਂ ਡੂੰਘੀਆਂ ਲਹਿਰਾਂ ਵਿਚ ਡਿੱਗੇ ਪਏ ਨੂੰ ਭੀ ਮੈਨੂੰ ਪਾਰ ਲੰਘਾ ਲੈ।੧।

ਹੇ ਪ੍ਰਭੂ! ਤੇਰੇ ਪੈਦਾ ਕੀਤੇ ਪਦਾਰਥਾਂ ਨੂੰ (ਇਹ ਜੀਵ) ਮੇਰੂ ਪਰਬਤ ਜੇਡੀਆਂ ਵੱਡੀਆਂ ਸਮਝਦਾ ਹੈ, ਪਰ ਤੈਨੂੰ ਜੋ ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ਇਕ ਤੀਲੇ ਵਰਗਾ ਜਾਣਦਾ ਹੈਂ। ਹੇ ਪ੍ਰਭੂਤੂੰ ਸਭ ਦਾਤਾਂ ਦੇਣ ਵਾਲਾ ਹੈਂ, ਸਾਰੀ ਲੁਕਾਈ ਤੇਰੇ ਹੀ ਦਰ ਤੋਂ ਮੰਗਣ ਵਾਲੀ ਹੈ, ਤੂੰ ਆਪਣੀ ਰਜ਼ਾ ਵਿਚ ਸਭ ਨੂੰ ਦਾਨ ਦੇਂਦਾ ਹੈਂ।੨।

ਹੇ ਪ੍ਰਭੂ! ਤੇਰੇ ਕੌਤਕ ਹੈਰਾਨ ਕਰ ਦੇਣ ਵਾਲੇ ਹਨ, ਇਕ ਛਿਨ ਵਿਚ ਤੂੰ ਕੁਝ ਦਾ ਕੁਝ ਬਣਾ ਦੇਂਦਾ ਹੈਂ। ਹੇ ਅਪਹੁੰਚ! ਹੇ ਬੇਅੰਤ। ਤੂੰ ਸਭ ਤੋਂ ਉੱਚਾ ਹੈਂ, ਤੂੰ ਸੋਹਣਾ ਹੈਂ, ਤੂੰ ਵੱਡੇ ਜਿਗਰੇ ਵਾਲਾ ਹੈਂ, ਤੂੰ ਸਾਰੇ ਸੰਸਾਰ ਵਿਚ ਗੁਪਤ ਵੱਸ ਰਿਹਾ ਹੈਂ।੩।

ਹੇ ਨਾਨਕ! ਆਖ-) ਹੇ ਸਰਬ-ਵਿਆਪਕ ਪ੍ਰਭੂ! ਜਦੋਂ ਤੂੰ ਆਪ ਹੀ (ਕਿਸੇ ਜੀਵ ਨੂੰ) ਸਾਧ ਸੰਗਤਿ ਵਿਚ ਮਿਲਾਂਦਾ ਹੈਂ, ਤਦੋਂ ਉਹ ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣਦਾ ਹੈ। (ਹੇ ਭਾਈ!) ਵਾਸ਼ਨਾ-ਰਹਿਤ ਸਰਬ-ਵਿਆਪਕ ਪ੍ਰਭੂ ਦਾ ਪਰਤਾਪ ਵੇਖ ਕੇ ਤਦੋਂ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ।੪।੭।੧੮।