Today’s Hukamnama from Gurdwara Sri Ber Sahib Sultanpur Lodhi

48

ਮੰਗਲਵਾਰ 4 ਜੂਨ 2019 (21 ਜੇਠ ਸੰਮਤ 551 ਨਾਨਕਸ਼ਾਹੀ)

ਜੈਤਸਰੀ ਮਹਲਾ ੫ ॥ ਕੋਈ ਜਨੁ ਹਰਿ ਸਿਉ ਦੇਵੈ ਜੋਰਿ ॥ ਚਰਨ ਗਹਉ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰਿ ॥੧॥ ਰਹਾਉ ॥ ਮਨੁ ਤਨੁ ਨਿਰਮਲ ਕਰਤ ਕਿਆਰੋ ਹਰਿ ਸਿੰਚੈ ਸੁਧਾ ਸੰਜੋਰਿ ॥ ਇਆ ਰਸ ਮਹਿ ਮਗਨੁ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰਿ ॥੧॥ ਆਇਓ ਸਰਣਿ ਦੀਨ ਦੁਖ ਭੰਜਨ ਚਿਤਵਉ ਤੁਮ੍ਹ੍ਹਰੀ ਓਰਿ ॥ ਅਭੈ ਪਦੁ ਦਾਨੁ ਸਿਮਰਨੁ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰਿ ॥੨॥੫॥੯॥ {ਪੰਨਾ 701}

ਪਦਅਰਥ: ਸਿਉ = ਨਾਲ। ਜੋਰਿ = ਜੋੜਿ। ਗਹਉ = ਗਹਉਂ, ਮੈਂ ਫੜ ਲਵਾਂ। ਬਕਉ = ਬਕਉਂ, ਮੈਂ ਬੋਲਾਂ। ਸਭੁ = ਮਿੱਠੇ ਬੋਲ। ਰਸਨਾ = ਜੀਭ (ਨਾਲ) । ਅਕੋਰਿ = ਭੇਟਾ।੧।ਰਹਾਉ।ਕਿਆਰੋ = ਕਿਆਰਾ। ਸਿੰਚੈ = ਸਿੰਜਦਾ ਹੈ। ਸੁਧਾ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਸੰਜੋਰਿ = ਚੰਗੀ ਤਰ੍ਹਾਂ ਜੋੜ ਕੇ। ਇਆ ਰਸ ਮਹਿ = ਇਸ ਰਸ ਵਿਚ। ਮਗਨੁ = ਮਸਤ। ਤੇ = ਤੋਂ, ਨਾਲ। ਬਿਖਿਆ = ਮਾਇਆ। ਤੋਰਿ = ਤੋੜ ਕੇ।੧।ਦੀਨ ਦੁਖ ਭੰਜਨ = ਹੇ ਦੀਨਾਂ ਦੇ ਦੁੱਖ ਦੂਰ ਕਰਨ ਵਾਲੇ! ਚਿਤਵਉ = ਚਿਤਵਉਂ, ਮੈਂ ਚਿਤਵਦਾ ਹਾਂ। ਓਰਿ = ਪਾਸਾ, ਓਟ। ਅਭੈ ਪਦੁ = ਨਿਰਭੈਤਾ ਦੀ ਅਵਸਥਾ। ਕੋ = ਦਾ। ਛੋਰਿ = ਛੁੜਾ ਕੇ।੨।

ਅਰਥ: ਹੇ ਭਾਈ! ਜੇ ਕੋਈ ਮਨੁੱਖ ਮੈਨੂੰ ਪਰਮਾਤਮਾ (ਦੇ ਚਰਨਾਂ) ਨਾਲ ਜੋੜ ਦੇਵੇ, ਤਾਂ ਮੈਂ ਉਸ ਦੇ ਚਰਨ ਫੜ ਲਵਾਂ, ਮੈਂ ਜੀਭ ਨਾਲ (ਉਸ ਦੇ ਧੰਨਵਾਦ ਦੇ) ਮਿੱਠੇ ਬੋਲ ਬੋਲਾਂ। ਮੇਰੇ ਇਹ ਪ੍ਰਾਣ ਉਸ ਅੱਗੇ ਭੇਟਾ ਦੇ ਤੌਰ ਤੇ ਦਿੱਤੇ ਜਾਣ।੧।ਰਹਾਉ।ਹੇ ਭਾਈ! ਕੋਈ ਵਿਰਲਾ ਮਨੁੱਖ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਨੂੰ ਸਰੀਰ ਨੂੰ, ਪਵਿਤ੍ਰ ਕਿਆਰਾ ਬਣਾਂਦਾ ਹੈ, ਉਸ ਵਿਚ ਪ੍ਰਭੂ ਦਾ ਨਾਮ-ਜਲ ਚੰਗੀ ਤਰ੍ਹਾਂ ਸਿੰਜਦਾ ਹੈ, ਤੇ, ਵੱਡੀ (ਮੋਹਣੀ) ਮਾਇਆ ਨਾਲੋਂ (ਸੰਬੰਧ) ਤੋੜ ਕੇ ਇਸ (ਨਾਮ-) ਰਸ ਵਿਚ ਮਸਤ ਰਹਿੰਦਾ ਹੈ।੧।ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰਾ ਹੀ ਆਸਰਾ (ਆਪਣੇ ਮਨ ਵਿਚ) ਚਿਤਾਰਦਾ ਰਹਿੰਦਾ ਹਾਂ। ਹੇ ਪ੍ਰਭੂ! ਮੈਂ) ਨਾਨਕ ਦੇ (ਮਾਇਆ ਵਾਲੇ) ਬੰਧਨ ਛੁਡਾ ਕੇ ਮੈਨੂੰ ਆਪਣੇ ਨਾਮ ਦਾ ਸਿਮਰਨ ਦੇਹ, ਮੈਨੂੰ (ਵਿਕਾਰਾਂ ਦੇ ਟਾਕਰੇ ਤੇ) ਨਿਰਭੈਤਾ ਵਾਲੀ ਅਵਸਥਾ ਬਖ਼ਸ਼।੨।੫।੯।