Today’s Hukamnama from Gurdwara Sri Ber Sahib Sultanpur Lodhi

70

ਮੰਗਲਵਾਰ 9 ਅਪ੍ਰੈਲ 2019 (27 ਚੇਤ ਸੰਮਤ 551 ਨਾਨਕਸ਼ਾਹੀ)

ੴ ਸਤਿਗੁਰ ਪ੍ਰਸਾਦਿ ॥ ਰਾਗੁ ਸੂਹੀ ਛੰਤ ਮਹਲਾ ੧ ਘਰੁ ੪ ॥ ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥ ਦਾਨਿ ਤੇਰੈ ਘਟਿ ਚਾਨਣਾ ਤਨਿ ਚੰਦੁ ਦੀਪਾਇਆ ॥ ਚੰਦੋ ਦੀਪਾਇਆ ਦਾਨਿ ਹਰਿ ਕੈ ਦੁਖੁ ਅੰਧੇਰਾ ਉਠਿ ਗਇਆ ॥ ਗੁਣ ਜੰਞ ਲਾੜੇ ਨਾਲਿ ਸੋਹੈ ਪਰਖਿ ਮੋਹਣੀਐ ਲਇਆ ॥ ਵੀਵਾਹੁ ਹੋਆ ਸੋਭ ਸੇਤੀ ਪੰਚ ਸਬਦੀ ਆਇਆ ॥ ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥੧॥ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥ ਇਹੁ ਤਨੁ ਜਿਨ ਸਿਉ ਗਾਡਿਆ ਮਨੁ ਲੀਅੜਾ ਦੀਤਾ ॥ ਲੀਆ ਤ ਦੀਆ ਮਾਨੁ ਜਿਨ੍ਹ੍ਹ ਸਿਉ ਸੇ ਸਜਨ ਕਿਉ ਵੀਸਰਹਿ ॥ ਜਿਨ੍ਹ੍ਹ ਦਿਸਿ ਆਇਆ ਹੋਹਿ ਰਲੀਆ ਜੀਅ ਸੇਤੀ ਗਹਿ ਰਹਹਿ ॥ ਸਗਲ ਗੁਣ ਅਵਗਣੁ ਨ ਕੋਈ ਹੋਹਿ ਨੀਤਾ ਨੀਤਾ ॥ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥੨॥ ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥ ਜੇ ਗੁਣ ਹੋਵਨ੍ਹ੍ਹਿ ਸਾਜਨਾ ਮਿਲਿ ਸਾਝ ਕਰੀਜੈ ॥ ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥ ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥ ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ ॥ ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥੩॥ ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ॥ ਆਖਣ ਤਾ ਕਉ ਜਾਈਐ ਜੇ ਭੂਲੜਾ ਹੋਈ ॥ ਜੇ ਹੋਇ ਭੂਲਾ ਜਾਇ ਕਹੀਐ ਆਪਿ ਕਰਤਾ ਕਿਉ ਭੁਲੈ ॥ ਸੁਣੇ ਦੇਖੇ ਬਾਝੁ ਕਹਿਐ ਦਾਨੁ ਅਣਮੰਗਿਆ ਦਿਵੈ ॥ ਦਾਨੁ ਦੇਇ ਦਾਤਾ ਜਗਿ ਬਿਧਾਤਾ ਨਾਨਕਾ ਸਚੁ ਸੋਈ ॥ ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ॥੪॥੧॥੪॥ {ਅੰਗ 765-766}

ਪਦਅਰਥ: ਜਿਨਿ = ਜਿਸ ਨੇ, (ਹੇ ਪ੍ਰਭੂ!) ਜਿਸ ਤੈਂ ਨੇ। ਕੀਆ = ਪੈਦਾ ਕੀਤਾ ਹੈ। ਤਿਨਿ = ਉਸ ਨੇ (ਹੇ ਪ੍ਰਭੂ!) ਉਸ ਤੈਂ ਨੇ ਹੀ। ਦੇਖਿਆ = ਸੰਭਾਲ ਕੀਤੀ ਹੋਈ ਹੈ। ਧੰਧੜੈ = ਮਾਇਆ ਦੀ ਦੌੜ = ਭੱਜ ਵਿਚ। ਦਾਨਿ ਤੇਰੈ = ਤੇਰੀ ਬਖ਼ਸ਼ਸ਼ ਨਾਲ। ਘਟਿ = ਜੀਵ ਦੇ ਹਿਰਦੇ ਵਿਚ। ਤਨਿ = ਸਰੀਰ ਵਿਚ। ਚੰਦੁ ਦੀਪਾਇਆ = ਚੰਦ ਚਮਕ ਰਿਹਾ ਹੈ, ਸੀਤਲਤਾ ਹੁਲਾਰੇ ਦੇ ਰਹੀ ਹੈ। ਦਾਨਿ ਹਰਿ ਕੈ = ਪਰਮਾਤਮਾ ਦੀ ਬਖ਼ਸ਼ਸ਼ ਨਾਲ। ਸੋਹੈ– ਸੋਭਦੀ ਹੈ। ਪਰਖਿ = ਪਰਖ ਕੇ। ਮੋਹਣੀ = ਮਨ ਨੂੰ ਮੋਹ ਲੈਣ ਵਾਲੀ, ਸੁੰਦਰ ਇਸਤ੍ਰੀ, ਉਹ ਜੀਵ = ਇਸਤ੍ਰੀ ਜਿਸ ਨੇ ਆਪਣਾ ਜੀਵਨ ਸੁੰਦਰ ਬਣਾ ਲਿਆ ਹੈ। ਮੋਹਣੀਐ = ਸੁੰਦਰ ਜੀਵ = ਇਸਤ੍ਰੀ ਨੇ। ਸੇਤੀ = ਨਾਲ। ਸੋਭ = ਸੋਭਾ। ਵੀਵਾਹੁ = ਜੀਵ = ਇਸਤ੍ਰੀ ਦਾ ਪ੍ਰਭੂ ਨਾਲ ਮਿਲਾਪ। ਪੰਚ ਸਬਦ = ਪੰਜ ਕਿਸਮਾਂ ਦੇ ਸਾਜਾਂ ਦੇ ਵੱਜਣ ਦੀਆਂ ਆਵਾਜ਼ਾਂ। ਪੰਚ ਸਬਦ ਧੁਨਿ = ਪੰਚ ਕਿਸਮਾਂ ਦੇ ਸਾਜਾਂ ਦੇ ਵੱਜਣ ਤੋਂ ਪੈਦਾ ਹੋਈ ਮਿਲਵੀਂ ਸੁਰ, ਇਕ-ਰਸ ਆਨੰਦ। ਪੰਚ ਸਬਦੀ = ਇਕ-ਰਸ ਆਨੰਦ ਦਾ ਦੇਣ ਵਾਲਾ ਪ੍ਰਭੂ। ਆਇਆ = ਹਿਰਦੇ ਵਿਚ ਪਰਗਟ ਹੋਇਆ।੧।

ਹਉ = ਮੈਂ। ਅਵਰੀਤਾ = {अवृत} ਜਿਨ੍ਹਾਂ ਉਤੇ ਮਾਇਆ ਦਾ ਪਰਦਾ ਨਹੀਂ ਪਿਆ। ਜਿਨ ਸਿਉ ਗਾਡਿਆ = ਜਿਨ੍ਹਾਂ ਨਾਲ ਮਿਲਾਇਆ ਹੈ। ਤਨੁ = ਸਰੀਰ। ਮਨੁ ਲੀਅੜਾ ਦੀਤਾ = ਜਿਨ੍ਹਾਂ ਦਾ ਮਨ ਲਿਆ ਹੈ ਤੇ ਜਿਨ੍ਹਾਂ ਨੂੰ ਆਪਣਾ ਮਨ ਦਿੱਤਾ ਹੈ, ਜਿਨ੍ਹਾਂ ਨਾਲ ਦਿਲ ਦੀ ਸਾਂਝ ਪਾਈ ਹੈ। ਮਾਨੁ = ਮਨ। ਵੀਸਰਹਿ = ਭੁੱਲ ਜਾਣ। ਦਿਸਿ ਆਇਆ = ਦੀਦਾਰ ਕੀਤਿਆਂ। ਹੋਹਿ ਰਲੀਆ = ਆਤਮਕ ਖ਼ੁਸ਼ੀਆਂ ਪੈਦਾ ਹੁੰਦੀਆਂ ਹਨ। ਜੀਅ ਸੇਤੀ = ਜਿੰਦ ਨਾਲ। ਗਹਿ ਰਹਹਿ = ਫੜ ਰੱਖਦੇ ਹਨ, ਲਾ ਰੱਖਦੇ ਹਨ। ਸਗਲ = ਸਾਰੇ। ਨੀਤਾ ਨੀਤਾ = ਨਿੱਤ ਹੀ ਨਿੱਤ, ਸਦਾ ਹੀ।੨।

ਵਾਸ = {वासु = to make fragrant ਸੁਗੰਧਿਤ ਕਰਨਾ} ਸੁਗੰਧੀ, ਖ਼ੁਸ਼ਬੂ। ਵਾਸੁਲਾ = ਸੁਗੰਧੀ ਦੇਣ ਵਾਲੀਆਂ ਚੀਜ਼ਾਂ ਦਾ ਡੱਬਾ। ਕਢਿ = ਕੱਢ ਕੇ। ਲਈਜੈ = ਲੈਣੀ ਚਾਹੀਦੀ ਹੈ। ਸਾਜਨਾ ਮਿਲਿ = ਗੁਰਮੁਖਾਂ ਨਾਲ ਮਿਲ ਕੇ। ਸਾਝ = ਗੁਣਾਂ ਦੀ ਸਾਂਝ। ਕਰੀਜੈ = ਕਰਨੀ ਚਾਹੀਦੀ ਹੈ। ਗੁਣਹ ਕੇਰੀ = ਗੁਣਾਂ ਦੀ। ਕੇਰੀ = ਦੀ। ਛੋਡਿ = ਤਿਆਗ ਕੇ। ਚਲੀਐ = ਜੀਵਨ = ਸਫ਼ਰ ਵਿਚ ਤੁਰਨਾ ਚਾਹੀਦਾ ਹੈ। ਪਹਿਰੇ = ਪਹਿਰਿ, ਪਹਿਨ ਕੇ। ਪਟੰਬਰ = {ਪਟ = ਅੰਬਰ} ਰੇਸ਼ਮ ਦੇ ਕੱਪੜੇ, ਕੋਮਲਤਾ ਤੇ ਪ੍ਰੇਮ ਦਾ ਵਰਤਾਵ। ਅਡੰਬਰ = ਹਾਰ = ਸਿੰਗਾਰ, ਸੋਹਣੇ ਉੱਦਮ। ਮਲੀਐ = ਮੱਲ ਲੈਣਾ ਚਾਹੀਦਾ ਹੈ, ਮੱਲਿਆ ਜਾ ਸਕਦਾ ਹੈ। ਆਪਣਾ ਪਿੜੁ ਮਲੀਐ = ਦੁਨੀਆ ਦੇ ਵਿਕਾਰਾਂ ਦੇ ਟਾਕਰੇ ਤੇ ਪਿੜ ਮੱਲਿਆ ਜਾ ਸਕਦਾ ਹੈ, ਵਿਕਾਰਾਂ ਦੇ ਟਾਕਰੇ ਤੇ ਕੁਸ਼ਤੀ ਜਿੱਤੀ ਜਾ ਸਕਦੀ ਹੈ {ਨੋਟ: ਜਗਤ ਵਿਚ ਜੀਵ, ਮਾਨੋ, ਪਹਿਲਵਾਨ ਹੈ। ਕਾਮਾਦਿਕ ਵਿਕਾਰਾਂ ਨਾਲ ਇਸ ਦੀ ਕੁਸ਼ਤੀ ਹੋ ਰਹੀ ਹੈ। ਜੇਹੜਾ ਹਾਰ ਜਾਂਦਾ ਹੈ ਉਹ ਪਿੜ ਵਿਚੋਂ ਭੱਜ ਜਾਂਦਾ ਹੈ}। ਪਿੜ = ਉਹ ਥਾਂ ਜਿੱਥੇ ਕੁਸ਼ਤੀਆਂ ਹੁੰਦੀਆਂ ਹਨ, ਘੋਲ ਹੁੰਦੇ ਹਨ। ਕਹੀਐ = ਕਹਿਣਾ ਚਾਹੀਦਾ ਹੈ। ਝੋਲਿ = ਹਿਲਾ ਕੇ, ਨਿਤਾਰ ਕੇ, ਵਿਕਾਰਾਂ ਦੇ ਬੂਰ ਆਦਿਕ ਨੂੰ ਪਰੇ ਹਟਾ ਕੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਪੀਜੈ = ਪੀਣਾ ਚਾਹੀਦਾ ਹੈ।੩।

ਕਿਸੁ ਆਖੀਐ = ਹੋਰ ਕਿਸੇ ਅੱਗੇ ਗਿਲਾ ਨਹੀਂ ਕੀਤਾ ਜਾ ਸਕਦਾ। ਤਾ ਕਉ = ਉਸ (ਪਰਮਾਤਮਾ) ਨੂੰ। ਜਾਇ = ਜਾ ਕੇ। ਕਿਉ ਭੁਲੈ = ਨਹੀਂ ਭੁੱਲ ਸਕਦਾ। ਬਾਝੁ ਕਹਿਐ = (ਜੀਵਾਂ ਦੇ) ਆਖਣ ਤੋਂ ਬਿਨਾ ਹੀ। ਦਿਵੈ = ਦੇਂਦਾ ਹੈ, ਦੇਵੈ। ਦੇਇ = ਦੇਂਦਾ ਹੈ। ਜਗਿ = ਜਗਤ ਵਿਚ (ਸਭ ਜੀਵਾਂ ਨੂੰ) । ਬਿਧਾਤਾ = ਸਿਰਜਣਹਾਰ। ਸਚੁ = ਸਦਾ-ਥਿਰ ਰਹਿਣ ਵਾਲਾ।੪।

ਅਰਥ: ਜਿਸ ਪ੍ਰਭੂ ਨੇ ਇਹ ਜਗਤ ਪੈਦਾ ਕੀਤਾ ਹੈ ਉਸੇ ਨੇ ਇਸ ਦੀ ਸੰਭਾਲ ਕੀਤੀ ਹੋਈ ਹੈ, ਉਸੇ ਨੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ।

(ਪਰ ਹੇ ਪ੍ਰਭੂ!) ਤੇਰੀ ਬਖ਼ਸ਼ਸ਼ ਨਾਲ (ਕਿਸੇ ਸੁਭਾਗ) ਹਿਰਦੇ ਵਿਚ ਤੇਰੀ ਜੋਤਿ ਦਾ ਚਾਨਣ ਹੁੰਦਾ ਹੈ, (ਕਿਸੇ ਸੁਭਾਗ) ਸਰੀਰ ਵਿਚ ਚੰਦ ਚਮਕਦਾ ਹੈ (ਤੇਰੇ ਨਾਮ ਦੀ ਸੀਤਲਤਾ ਹੁਲਾਰੇ ਦੇਂਦੀ ਹੈ) ।

ਪ੍ਰਭੂ ਦੀ ਬਖ਼ਸ਼ਸ਼ ਨਾਲ ਜਿਸ ਹਿਰਦੇ ਵਿਚ (ਪ੍ਰਭੂ-ਨਾਮ ਦੀ) ਸੀਤਲਤਾ ਲਿਸ਼ਕ ਮਾਰਦੀ ਹੈ ਉਸ ਹਿਰਦੇ ਵਿਚੋਂ (ਅਗਿਆਨਤਾ ਦਾ) ਹਨੇਰਾ ਤੇ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ। ਜਿਵੇਂ ਜੰਞ ਲਾੜੇ ਨਾਲ ਹੀ ਸੋਹਣੀ ਲੱਗਦੀ ਹੈ, ਤਿਵੇਂ ਜੀਵ-ਇਸਤ੍ਰੀ ਦੇ ਗੁਣ ਤਦੋਂ ਹੀ ਸੋਭਦੇ ਹਨ ਜੇ ਪ੍ਰਭੂ-ਪਤੀ ਹਿਰਦੇ ਵਿਚ ਵੱਸਦਾ ਹੋਵੇ। ਜਿਸ ਜੀਵ-ਇਸਤ੍ਰੀ ਨੇ ਆਪਣੇ ਜੀਵਨ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਸੁੰਦਰ ਬਣਾ ਲਿਆ ਹੈ, ਉਸ ਨੇ ਇਸ ਦੀ ਕਦਰ ਸਮਝ ਕੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ। ਉਸ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ, (ਲੋਕ ਪਰਲੋਕ ਵਿਚ) ਉਸ ਨੂੰ ਸੋਭਾ ਭੀ ਮਿਲਦੀ ਹੈ, ਇਕ-ਰਸ ਆਤਮਕ ਆਨੰਦ ਦਾ ਦਾਤਾ ਪ੍ਰਭੂ ਉਸ ਦੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ।

ਜਿਸ ਪ੍ਰਭੂ ਨੇ ਇਹ ਜਗਤ ਪੈਦਾ ਕੀਤਾ ਹੈ ਉਹੀ ਇਸ ਦੀ ਸੰਭਾਲ ਕਰਦਾ ਹੈ, ਉਸ ਨੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ।੧।

ਮੈਂ ਉਹਨਾਂ ਸੱਜਣਾਂ ਮਿੱਤਰਾਂ ਤੋਂ ਸਦਕੇ ਹਾਂ ਜਿਨ੍ਹਾਂ ਉਤੇ ਮਾਇਆ ਦਾ ਪਰਦਾ ਨਹੀਂ ਪਿਆ ਜਿਨ੍ਹਾਂ ਦੀ ਸੰਗਤਿ ਕਰ ਕੇ ਮੈਂ ਉਹਨਾਂ ਨਾਲ ਦਿਲੀ ਸਾਂਝ ਪਾਈ ਹੈ। ਜਿਨ੍ਹਾਂ ਗੁਰਮੁਖਾਂ ਨਾਲ ਦਿਲੀ ਸਾਂਝ ਪੈ ਸਕੇ ਉਹ ਸੱਜਣ ਕਦੇ ਭੀ ਭੁੱਲਣੇ ਨਹੀਂ ਚਾਹੀਦੇ। ਉਹਨਾਂ ਦਾ ਦਰਸਨ ਕੀਤਿਆਂ ਆਤਮਕ ਖ਼ੁਸ਼ੀਆਂ ਪੈਦਾ ਹੁੰਦੀਆਂ ਹਨ, ਉਹ ਸੱਜਣ (ਆਪਣੇ ਸਤਸੰਗੀਆਂ ਨੂੰ ਆਪਣੀ) ਜਾਨ ਨਾਲ ਲਾ ਰੱਖਦੇ ਹਨ (ਜਿੰਦ ਤੋਂ ਪਿਆਰਾ ਸਮਝਦੇ ਹਨ) । ਉਹਨਾਂ ਵਿਚ ਸਾਰੇ ਗੁਣ ਹੀ ਗੁਣ ਹੁੰਦੇ ਹਨ, ਔਗੁਣ ਉਹਨਾਂ ਦੇ ਨੇੜੇ ਨਹੀਂ ਢੁਕਦੇ।

ਮੈਂ ਸਦਕੇ ਹਾਂ ਉਹਨਾਂ ਸੱਜਣਾਂ ਮਿੱਤਰਾਂ ਤੋਂ ਜਿਨ੍ਹਾਂ ਉਤੇ ਮਾਇਆ ਦਾ ਪ੍ਰਭਾਵ ਨਹੀਂ ਪਿਆ।੨।

(ਜੇ ਕਿਸੇ ਮਨੁੱਖ ਪਾਸ ਸੁਗੰਧੀ ਦੇਣ ਵਾਲੀਆਂ ਚੀਜ਼ਾਂ ਨਾਲ ਭਰਿਆ ਡੱਬਾ ਹੋਵੇ, ਉਸ ਡੱਬੇ ਦਾ ਲਾਭ ਉਸ ਨੂੰ ਤਦੋਂ ਹੀ ਹੈ ਜੇ ਉਹ ਡੱਬਾ ਖੋਹਲ ਕੇ ਉਹ ਸੁਗੰਧੀ ਲਏ। ਗੁਰਮੁਖਾਂ ਦੀ ਸੰਗਤਿ ਗੁਣਾਂ ਦਾ ਡੱਬਾ ਹੈ) ਜੇ ਕਿਸੇ ਨੂੰ ਗੁਣਾਂ ਦਾ ਡੱਬਾ ਲੱਭ ਪਏ, ਤਾਂ ਉਹ ਡੱਬਾ ਖੋਹਲ ਕੇ (ਡੱਬੇ ਵਿਚਲੀ) ਸੁਗੰਧੀ ਲੈਣੀ ਚਾਹੀਦੀ ਹੈ। (ਹੇ ਭਾਈ!) ਜੇ ਤੂੰ ਚਾਹੁੰਦਾ ਹੈਂ ਕਿ ਤੇਰੇ ਅੰਦਰ ਗੁਣ ਪੈਦਾ ਹੋਣ, ਤਾਂ ਗੁਰਮੁਖਾਂ ਨੂੰ ਮਿਲ ਕੇ ਉਹਨਾਂ ਨਾਲ ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ। (ਗੁਰਮੁਖਾਂ ਨਾਲ) ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ, ਇਸ ਤਰ੍ਹਾਂ (ਅੰਦਰੋਂ) ਔਗੁਣ ਤਿਆਗ ਕੇ ਜੀਵਨ-ਰਾਹ ਤੇ ਤੁਰ ਸਕੀਦਾ ਹੈ, ਸਭ ਨਾਲ ਪ੍ਰੇਮ ਵਾਲਾ ਵਰਤਾਵ ਕਰ ਕੇ ਤੇ ਭਲਾਈ ਦੇ ਸੋਹਣੇ ਉੱਦਮ ਕਰ ਕੇ ਵਿਕਾਰਾਂ ਦੇ ਟਾਕਰੇ ਤੇ ਜੀਵਨ-ਘੋਲ ਜਿੱਤਿਆ ਜਾ ਸਕਦਾ ਹੈ।

(ਗੁਰਮੁਖਾਂ ਦੀ ਸੰਗਤਿ ਦੀ ਬਰਕਤਿ ਨਾਲ ਫਿਰ) ਜਿੱਥੇ ਭੀ ਜਾ ਕੇ ਬੈਠੀਏ ਭਲਾਈ ਦੀ ਗੱਲ ਹੀ ਕੀਤੀ ਜਾ ਸਕਦੀ ਹੈ, ਤੇ ਮੰਦੇ ਪਾਸੇ ਵਲੋਂ ਹਟ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਤਾ ਜਾ ਸਕਦਾ ਹੈ।

(ਹੇ ਭਾਈ!) ਜੇ ਕਿਸੇ ਨੂੰ ਗੁਣਾਂ ਦਾ ਡੱਬਾ ਲੱਭ ਪਏ ਤਾਂ ਉਹ ਡੱਬਾ ਖੋਹਲ ਕੇ (ਡੱਬੇ ਵਿਚਲੀ) ਸੁਗੰਧੀ ਲੈਣੀ ਚਾਹੀਦੀ ਹੈ।੩।

(ਜਗਤ ਵਿਚ ਅਨੇਕਾਂ ਜੀਵ ਗੁਣ ਵਿਹਾਝ ਰਹੇ ਹਨ, ਅਨੇਕਾਂ ਹੀ ਔਗੁਣ ਕਮਾ ਰਹੇ ਹਨ। ਇਹ ਪਰਮਾਤਮਾ ਦੀ ਆਪਣੀ ਹੀ ਰਚੀ ਖੇਡ ਹੈ) ਪਰਮਾਤਮਾ ਆਪ ਹੀ (ਇਹ ਸਭ ਕੁਝ) ਕਰ ਰਿਹਾ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ ਕਰ ਸਕਦਾ, (ਤਾਹੀਏਂ) ਕਿਸੇ ਹੋਰ ਦੇ ਪਾਸ (ਇਸ ਦੇ ਸੰਬੰਧ ਵਿਚ) ਕੋਈ ਗਿਲਾ ਆਦਿਕ ਨਹੀਂ ਕੀਤਾ ਜਾ ਸਕਦਾ। (ਫਿਰ ਜੋ ਕੁਝ ਉਹ ਪ੍ਰਭੂ ਕਰਦਾ ਹੈ ਠੀਕ ਕਰਦਾ ਹੈ) ਉਹ ਖੁੰਝਿਆ ਹੋਇਆ ਨਹੀਂ ਹੈ, ਇਸ ਵਾਸਤੇ (ਕਿਸੇ ਖੁੰਝਾਈ ਬਾਰੇ) ਉਸ ਨੂੰ ਕੁਝ ਆਖਣ ਜਾਣ ਦੀ ਲੋੜ ਹੀ ਨਹੀਂ ਪੈਂਦੀ। ਜੇ ਉਹ ਖੁੰਝਿਆ ਹੋਇਆ ਹੋਵੇ ਤਾਂ ਜਾ ਕੇ ਕੁਝ ਆਖੀਏ ਭੀ, ਪਰ ਆਪ ਕਰਤਾਰ ਕੋਈ ਭੁੱਲ ਨਹੀਂ ਕਰ ਸਕਦਾ। ਉਹ ਸਭ ਜੀਵਾਂ ਦੀਆਂ ਅਰਦਾਸਾਂ ਸੁਣਦਾ ਹੈ ਉਹ ਸਭ ਜੀਵਾਂ ਦੇ ਕੀਤੇ ਕੰਮ ਵੇਖਦਾ ਹੈ, ਮੰਗਣ ਤੋਂ ਬਿਨਾ ਹੀ ਸਭ ਨੂੰ ਦਾਨ ਦੇਂਦਾ ਹੈ। ਉਹ ਦਾਤਾਰ ਜਗਤ ਵਿਚ ਹਰੇਕ ਜੀਵ ਨੂੰ ਦਾਨ ਦੇਂਦਾ ਹੈ। ਹੇ ਨਾਨਕ! ਉਹ ਸਿਰਜਣਹਾਰ ਹੀ ਸਦਾ-ਥਿਰ ਰਹਿਣ ਵਾਲਾ ਹੈ। ਉਹ ਸਭ ਕੁਝ ਆਪ ਹੀ ਕਰਦਾ ਹੈ, ਕੋਈ ਹੋਰ (ਉਸ ਤੋਂ ਆਕੀ ਹੋ ਕੇ) ਕੁਝ ਨਹੀਂ ਕਰ ਸਕਦਾ। ਕਿਸੇ ਹੋਰ ਦੇ ਪਾਸ ਜਾ ਕੇ ਕੋਈ ਗਿਲਾ ਨਹੀਂ ਕੀਤਾ ਜਾ ਸਕਦਾ।੪।੧।੪।