Today’s Hukamnama from Gurdwara Sri Ber Sahib Sultanpur Lodhi

91

ਸ਼ੁੱਕਰਵਾਰ 15 ਮਾਰਚ 2019 (2 ਚੇਤ ਸੰਮਤ 551 ਨਾਨਕਸ਼ਾਹੀ)

ਸੂਹੀ ਮਹਲਾ ੫ ॥ ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ ॥ ਨਾਮ ਬਿਨਾ ਸਭਿ ਕੂੜੁ ਗਾਲ੍ਹ੍ਹੀ ਹੋਛੀਆ ॥੧॥ ਨਾਮੁ ਨਿਧਾਨੁ ਅਪਾਰੁ ਭਗਤਾ ਮਨਿ ਵਸੈ ॥ ਜਨਮ ਮਰਣ ਮੋਹੁ ਦੁਖੁ ਸਾਧੂ ਸੰਗਿ ਨਸੈ ॥੧॥ ਰਹਾਉ ॥ ਮੋਹਿ ਬਾਦਿ ਅਹੰਕਾਰਿ ਸਰਪਰ ਰੁੰਨਿਆ ॥ ਸੁਖੁ ਨ ਪਾਇਨ੍ਹ੍ਹਿ ਮੂਲਿ ਨਾਮ ਵਿਛੁੰਨਿਆ ॥੨॥ ਮੇਰੀ ਮੇਰੀ ਧਾਰਿ ਬੰਧਨਿ ਬੰਧਿਆ ॥ ਨਰਕਿ ਸੁਰਗਿ ਅਵਤਾਰ ਮਾਇਆ ਧੰਧਿਆ ॥੩॥ ਸੋਧਤ ਸੋਧਤ ਸੋਧਿ ਤਤੁ ਬੀਚਾਰਿਆ ॥ ਨਾਮ ਬਿਨਾ ਸੁਖੁ ਨਾਹਿ ਸਰਪਰ ਹਾਰਿਆ ॥੪॥ {ਅੰਗ 761}

ਪਦਅਰਥ: ਪੁਕਾਰਨਿ = (ਜੇਹੜੇ ਮਨੁੱਖ ਕਰਮ ਕਾਂਡ ਆਦਿਕ ਦਾ ਰਾਹ) ਉੱਚੀ ਉੱਚੀ ਦੱਸਦੇ ਹਨ। ਸਭਿ = ਸਾਰੇ। ਗਾਲ੍ਹ੍ਹੀ = ਗੱਲਾਂ। ਹੋਛੀਆ = ਹੋਛੀਆਂ, ਥੋਥੀਆਂ।੧।

ਨਿਧਾਨੁ = ਖ਼ਜ਼ਾਨਾ। ਅਪਾਰੁ = ਬੇਅੰਤ। ਮਨਿ = ਮਨ ਵਿਚ। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ।੧।ਰਹਾਉ।

ਮੋਹਿ = ਮੋਹ ਵਿਚ। ਬਾਦਿ = ਝਗੜੇ ਵਿਚ। ਅਹੰਕਾਰਿ = ਅਹੰਕਾਰ ਵਿਚ। ਸਰਪਰ = ਜ਼ਰੂਰ। ਰੁੰਨਿਆ = ਰੋਂਦੇ ਹਨ। ਨ ਪਾਇਨ੍ਹ੍ਹਿ = ਨਹੀਂ ਪਾਂਦੇ। ਮੂਲਿ = ਬਿਲਕੁਲ। ਵਿਛੁੰਨਿਆ = ਵਿਛੁੜੇ ਹੋਏ।੨।

ਮੇਰੀ ਮੇਰੀ ਧਾਰਿ = ਮਾਇਆ ਦੀ ਮਮਤਾ ਦੇ ਖ਼ਿਆਲ ਮਨ ਵਿਚ ਟਿਕਾ ਕੇ। ਬੰਧਨਿ = (ਮੋਹ ਦੇ) ਬੰਧਨ ਵਿਚ। ਨਰਕਿ = ਨਰਕ ਵਿਚ, ਦੁੱਖ ਵਿਚ। ਸੁਰਗਿ = ਸੁਰਗ ਵਿਚ, ਸੁਖ ਵਿਚ। ਅਵਤਾਰ = ਜਨਮ।੩।

ਸੋਧਤ = ਵਿਚਾਰ ਕਰਦਿਆਂ। ਸੋਧਿ = ਵਿਚਾਰ ਕਰ ਕੇ। ਤਤੁ = ਅਸਲੀਅਤ। ਹਾਰਿਆ = (ਜੀਵਨ = ਬਾਜ਼ੀ) ਹਾਰਦੇ ਹਨ।੪।

ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਦਾ ਬੇਅੰਤ ਖ਼ਜ਼ਾਨਾ (ਪਰਮਾਤਮਾ ਦੇ) ਭਗਤਾਂ ਦੇ ਹਿਰਦੇ ਵਿਚ ਵੱਸਦਾ ਹੈ। ਗੁਰੂ ਦੀ ਸੰਗਤਿ ਵਿਚ (ਨਾਮ ਜਪਿਆਂ) ਜਨਮ ਮਰਨ ਦੇ ਦੁੱਖ ਅਤੇ ਮੋਹ ਆਦਿਕ ਹਰੇਕ ਕਲੇਸ਼ ਦੂਰ ਹੋ ਜਾਂਦਾ ਹੈ।੧।ਰਹਾਉ।

ਹੇ ਭਾਈ! ਜੇਹੜੇ ਮਨੁੱਖ ਵੇਦ ਪੁਰਾਣ ਸਿੰਮ੍ਰਿਤੀਆਂ ਆਦਿਕ ਧਰਮ-ਪੁਸਤਕਾਂ ਪੜ੍ਹ ਕੇ (ਨਾਮ ਨੂੰ ਲਾਂਭੇ ਛੱਡ ਕੇ ਕਰਮ ਕਾਂਡ ਆਦਿਕ ਦਾ ਉਪਦੇਸ਼) ਉੱਚੀ ਉੱਚੀ ਸੁਣਾਂਦੇ ਹਨ, ਉਹ ਮਨੁੱਖ ਥੋਥੀਆਂ ਗੱਲਾਂ ਕਰਦੇ ਹਨ। ਪਰਮਾਤਮਾ ਦੇ ਨਾਮ ਤੋਂ ਬਿਨਾ ਝੂਠਾ ਪਰਚਾਰ ਹੀ ਇਹ ਸਾਰੇ ਲੋਕ ਕਰਦੇ ਹਨ।੧।

ਹੇ ਭਾਈ! ਪ੍ਰਭੂ ਦੇ ਨਾਮ ਤੋਂ ਵਿਛੁੜੇ ਹੋਏ ਮਨੁੱਖ ਕਦੇ ਭੀ ਆਤਮਕ ਆਨੰਦ ਨਹੀਂ ਮਾਣਦੇ। ਉਹ ਮਨੁੱਖ ਮਾਇਆ ਦੇ ਮੋਹ ਵਿਚ, ਸ਼ਾਸਤ੍ਰਾਰਥ ਵਿਚ, ਅਹੰਕਾਰ ਵਿਚ ਫਸ ਕੇ ਜ਼ਰੂਰ ਦੁਖੀ ਹੁੰਦੇ ਹਨ।੨।

ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਖੁੰਝ ਕੇ) ਮਾਇਆ ਦੀ ਮਮਤਾ ਦਾ ਖ਼ਿਆਲ ਮਨ ਵਿਚ ਟਿਕਾ ਕੇ ਮੋਹ ਦੇ ਬੰਧਨ ਵਿਚ ਬੱਝੇ ਰਹਿੰਦੇ ਹਨ। ਨਿਰੀ ਮਾਇਆ ਦੇ ਝੰਬੇਲਿਆਂ ਦੇ ਕਾਰਨ ਉਹ ਲੋਕ ਦੁੱਖ ਸੁਖ ਭੋਗਦੇ ਰਹਿੰਦੇ ਹਨ।੩।

ਹੇ ਭਾਈ! ਚੰਗੀ ਤਰ੍ਹਾਂ ਪੜਤਾਲ ਕਰ ਕੇ ਨਿਰਨਾ ਕਰ ਕੇ ਅਸੀ ਇਸ ਅਸਲੀਅਤ ਉਤੇ ਪਹੁੰਚੇ ਹਾਂ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ। ਨਾਮ ਤੋਂ ਵਾਂਜੇ ਰਹਿਣ ਵਾਲੇ ਜ਼ਰੂਰ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਜਾਂਦੇ ਹਨ।੪।