Today’s Hukamnama from Gurdwara Sri Ber Sahib Ji Sultanpur Lodhi

27

ਸ਼ੁੱਕਰਵਾਰ 3 ਜਨਵਰੀ 2025 (20 ਪੋਹ ਸੰਮਤ 556 ਨਾਨਕਸ਼ਾਹੀ)

ਸੋਰਠਿ ਮਹਲਾ ੫ ॥ ਗੁਰਿ ਪੂਰੈ ਕਿਰਪਾ ਧਾਰੀ ॥ ਪ੍ਰਭਿ ਪੂਰੀ ਲੋਚ ਹਮਾਰੀ ॥ ਕਰਿ ਇਸਨਾਨੁ ਗ੍ਰਿਹਿ ਆਏ ॥ ਅਨਦ ਮੰਗਲ ਸੁਖ ਪਾਏ ॥੧॥ ਸੰਤਹੁ ਰਾਮ ਨਾਮਿ ਨਿਸਤਰੀਐ ॥ ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ ॥੧॥ ਰਹਾਉ ॥ ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ ॥ ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ਲਾਏ ॥੨॥ ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥ ਜੀਅ ਜੰਤ ਸਭਿ ਭਏ ਪਵਿਤ੍ਰਾ ਸਤਿਗੁਰ ਕੀ ਸਚੁ ਸਾਖੀ ॥੩॥ ਬਿਘਨ ਬਿਨਾਸਨ ਸਭਿ ਦੁਖ ਨਾਸਨ ਸਤਿਗੁਰਿ ਨਾਮੁ ਦ੍ਰਿੜਾਇਆ ॥ ਖੋਏ ਪਾਪ ਭਏ ਸਭਿ ਪਾਵਨ ਜਨ ਨਾਨਕ ਸੁਖਿ ਘਰਿ ਆਇਆ ॥੪॥੩॥੫੩॥ {ਪੰਨਾ 621-622}

ਪਦਅਰਥ: ਗੁਰਿ = ਗੁਰੂ ਨੇ। ਪ੍ਰਭਿ = ਪ੍ਰਭੂ ਨੇ। ਲੋਚ = ਤਾਂਘ। ਕਰਿ ਇਸਨਾਨੁ = ਮਨ ਨੂੰ ਨਾਮ ਜਲ ਨਾਲ ਪਵਿਤ੍ਰ ਕਰ ਕੇ। ਗ੍ਰਿਹਿ ਆਏ = ਅੰਤਰ = ਆਤਮੇ ਟਿਕ ਗਏ ਹਾਂ, ਮਾਇਆ ਦੀ ਖ਼ਾਤਰ ਭਟਕਣ ਤੋਂ ਬਚ ਗਏ ਹਾਂ।੧।

ਨਾਮਿ = ਨਾਮ ਵਿਚ (ਜੁੜ ਕੇ ਹੀ) । ਨਿਸਤਰੀਐ = ਪਾਰ ਲੰਘ ਸਕੀਦਾ ਹੈ। ਧਿਆਈਐ = ਧਿਆਉਣਾ ਚਾਹੀਦਾ ਹੈ। ਅਨਦਿਨੁ = ਹਰਿ ਰੋਜ਼, ਹਰ ਵੇਲੇ। ਸੁਕ੍ਰਿਤੁ = ਨੇਕ ਕਰਮ। ਕਰੀਐ = ਕਰਨਾ ਚਾਹੀਦਾ ਹੈ।੧।ਰਹਾਉ।

ਮਾਰਗੁ = (ਜੀਵਨ ਦਾ) ਰਸਤਾ। ਕੋ = ਕੋਈ ਵਿਰਲਾ। ਕੋਟਿ = ਕ੍ਰੋੜਾਂ। ਕਿਲਬਿਖ = ਪਾਪ।੨।

ਉਸਤਤਿ = ਸਿਫ਼ਤਿ-ਸਾਲਾਹ। ਜਿਨਿ = ਜਿਸ (ਪ੍ਰਭੂ) ਨੇ। ਕਲ = ਕਲਾ, ਤਾਕਤ। ਸਭਿ = ਸਾਰੇ। ਸਾਖੀ = ਸਿੱਖਿਆ। ਸਚੁ = ਸਦਾ-ਥਿਰ ਹਰਿ = ਨਾਮ (ਦਾ ਸਿਮਰਨ) ।੩।

ਸਤਿਗੁਰਿ = ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਸਭਿ = ਸਾਰੇ। ਪਾਵਨ = ਪਵਿੱਤ੍ਰ। ਸੁਖਿ = ਆਨੰਦ ਨਾਲ। ਘਰਿ = ਘਰ ਵਿਚ, ਹਿਰਦੇ ਵਿਚ, ਅੰਤਰ = ਆਤਮੇ।੪।

ਅਰਥ: ਹੇ ਸੰਤ ਜਨੋ! ਪਰਮਾਤਮਾ ਦੇ ਨਾਮ ਵਿਚ (ਜੁੜਿਆਂ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ। (ਇਸ ਵਾਸਤੇ) ਉਠਦਿਆਂ ਬੈਠਦਿਆਂ ਹਰ ਵੇਲੇ ਹਰਿ-ਨਾਮ ਸਿਮਰਨਾ ਚਾਹੀਦਾ ਹੈ, (ਹਰਿ-ਨਾਮ ਸਿਮਰਨ ਦੀ ਇਹ) ਨੇਕ ਕਮਾਈ ਹਰ ਵੇਲੇ ਕਰਨੀ ਚਾਹੀਦੀ ਹੈ।੧।ਰਹਾਉ।

(ਹੇ ਸੰਤ ਜਨੋ! ਜਦੋਂ ਤੋਂ) ਪੂਰੇ ਗੁਰੂ ਨੇ ਮੇਹਰ ਕੀਤੀ ਹੈ, ਪ੍ਰਭੂ ਨੇ ਸਾਡੀ (ਨਾਮ ਸਿਮਰਨ ਦੀ) ਤਾਂਘ ਪੂਰੀ ਕਰ ਦਿੱਤੀ ਹੈ। (ਨਾਮ ਸਿਮਰਨ ਦੀ ਬਰਕਤਿ ਨਾਲ) ਆਤਮਕ ਇਸ਼ਨਾਨ ਕਰ ਕੇ ਅਸੀ ਅੰਤਰ-ਆਤਮੇ ਟਿਕੇ ਰਹਿੰਦੇ ਹਾਂ। ਆਤਮਕ ਆਨੰਦ ਆਤਮਕ ਖ਼ੁਸ਼ੀਆਂ ਆਤਮਕ ਸੁਖ ਮਾਣ ਰਹੇ ਹਾਂ।੧।

(ਹੇ ਸੰਤ ਜਨੋ! ਸਿਮਰਨ ਕਰਨਾ ਹੀ ਇਨਸਾਨ ਵਾਸਤੇ) ਗੁਰੂ ਦਾ (ਦੱਸਿਆ ਹੋਇਆ ਸਹੀ) ਰਸਤਾ ਹੈ, (ਸਿਮਰਨ ਹੀ) ਧਰਮ ਦੀ ਪਉੜੀ ਹੈ (ਜਿਸ ਦੀ ਰਾਹੀਂ ਮਨੁੱਖ ਪ੍ਰਭੂ-ਚਰਨਾਂ ਵਿਚ ਪਹੁੰਚ ਸਕਦਾ ਹੈ, ਪਰ) ਕੋਈ ਵਿਰਲਾ ਭਾਗਾਂ ਵਾਲਾ (ਇਹ ਪਉੜੀ) ਲੱਭਦਾ ਹੈ। ਜੇਹੜਾ ਮਨੁੱਖ (ਸਿਮਰਨ ਦੀ ਰਾਹੀਂ) ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜਦਾ ਹੈ, ਉਸ ਦੇ ਕ੍ਰੋੜਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ।

ਹੇ ਸੰਤ ਜਨੋ! ਜਿਸ ਪਰਮਾਤਮਾ ਨੇ (ਸਾਰੇ ਸੰਸਾਰ ਵਿਚ ਆਪਣੀ) ਪੂਰੀ ਸੱਤਿਆ ਟਿਕਾ ਰੱਖੀ ਹੈ, ਉਸ ਦੀ ਸਿਫ਼ਤਿ-ਸਾਲਾਹ ਸਦਾ ਕਰਦੇ ਰਿਹਾ ਕਰੋ। ਹੇ ਭਾਈ! ਉਹ ਸਾਰੇ ਹੀ ਪ੍ਰਾਣੀ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ, ਜੇਹੜੇ ਸਦਾ-ਥਿਰ ਹਰਿ-ਨਾਮ ਸਿਮਰਨ ਵਾਲੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਹਨ।੩।

ਹੇ ਨਾਨਕ! ਆਖ-ਜੀਵਨ ਦੇ ਰਸਤੇ ਵਿਚੋਂ ਸਾਰੀਆਂ) ਰੁਕਾਵਟਾਂ ਦੂਰ ਕਰਨ ਵਾਲਾ, ਸਾਰੇ ਦੁੱਖ ਨਾਸ ਕਰਨ ਵਾਲਾ ਹਰਿ-ਨਾਮ ਗੁਰੂ ਨੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪੱਕਾ ਕਰ ਦਿੱਤਾ, ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਉਹ ਸਾਰੇ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ, ਉਹ ਆਤਮਕ ਆਨੰਦ ਨਾਲ ਅੰਤਰ-ਆਤਮੇ ਟਿਕੇ ਰਹਿੰਦੇ ਹਨ।੪।੩।੫੩।