ਬੁੱਧਵਾਰ 8 ਜਨਵਰੀ 2025 (25 ਪੋਹ ਸੰਮਤ 556 ਨਾਨਕਸ਼ਾਹੀ)
ਜੈਤਸਰੀ ਮਹਲਾ ੪ ॥ ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥ ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥੧॥ ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥ ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ॥ ਰਹਾਉ ॥ ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ ॥ ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ ॥੨॥ ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ ॥ ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ ॥੩॥ ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ ॥ ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ॥੪॥੫॥ {ਪੰਨਾ 697}
ਪਦਅਰਥ: ਜਿਨ ਹਿਰਦੇ = ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ। ਤਿਨ ਮਾਤ = ਉਹਨਾਂ ਦੀ ਮਾਂ। ਬਾਂਝਾ = ਸੰਢ, ਜਿਸ ਦੇ ਘਰ ਸੰਤਾਨ ਪੈਦਾ ਨਾਹ ਹੋ ਸਕੇ। ਸੁੰਞੀ = ਸੱਖਣੀ। ਦੇਹ = ਕਾਂਇਆਂ, ਸਰੀਰ। ਓਇ = ਉਹ {ਲਫ਼ਜ਼ ‘ਓਹ’ ਤੋਂ ਬਹੁ-ਵਚਨ}। ਮੁਏ = ਆਤਮਕ ਮੌਤ ਮਰ ਗਏ। ਕਰਾਂਝਾ = ਕ੍ਰੁਝ ਕ੍ਰੁਝ ਕੇ।੧।
ਮਾਝਾ = ਅੰਦਰ, ਜੋ ਅੰਦਰ ਹੀ ਵੱਸ ਰਿਹਾ ਹੈ। ਕ੍ਰਿਪਾਲਿ = ਕ੍ਰਿਪਾਲ ਨੇ। ਪ੍ਰਭਿ = ਪ੍ਰਭੂ ਨੇ। ਗੁਰਿ = ਗੁਰੂ ਨੇ।ਰਹਾਉ।
ਕੀਰਤਿ = ਸਿਫ਼ਤਿ-ਸਾਲਾਹ। ਕਲਜੁਗਿ = ਜਗਤ ਵਿਚ। ਪਦੁ = ਆਤਮਕ ਦਰਜਾ। ਪਾਈਐ = ਮਿਲਦਾ ਹੈ। ਮਾਝਾ = ਦੀ ਰਾਹੀਂ। ਹਉ = ਮੈਂ। ਜਿਨਿ = ਜਿਸ (ਗੁਰੂ) ਨੇ {ਲਫ਼ਜ਼ ‘ਜਿਨ’ ਅਤੇ ‘ਜਿਨਿ’ ਦਾ ਫ਼ਰਕ ਚੇਤੇ ਰੱਖੋ}। ਗੁਪਤੁ = ਅੰਦਰ ਲੁਕਿਆ ਹੋਇਆ।੨।
ਸਾਧ = ਗੁਰੂ। ਸਭਿ = ਸਾਰੇ। ਕਿਲਬਿਖ = ਪਾਪ। ਦਾਣਾ = ਦਾਨਾ, ਸਿਆਣਾ। ਸਾਝਾ = ਸਾਂਝੀਵਾਲ।੩।
ਜਗ ਜੀਵਨਿ = ਜਗਤ ਦੇ ਜੀਵਨ (ਪ੍ਰਭੂ) ਨੇ। ਉਰਿ = ਹਿਰਦੇ ਵਿਚ। ਮਾਝਾ = ਵਿਚ। ਦਰਿ = ਦਰ ਤੇ। ਕਾਗਦ = ਕੀਤੇ ਕਰਮਾਂ ਦੇ ਲੇਖੇ ਦੇ ਕਾਗ਼ਜ਼। ਫਾਰੇ = ਪਾੜ ਦਿੱਤੇ ਗਏ।੪।
ਅਰਥ: ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜੋ ਤੇਰੇ ਅੰਦਰ ਹੀ ਵੱਸ ਰਿਹਾ ਹੈ। ਹੇ ਭਾਈ! ਕ੍ਰਿਪਾਲ ਪ੍ਰਭੂ ਨੇ (ਜਿਸ ਮਨੁੱਖ ਉਤੇ) ਕਿਰਪਾ ਕੀਤੀ ਉਸ ਨੂੰ ਗੁਰੂ ਨੇ ਆਤਮਕ ਜੀਵਨ ਦੀ ਸੂਝ ਬਖ਼ਸ਼ੀ ਉਸ ਦਾ ਮਨ (ਨਾਮ ਜਪਣ ਦੀ ਕਦਰ) ਸਮਝ ਗਿਆ।ਰਹਾਉ।
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੀ ਮਾਂ ਨੂੰ ਹਰੀ ਬਾਂਝ ਹੀ ਕਰ ਦਿਆ ਕਰੇ (ਤਾਂ ਚੰਗਾ ਹੈ, ਕਿਉਂਕਿ) ਉਹਨਾਂ ਦਾ ਸਰੀਰ ਹਰਿ-ਨਾਮ ਤੋਂ ਸੁੰਞਾ ਰਹਿੰਦਾ ਹੈ, ਉਹ ਨਾਮ ਤੋਂ ਵਾਂਜੇ ਹੀ ਤੁਰੇ ਫਿਰਦੇ ਹਨ, ਅਤੇ, ਉਹ ਕ੍ਰੁਝ ਕ੍ਰੁਝ ਕੇ ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ।੧।
ਹੇ ਭਾਈ! ਜਗਤ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਸਭ ਤੋਂ ਉੱਚਾ ਦਰਜਾ ਹੈ, (ਪਰ) ਪਰਮਾਤਮਾ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ। ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਮੇਰੇ ਅੰਦਰ ਹੀ ਗੁੱਝੇ ਵੱਸਦੇ ਪਰਮਾਤਮਾ ਦਾ ਨਾਮ ਪਰਗਟ ਕਰ ਦਿੱਤਾ।੨।
ਹੇ ਭਾਈ! ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਦਾ ਦਰਸਨ ਪ੍ਰਾਪਤ ਹੁੰਦਾ ਹੈ, ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ। ਜਿਸ ਨੂੰ ਵੱਡਾ ਸਿਆਣਾ ਤੇ ਸ਼ਾਹ ਗੁਰੂ ਮਿਲ ਪਿਆ, ਗੁਰੂ ਨੇ ਪਰਮਾਤਮਾ ਦੇ ਬਹੁਤੇ ਗੁਣਾਂ ਨਾਲ ਉਸ ਨੂੰ ਸਾਂਝੀਵਾਲ ਬਣਾ ਦਿੱਤਾ।੩।
ਹੇ ਭਾਈ! ਜਗਤ ਦੇ ਜੀਵਨ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਕਿਰਪਾ ਕੀਤੀ, ਉਹਨਾਂ ਨੇ ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਲਿਆ। ਹੇ ਨਾਨਕ! ਆਖ-ਹੇ ਭਾਈ) ਧਰਮਰਾਜ ਦੇ ਦਰ ਤੇ ਉਹਨਾਂ ਮਨੁੱਖਾਂ ਦੇ (ਕੀਤੇ ਕਰਮਾਂ ਦੇ ਲੇਖੇ ਦੇ ਸਾਰੇ) ਕਾਗ਼ਜ਼ ਪਾੜ ਦਿੱਤੇ ਗਏ, ਉਹਨਾਂ ਦਾਸਾਂ ਦਾ ਲੇਖਾ ਨਿੱਬੜ ਗਿਆ।੪।੫।