ਐਤਵਾਰ 11 ਜੂਨ 2017 (29 ਜੇਠ ਸੰਮਤ 549 ਨਾਨਕਸ਼ਾਹੀ)
ਬਿਲਾਵਲੁ ਮਹਲਾ ੫ ॥ ਸ੍ਰਵਨੀ ਸੁਨਉ ਹਰਿ ਹਰਿ ਹਰੇ ਠਾਕੁਰ ਜਸੁ ਗਾਵਉ ॥ ਸੰਤ ਚਰਣ ਕਰ ਸੀਸੁ ਧਰਿ ਹਰਿ ਨਾਮੁ ਧਿਆਵਉ ॥੧॥ ਕਰਿ ਕਿਰਪਾ ਦਇਆਲ ਪ੍ਰਭ ਇਹ ਨਿਧਿ ਸਿਧਿ ਪਾਵਉ ॥ ਸੰਤ ਜਨਾ ਕੀ ਰੇਣੁਕਾ ਲੈ ਮਾਥੈ ਲਾਵਉ ॥੧॥ ਰਹਾਉ ॥ ਨੀਚ ਤੇ ਨੀਚੁ ਅਤਿ ਨੀਚੁ ਹੋਇ ਕਰਿ ਬਿਨਉ ਬੁਲਾਵਉ ॥ ਪਾਵ ਮਲੋਵਾ ਆਪੁ ਤਿਆਗਿ ਸੰਤਸੰਗਿ ਸਮਾਵਉ ॥੨॥ ਸਾਸਿ ਸਾਸਿ ਨਹ ਵੀਸਰੈ ਅਨ ਕਤਹਿ ਨ ਧਾਵਉ ॥ ਸਫਲ ਦਰਸਨ ਗੁਰੁ ਭੇਟੀਐ ਮਾਨੁ ਮੋਹੁ ਮਿਟਾਵਉ ॥੩॥ ਸਤੁ ਸੰਤੋਖੁ ਦਇਆ ਧਰਮੁ ਸੀਗਾਰੁ ਬਨਾਵਉ ॥ ਸਫਲ ਸੁਹਾਗਣਿ ਨਾਨਕਾ ਅਪੁਨੇ ਪ੍ਰਭ ਭਾਵਉ ॥੪॥੧੫॥੪੫॥ {ਅੰਗ 812}
ਅਰਥ: ਹੇ ਦਇਆ ਦੇ ਸੋਮੇ ਪ੍ਰਭੂ! ਮੇਹਰ ਕਰ, ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਲੈ ਕੇ ਆਪਣੇ ਮੱਥੇ ਉਥੇ (ਸਦਾ) ਲਾਂਦਾ ਰਹਾਂ। (ਮੈਂ ਤੇਰੇ ਦਰ ਤੋਂ) ਇਹ (ਦਾਤਿ) ਹਾਸਲ ਕਰ ਲਵਾਂ, (ਇਹੀ ਮੇਰੇ ਵਾਸਤੇ ਦੁਨੀਆ ਦੇ) ਨੌ ਖ਼ਜ਼ਾਨੇ (ਹੈ, ਇਹੀ ਮੇਰੇ ਵਾਸਤੇ ਅਠਾਰਾਂ) ਸਿੱਧੀਆਂ (ਹੈ) ।੧।ਰਹਾਉ। (ਹੇ ਪ੍ਰਭੂ! ਮੇਹਰ ਕਰ) ਮੈਂ ਆਪਣੇ ਕੰਨਾਂ ਨਾਲ ਸਦਾ (ਤੈਂ) ਹਰੀ ਦਾ ਨਾਮ ਸੁਣਦਾ ਰਹਾਂ, (ਤੈਂ) ਠਾਕੁਰ ਦੀ ਸਿਫ਼ਤਿ-ਸਾਲਾਹ ਗਾਂਦਾ ਰਹਾਂ। ਸੰਤਾਂ ਦੇ ਚਰਨਾਂ ਉਤੇ ਮੈਂ ਆਪਣੇ ਦੋਵੇਂ ਹੱਥ ਤੇ ਆਪਣਾ ਸਿਰ ਰੱਖ ਕੇ (ਤੈਂ) ਹਰੀ ਦਾ ਨਾਮ ਸਿਮਰਦਾ ਰਹਾਂ।੧। (ਹੇ ਪ੍ਰਭੂ! ਮੇਹਰ ਕਰ) ਮੈਂ ਨੀਵੇਂ ਤੋਂ ਨੀਵਾਂ ਹੋ ਕੇ ਬਹੁਤ ਨੀਵਾਂ ਹੋ ਕੇ (ਸੰਤਾਂ ਅੱਗੇ) ਬੇਨਤੀ ਕਰ ਕੇ ਉਹਨਾਂ ਨੂੰ ਬੁਲਾਂਦਾ ਰਹਾਂ, ਮੈਂ ਆਪਾ-ਭਾਵ ਛੱਡ ਕੇ ਸੰਤਾਂ ਦੇ ਪੈਰ ਘੁੱਟਿਆ ਕਰਾਂ ਅਤੇ ਸੰਤਾਂ ਦੀ ਸੰਗਤਿ ਵਿਚ ਟਿਕਿਆ ਰਹਾਂ।੨। (ਹੇ ਪ੍ਰਭੂ! ਮੇਹਰ ਕਰ) ਮੈਨੂੰ ਮੇਰੇ ਹਰੇਕ ਸਾਹ ਦੇ ਨਾਲ ਕਦੇ ਤੇਰਾ ਨਾਮ ਨਾਹ ਭੁੱਲੇ (ਗੁਰੂ ਦਾ ਦਰ ਛੱਡ ਕੇ) ਮੈਂ ਹੋਰ ਕਿਸੇ ਪਾਸੇ ਨਾਹ ਭਟਕਦਾ ਫਿਰਾਂ। (ਹੇ ਪ੍ਰਭੂ! ਜੇ ਤੇਰੀ ਮਿਹਰ ਹੋਵੇ ਤਾਂ) ਮੈਨੂੰ ਉਹ ਗੁਰੂ ਮਿਲ ਪਏ, ਜਿਸ ਦਾ ਦਰਸਨ ਜੀਵਨ ਨੂੰ ਕਾਮਯਾਬ ਕਰ ਦੇਂਦਾ ਹੈ, (ਗੁਰੂ ਦੇ ਦਰ ਤੇ ਟਿਕ ਕੇ) ਮੈਂ (ਆਪਣੇ ਅੰਦਰੋਂ) ਅਹੰਕਾਰ ਦੂਰ ਕਰਾਂ, ਮੋਹ ਮਿਟਾਵਾਂ।੩। (ਹੇ ਪ੍ਰਭੂ! ਮੇਹਰ ਕਰ) ਮੈਂ ਸਤ ਨੂੰ, ਸੰਤੋਖ ਨੂੰ, ਦਇਆ ਨੂੰ, ਧਰਮ ਨੂੰ, (ਆਪਣੇ ਆਤਮਕ ਜੀਵਨ ਦੀ) ਸਜਾਵਟ ਬਣਾਈ ਰੱਖਾਂ। ਹੇ ਨਾਨਕ (ਆਖ-ਜਿਵੇਂ) ਸੋਹਾਗਣ ਇਸਤ੍ਰੀ (ਆਪਣੇ ਪਤੀ ਨੂੰ ਪਿਆਰੀ ਲੱਗਦੀ ਹੈ, ਤਿਵੇਂ, ਜੇ ਉਸ ਦੀ ਮੇਹਰ ਹੋਵੇ, ਤਾਂ) ਕਾਮਯਾਬ ਜੀਵਨ ਵਾਲਾ ਬਣ ਕੇ ਆਪਣੇ ਪ੍ਰਭੂ ਨੂੰ ਪਿਆਰਾ ਲੱਗ ਸਕਦਾ ਹਾਂ।੪।੧੫।੪੫।
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥