ਬੁੱਧਵਾਰ 29 ਮਈ 2019 (15 ਜੇਠ ਸੰਮਤ 551 ਨਾਨਕਸ਼ਾਹੀ)
ਸੋਰਠਿ ਮਹਲਾ ੩ ॥ ਸਤਿਗੁਰ ਸੇਵੇ ਤਾ ਸਹਜ ਧੁਨਿ ਉਪਜੈ ਗਤਿ ਮਤਿ ਤਦ ਹੀ ਪਾਏ ॥ ਹਰਿ ਕਾ ਨਾਮੁ ਸਚਾ ਮਨਿ ਵਸਿਆ ਨਾਮੇ ਨਾਮਿ ਸਮਾਏ ॥੧॥ ਬਿਨੁ ਸਤਿਗੁਰ ਸਭੁ ਜਗੁ ਬਉਰਾਨਾ ॥ ਮਨਮੁਖਿ ਅੰਧਾ ਸਬਦੁ ਨ ਜਾਣੈ ਝੂਠੈ ਭਰਮਿ ਭੁਲਾਨਾ ॥ ਰਹਾਉ ॥ ਤ੍ਰੈ ਗੁਣ ਮਾਇਆ ਭਰਮਿ ਭੁਲਾਇਆ ਹਉਮੈ ਬੰਧਨ ਕਮਾਏ ॥ ਜੰਮਣੁ ਮਰਣੁ ਸਿਰ ਊਪਰਿ ਊਭਉ ਗਰਭ ਜੋਨਿ ਦੁਖੁ ਪਾਏ ॥੨॥ ਤ੍ਰੈ ਗੁਣ ਵਰਤਹਿ ਸਗਲ ਸੰਸਾਰਾ ਹਉਮੈ ਵਿਚਿ ਪਤਿ ਖੋਈ ॥ ਗੁਰਮੁਖਿ ਹੋਵੈ ਚਉਥਾ ਪਦੁ ਚੀਨੈ ਰਾਮ ਨਾਮਿ ਸੁਖੁ ਹੋਈ ॥੩॥ ਤ੍ਰੈ ਗੁਣ ਸਭਿ ਤੇਰੇ ਤੂ ਆਪੇ ਕਰਤਾ ਜੋ ਤੂ ਕਰਹਿ ਸੁ ਹੋਈ ॥ ਨਾਨਕ ਰਾਮ ਨਾਮਿ ਨਿਸਤਾਰਾ ਸਬਦੇ ਹਉਮੈ ਖੋਈ ॥੪॥੧੨॥ {ਪੰਨਾ 604}
ਪਦਅਰਥ: ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ। ਉਪਜੈ = ਪੈਦਾ ਹੋ ਜਾਂਦੀ ਹੈ। ਗਤਿ = ਉੱਚੀ ਆਤਮਕ ਅਵਸਥਾ। ਤਦ ਹੀ = ਤਦੋਂ ਹੀ। ਮਨਿ = ਮਨ ਵਿਚ। ਨਾਮੇ ਨਾਮਿ = ਨਾਮ ਵਿਚ ਹੀ ਨਾਮ ਵਿਚ, ਸਦਾ ਨਾਮ ਵਿਚ ਹੀ।੧।ਬਉਰਾਨਾ = ਕਮਲਾ, ਝੱਲਾ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਭਰਮਿ = ਭਟਕਣਾ ਵਿਚ।ਰਹਾਉ।ਭੁਲਾਇਆ = ਕੁਰਾਹੇ ਪਿਆ ਰਹਿੰਦਾ ਹੈ। ਊਭਉ = ਖਲੋਤਾ ਹੋਇਆ।੨।ਵਰਤਹਿ = ਪ੍ਰਭਾਵ ਪਾਈ ਰੱਖਦੇ ਹਨ। ਪਤਿ = ਇੱਜ਼ਤ। ਚਉਥਾ ਪਦੁ = ਉਹ ਆਤਮਕ ਦਰਜਾ ਜਿੱਥੇ ਮਾਇਆ ਦੇ ਤਿੰਨ ਗੁਣ ਆਪਣਾ ਅਸਰ ਨਹੀਂ ਪਾ ਸਕਦੇ। ਨਾਮਿ = ਨਾਮ ਦੀ ਰਾਹੀਂ।੩।ਸਭਿ = ਸਾਰੇ। ਆਪੇ = ਆਪ ਹੀ। ਨਿਸਤਾਰਾ = ਪਾਰ = ਉਤਾਰਾ, ਪੂਰਨ ਖ਼ਲਾਸੀ।੪।
ਅਰਥ: ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਸਾਰਾ ਜਗਤ (ਮਾਇਆ ਦੇ ਮੋਹ ਵਿਚ) ਝੱਲਾ ਹੋਇਆ ਫਿਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋ ਕੇ ਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਨਹੀਂ ਪਾਂਦਾ। ਝੂਠੀ ਦੁਨੀਆ ਦੇ ਕਾਰਨ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ।ਰਹਾਉ।ਹੇ ਭਾਈ! ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ (ਇਸ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਚੱਲ ਪੈਂਦੀ ਹੈ। ਤਦੋਂ ਹੀ (ਗੁਰੂ ਦੀ ਸਰਨ ਪੈ ਕੇ ਹੀ) ਮਨੁੱਖ ਉੱਚੀ ਆਤਮਕ ਅਵਸਥਾ ਤੇ ਉੱਚੀ ਮਤਿ ਹਾਸਲ ਕਰਦਾ ਹੈ। ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ, ਤੇ, ਮਨੁੱਖ ਸਦਾ ਨਾਮ ਵਿਚ ਹੀ ਲੀਨ ਰਹਿੰਦਾ ਹੈ।੧।
ਹੇ ਭਾਈ! ਮਨੁੱਖ ਤ੍ਰਿਗੁਣੀ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਤੇ, ਹਉਮੈ ਦੇ ਕਾਰਨ ਮੋਹ ਦੇ ਬੰਧਨ ਵਧਾਣ ਵਾਲੇ ਕੰਮ ਹੀ ਕਰਦਾ ਹੈ। ਉਸ ਦੇ ਸਿਰ ਉਤੇ ਜਨਮ ਮਰਨ ਦਾ ਗੇੜ ਹਰ ਵੇਲੇ ਟਿਕਿਆ ਰਹਿੰਦਾ ਹੈ, ਤੇ, ਜਨਮ ਮਰਨ ਵਿਚ ਪੈ ਕੇ ਦੁੱਖ ਸਹਿੰਦਾ ਰਹਿੰਦਾ ਹੈ।ਹੇ ਭਾਈ! ਮਾਇਆ ਦੇ ਤਿੰਨ ਗੁਣ ਸਾਰੇ ਸੰਸਾਰ ਉੱਤੇ ਆਪਣਾ ਪਰਭਾਵ ਪਾਈ ਰੱਖਦੇ ਹਨ, (ਇਹਨਾਂ ਦੇ ਅਸਰ ਹੇਠ ਮਨੁੱਖ) ਹਉਮੈ ਵਿਚ ਫਸ ਕੇ ਇੱਜ਼ਤ ਗਵਾ ਲੈਂਦਾ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਆਤਮਕ ਅਵਸਥਾ ਨੂੰ ਪਛਾਣ ਲੈਂਦਾ ਹੈ ਜਿਥੇ ਮਾਇਆ ਦੇ ਤਿੰਨ ਗੁਣ ਅਸਰ ਨਹੀਂ ਪਾ ਸਕਦੇ, ਪਰਮਾਤਮਾ ਦੇ ਨਾਮ ਵਿਚ ਟਿਕ ਕੇ ਉਹ ਆਤਮਕ ਆਨੰਦ ਮਾਣਦਾ ਹੈ।੩।ਹੇ ਪ੍ਰਭੂ! ਮਾਇਆ ਦੇ ਇਹ ਤਿੰਨੇ ਗੁਣ ਤੇਰੇ ਹੀ ਬਣਾਏ ਹੋਏ ਹਨ, ਤੂੰ ਆਪ ਹੀ (ਸਭ ਦਾ) ਪੈਦਾ ਕਰਨ ਵਾਲਾ ਹੈਂ। (ਜਗਤ ਵਿਚ) ਉਹੀ ਹੁੰਦਾ ਹੈ ਜੋ ਤੂੰ ਕਰਦਾ ਹੈਂ। ਹੇ ਨਾਨਕ! ਆਖ-ਹੇ ਭਾਈ!) ਪਰਮਾਤਮਾ ਦੇ ਨਾਮ ਵਿਚ ਜੁੜਿਆਂ (ਮਾਇਆ ਦੇ ਤਿੰਨ ਗੁਣਾਂ ਤੋਂ) ਪੂਰੀ ਖ਼ਲਾਸੀ ਹੁੰਦੀ ਹੈ। ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ (ਆਪਣੇ ਅੰਦਰੋਂ) ਹਉਮੈ ਦੂਰ ਕਰ ਸਕਦਾ ਹੈ।੪।੧੨।