Today’s Hukamnama from Gurdwara Damdama Sahib Thatta

56

ਸ਼ੁੱਕਰਵਾਰ 3 ਮਈ 2019 (20 ਵੈਸਾਖ ਸੰਮਤ 551 ਨਾਨਕਸ਼ਾਹੀ)

ਸੋਰਠਿ ਮਹਲਾ ੫ ॥ ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ॥ ਕਰਣ ਕਰਾਵਨਹਾਰ ਸੁਆਮੀ ਆਪਨ ਹਾਥਿ ਸੰਜੋਗੀ ॥੧॥ ਮਨ ਮੇਰੇ ਜਿਨਿ ਅਪੁਨਾ ਭਰਮੁ ਗਵਾਤਾ ॥ ਤਿਸ ਕੈ ਭਾਣੈ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ ॥ ਰਹਾਉ ॥ ਸੰਤ ਸੰਗਿ ਜਾ ਕਾ ਮਨੁ ਸੀਤਲੁ ਓਹੁ ਜਾਣੈ ਸਗਲੀ ਠਾਂਢੀ ॥ ਹਉਮੈ ਰੋਗਿ ਜਾ ਕਾ ਮਨੁ ਬਿਆਪਿਤ ਓਹੁ ਜਨਮਿ ਮਰੈ ਬਿਲਲਾਤੀ ॥੨॥ ਗਿਆਨ ਅੰਜਨੁ ਜਾ ਕੀ ਨੇਤ੍ਰੀ ਪੜਿਆ ਤਾ ਕਉ ਸਰਬ ਪ੍ਰਗਾਸਾ ॥ ਅਗਿਆਨਿ ਅੰਧੇਰੈ ਸੂਝਸਿ ਨਾਹੀ ਬਹੁੜਿ ਬਹੁੜਿ ਭਰਮਾਤਾ ॥੩॥ ਸੁਣਿ ਬੇਨੰਤੀ ਸੁਆਮੀ ਅਪੁਨੇ ਨਾਨਕੁ ਇਹੁ ਸੁਖੁ ਮਾਗੈ ॥ ਜਹ ਕੀਰਤਨੁ ਤੇਰਾ ਸਾਧੂ ਗਾਵਹਿ ਤਹ ਮੇਰਾ ਮਨੁ ਲਾਗੈ ॥੪॥੬॥ {ਪੰਨਾ 610}

ਪਦਅਰਥ: ਸੁਖੀਆ = (ਆਤਮਕ) ਸੁਖ ਮਾਣਨ ਵਾਲਾ। ਕਉ = ਨੂੰ। ਪੇਖੈ = ਦਿੱਸਦਾ ਹੈ। ਕੈ ਭਾਣੈ = ਦੇ ਖ਼ਿਆਲ ਵਿਚ। ਰੋਗੀ = (ਵਿਕਾਰਾਂ ਦੇ) ਰੋਗ ਵਿਚ ਫਸਿਆ ਹੋਇਆ। ਕਰਾਵਨਹਾਰ = (ਜੀਵਾਂ ਪਾਸੋਂ) ਕਰਾਣ ਦੀ ਸਮਰਥਾ ਰੱਖਣ ਵਾਲਾ। ਹਾਥਿ = ਹੱਥ ਵਿਚ। ਸੰਜੋਗੀ = (ਆਤਮਕ ਸੁਖ ਤੇ ਆਤਮਕ ਰੋਗ ਦਾ) ਮੇਲ।੧।ਜਿਨਿ = ਜਿਸ (ਮਨੁੱਖ) ਨੇ। ਭਰਮੁ = ਭਟਕਣਾ। ਤਿਸ ਕੈ = {ਲਫ਼ਜ਼ ‘ਤਿਸੁ’ ਦਾ ੁ ਸੰਬੰਧਕ ‘ਕੈ’ ਦੇ ਕਾਰਨ ਉੱਡ ਗਿਆ ਹੈ}। ਸਗਲੋ = ਸਭ ਵਿਚ।ਰਹਾਉ।ਸੰਗਿ = ਸੰਗਤਿ ਵਿਚ। ਸੀਤਲੁ = ਸ਼ਾਂਤ, ਠੰਡਾ। ਸਗਲੀ = ਸਾਰੀ ਲੁਕਾਈ। ਰੋਗਿ = ਰੋਗ ਵਿਚ। ਬਿਆਪਿਤ = ਫਸਿਆ ਹੋਇਆ। ਜਨਮਿ ਮਰੈ = ਜੰਮਦਾ ਮਰਦਾ ਰਹਿੰਦਾ ਹੈ। ਬਿਲਲਾਤੀ = ਵਿਲਕਦਾ, ਦੁੱਖੀ ਹੁੰਦਾ।੨।ਗਿਆਨ ਅੰਜਨੁ = ਆਤਮਕ ਜੀਵਨ ਦੀ ਸੂਝ ਦਾ ਸੁਰਮਾ। ਨੇਤ੍ਰੀ = ਅੱਖਾਂ ਵਿਚ। ਪ੍ਰਗਾਸਾ = ਚਾਨਣ। ਅਗਿਆਨਿ = ਗਿਆਨ = ਹੀਣ ਮਨੁੱਖ ਨੂੰ। ਅੰਧੇਰੈ = ਹਨੇਰੇ ਵਿਚ। ਬਹੁੜਿ ਬਹੁੜਿ = ਮੁੜ ਮੁੜ।੩।ਸੁਆਮੀ ਅਪੁਨੇ = ਹੇ ਮੇਰੇ ਸੁਆਮੀ! ਨਾਨਕੁ ਮਾਗੈ = ਨਾਨਕ ਮੰਗਦਾ ਹੈ। ਜਹ = ਜਿੱਥੇ। ਗਾਵਹਿ = ਗਾਉਂਦੇ ਹਨ। ਲਾਗੈ = ਪਰਚਿਆ ਰਹੇ।੪।

ਅਰਥ: ਹੇ ਮੇਰੇ ਮਨ! ਜਿਸ ਮਨੁੱਖ ਨੇ ਆਪਣੇ ਅੰਦਰੋਂ ਮੇਰ-ਤੇਰ ਗਵਾ ਲਈ ਜਿਸ ਨੇ ਸਭ ਜੀਵਾਂ ਵਿਚ ਪਰਮਾਤਮਾ ਵੱਸਦਾ ਪਛਾਣ ਲਿਆ, ਉਸ ਦੇ ਖ਼ਿਆਲ ਵਿਚ ਕੋਈ ਜੀਵ ਕੁਰਾਹੇ ਨਹੀਂ ਜਾ ਰਿਹਾ।ਰਹਾਉ।

ਹੇ ਭਾਈ! ਆਤਮਕ ਸੁਖ ਮਾਣਨ ਵਾਲੇ ਨੂੰ ਹਰੇਕ ਮਨੁੱਖ ਆਤਮਕ ਸੁਖ ਮਾਣਦਾ ਦਿਸਦਾ ਹੈ, (ਵਿਕਾਰਾਂ ਦੇ) ਰੋਗ ਵਿਚ ਫਸੇ ਹੋਏ ਦੇ ਖ਼ਿਆਲ ਵਿਚ ਸਾਰੀ ਲੁਕਾਈ ਹੀ ਵਿਕਾਰੀ ਹੈ। (ਆਪਣੇ ਅੰਦਰੋਂ ਮੇਰ-ਤੇਰ ਗਵਾ ਚੁਕੇ ਮਨੁੱਖ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਮਾਲਕ-ਪ੍ਰਭੂ ਹੀ ਸਭ ਕੁਝ ਕਰਨ ਦੀ ਸਮਰਥਾ ਵਾਲਾ ਹੈ ਜੀਵਾਂ ਪਾਸੋਂ ਕਰਾਣ ਦੀ ਤਾਕਤ ਵਾਲਾ ਹੈ, (ਜੀਵਾਂ ਲਈ ਆਤਮਕ ਸੁਖ ਤੇ ਆਤਮਕ ਦੁੱਖ ਦਾ) ਮੇਲ ਉਸ ਨੇ ਆਪਣੇ ਹੱਥ ਵਿਚ ਰੱਖਿਆ ਹੋਇਆ ਹੈ।੧।

ਹੇ ਭਾਈ! ਸਾਧ ਸੰਗਤਿ ਵਿਚ ਰਹਿ ਕੇ ਜਿਸ ਮਨੁੱਖ ਦਾ ਮਨ (ਵਿਕਾਰਾਂ ਵਲੋਂ) ਸ਼ਾਂਤ ਹੋ ਜਾਂਦਾ ਹੈ, ਉਹ ਸਾਰੀ ਲੁਕਾਈ ਨੂੰ ਹੀ ਸ਼ਾਂਤ-ਚਿੱਤ ਸਮਝਦਾ ਹੈ। ਪਰ ਜਿਸ ਮਨੁੱਖ ਦਾ ਮਨ ਹਉਮੈ-ਰੋਗ ਵਿਚ ਫਸਿਆ ਰਹਿੰਦਾ ਹੈ, ਉਹ ਸਦਾ ਦੁੱਖੀ ਰਹਿੰਦਾ ਹੈ, ਉਹ (ਹਉਮੈ ਵਿਚ) ਜਨਮ ਲੈ ਕੇ ਆਤਮਕ ਮੌਤ ਸਹੇੜੀ ਰੱਖਦਾ ਹੈ।੨।

ਹੇ ਭਾਈ! ਆਤਮਕ ਜੀਵਨ ਦੀ ਸੂਝ ਦਾ ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿਚ ਪੈ ਜਾਂਦਾ ਹੈ, ਉਸ ਨੂੰ ਆਤਮਕ ਜੀਵਨ ਦੀ ਸਾਰੀ ਸਮਝ ਪੈ ਜਾਂਦੀ ਹੈ। ਪਰ ਗਿਆਨ-ਹੀਨ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਵਿਚ (ਸਹੀ ਜੀਵਨ ਬਾਰੇ) ਕੁਝ ਨਹੀਂ ਸੁੱਝਦਾ, ਉਹ ਮੁੜ ਮੁੜ ਭਟਕਦਾ ਰਹਿੰਦਾ ਹੈ।੩।ਹੇ ਮੇਰੇ ਮਾਲਕ! ਮੇਰੀ) ਬੇਨਤੀ ਸੁਣ (ਤੇਰਾ ਦਾਸ) ਨਾਨਕ (ਤੇਰੇ ਦਰ ਤੋਂ) ਇਹ ਸੁਖ ਮੰਗਦਾ ਹੈ (ਕਿ) ਜਿੱਥੇ ਸੰਤ ਜਨ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਹੋਣ, ਉੱਥੇ ਮੇਰਾ ਮਨ ਪਰਚਿਆ ਰਹੇ।੪।੬।