Today’s Hukamnama from Gurdwara Damdama Sahib Thatta

81

ਮੰਗਲਵਾਰ 30 ਅਪ੍ਰੈਲ 2019 (17 ਵੈਸਾਖ ਸੰਮਤ 551 ਨਾਨਕਸ਼ਾਹੀ)

ਧਨਾਸਰੀ ਮਹਲਾ ੫ ॥ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ ਤਾ ਤੇ ਮੋਹਿ ਧਾਰੀ ਓਟ ਗੋਪਾਲ ॥ ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥ ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥ ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥ ਨਾਨਕ ਨਾਮੁ ਨਿਰੰਜਨੁ ਗਾਈਐ ਪਾਈਐ ਸਰਬ ਨਿਧਾਨਾ ॥ ਕਰਿ ਕਿਰਪਾ ਜਿਸੁ ਦੇਇ ਸੁਆਮੀ ਬਿਰਲੇ ਕਾਹੂ ਜਾਨਾ ॥੩॥੩॥੨੧॥ {ਪੰਨਾ 676}

ਪਦਅਰਥ: ਫਿਰਤ ਫਿਰਤ = ਭਾਲ ਕਰਦਿਆਂ ਕਰਦਿਆਂ। ਭੇਟੇ = ਮਿਲੇ। ਭੇਟੇ ਜਨ ਸਾਧੂ = (ਜਦੋਂ) ਗੁਰੂ ਪੁਰਖ ਨੂੰ ਮਿਲੇ। ਗੁਰਿ = ਗੁਰੂ ਨੇ। ਆਨ = {अन्य} ਹੋਰ। ਆਨ ਸਗਲ ਬਿਧਿ = ਹੋਰ ਸਾਰੀਆਂ ਜੁਗਤੀਆਂ। ਕਾਂਮਿ = ਕੰਮ ਵਿਚ। ਕਾਂਮਿ ਨ ਆਵੈ = ਲਾਭਦਾਇਕ ਨਹੀਂ ਹੋ ਸਕਦੀ।੧।ਤਾ ਤੇ = ਇਸ ਵਾਸਤੇ। ਮੋਹਿ = ਮੈਂ। ਓਟ = ਆਸਰਾ।ਰਹਾਉ।ਸੁਰਗ = ਦੇਵ = ਲੋਕ। ਮਿਰਤ = ਮਾਤ = ਲੋਕ। ਪਇਆਲ = ਪਾਤਾਲ। ਭੂ ਮੰਡਲ = ਸਾਰੀਆਂ ਧਰਤੀਆਂ। ਬਿਆਪੇ = ਗ੍ਰਸੇ ਹੋਏ ਹਨ। ਮਾਇ = ਮਾਇਆ (ਵਿਚ) । ਜੀਅ = ਜਿੰਦ। ਜੀਅ ਉਧਾਰਨ = ਜਿੰਦ ਨੂੰ (ਮਾਇਆ ਦੇ ਮੋਹ ਤੋਂ) ਬਚਾਣ ਲਈ।੨।ਨਿਰੰਜਨੁ = ਮਾਇਆ ਤੋਂ ਨਿਰਲੇਪ (ਨਿਰ = ਅੰਜਨੁ। ਅੰਜਨੁ = ਮਾਇਆ ਦੀ ਕਾਲਖ) । ਨਿਧਾਨ = ਖ਼ਜ਼ਾਨੇ। ਦੇਇ = ਦੇਂਦਾ ਹੈ। ਕਾਹੂ ਬਿਰਲੇ = ਕਿਸੇ ਵਿਰਲੇ ਮਨੁੱਖ ਨੇ।੩।

ਅਰਥ: ਹੇ ਭਾਈ! ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾ ਪੁਰਖ ਨੂੰ ਮਿਲਿਆ, ਤਾਂ ਪੂਰੇ ਗੁਰੂ ਨੇ (ਮੈਨੂੰ) ਇਹ ਸਮਝ ਬਖ਼ਸ਼ੀ ਕਿ (ਮਾਇਆ ਦੇ ਮੋਹ ਤੋਂ ਬਚਣ ਲਈ) ਹੋਰ ਸਾਰੀਆਂ ਜੁਗਤੀਆਂ ਵਿਚੋਂ ਕੋਈ ਇੱਕ ਜੁਗਤਿ ਭੀ ਕੰਮ ਨਹੀਂ ਆਉਂਦੀ। ਪਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ।੧।

ਇਸ ਵਾਸਤੇ, ਹੇ ਭਾਈ! ਮੈਂ ਪਰਮਾਤਮਾ ਦਾ ਆਸਰਾ ਲੈ ਲਿਆ। (ਜਦੋਂ ਮੈਂ) ਸਰਬ-ਵਿਆਪਕ ਪਰਮਾਤਮਾ ਦੀ ਸਰਨ ਪਿਆ, ਤਾਂ ਮੇਰੇ ਸਾਰੇ (ਮਾਇਆ ਦੇ) ਜੰਜਾਲ ਨਾਸ ਹੋ ਗਏ।ਰਹਾਉ।

ਹੇ ਭਾਈ! ਦੇਵ ਲੋਕ, ਮਾਤ-ਲੋਕ, ਪਾਤਾਲ-ਸਾਰੀ ਹੀ ਸ੍ਰਿਸ਼ਟੀ ਮਾਇਆ (ਦੇ ਮੋਹ) ਵਿਚ ਫਸੀ ਹੋਈ ਹੈ। ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਇਹੀ ਹੈ ਜਿੰਦ ਨੂੰ (ਮਾਇਆ ਦੇ ਮੋਹ ਵਿਚੋਂ) ਬਚਾਣ ਵਾਲਾ, ਇਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ।੨।

ਹੇ ਨਾਨਕ! ਮਾਇਆ ਤੋਂ ਨਿਰਲੇਪ ਪਰਮਾਤਮਾ ਦਾ ਨਾਮ ਗਾਣਾ ਚਾਹੀਦਾ ਹੈ, (ਨਾਮ ਦੀ ਬਰਕਤਿ ਨਾਲ) ਸਾਰੇ ਖ਼ਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰ (ਇਹ ਭੇਤ) ਕਿਸੇ (ਉਸ) ਵਿਰਲੇ ਮਨੁੱਖ ਨੇ ਸਮਝਿਆ ਹੈ ਜਿਸ ਨੂੰ ਮਾਲਕ-ਪ੍ਰਭੂ ਆਪ ਮੇਹਰ ਕਰ ਕੇ (ਨਾਮ ਦੀ ਦਾਤਿ) ਦੇਂਦਾ ਹੈ।੩।੩।੨੧।