ਸ਼ੁੱਕਰਵਾਰ 5 ਅਪ੍ਰੈਲ 2019 (23 ਚੇਤ ਸੰਮਤ 551 ਨਾਨਕਸ਼ਾਹੀ)
ਜੈਤਸਰੀ ਮਹਲਾ ੫ ॥ ਹਰਿ ਜਨ ਸਿਮਰਹੁ ਹਿਰਦੈ ਰਾਮ ॥ ਹਰਿ ਜਨ ਕਉ ਅਪਦਾ ਨਿਕਟਿ ਨ ਆਵੈ ਪੂਰਨ ਦਾਸ ਕੇ ਕਾਮ ॥੧॥ ਰਹਾਉ ॥ ਕੋਟਿ ਬਿਘਨ ਬਿਨਸਹਿ ਹਰਿ ਸੇਵਾ ਨਿਹਚਲੁ ਗੋਵਿਦ ਧਾਮ ॥ ਭਗਵੰਤ ਭਗਤ ਕਉ ਭਉ ਕਿਛੁ ਨਾਹੀ ਆਦਰੁ ਦੇਵਤ ਜਾਮ ॥੧॥ ਤਜਿ ਗੋਪਾਲ ਆਨ ਜੋ ਕਰਣੀ ਸੋਈ ਸੋਈ ਬਿਨਸਤ ਖਾਮ ॥ ਚਰਨ ਕਮਲ ਹਿਰਦੈ ਗਹੁ ਨਾਨਕ ਸੁਖ ਸਮੂਹ ਬਿਸਰਾਮ ॥੨॥੯॥੧੩॥ {ਅੰਗ 702}
ਪਦਅਰਥ: ਹਰਿ ਜਨ = ਹੇ ਹਰਿ ਜਨੋ! ਹਿਰਦੇ = ਹਿਰਦੇ ਵਿਚ। ਅਪਦਾ = ਬਿਪਤਾ, ਮੁਸੀਬਤ। ਨਿਕਟਿ = ਨੇੜੇ। ਪੂਰਨ = ਸਫਲ।੧।ਰਹਾਉ।
ਕੋਟਿ = ਕ੍ਰੋੜਾਂ। ਬਿਘਨ = ਔਕੜਾਂ, ਰੁਕਾਵਟਾਂ। ਬਿਨਸਹਿ = ਨਾਸ ਹੋ ਜਾਂਦੇ ਹਨ। ਨਿਹਚਲੁ = ਸਦਾ ਕਾਇਮ ਰਹਿਣ ਵਾਲਾ। ਧਾਮ = ਘਰ, ਟਿਕਾਣਾ। ਕਉ = ਨੂੰ। ਜਾਮ = ਜਮਰਾਜ।੧।
ਤਜਿ = ਛੱਡ ਕੇ। ਆਨ = {अन्य} ਹੋਰ ਹੋਰ। ਖਾਮ = ਖ਼ਾਮ, ਕੱਚੀ। ਗਹੁ = ਫੜ ਰੱਖ। ਸੁਖ ਸਮੂਹ = ਸਾਰੇ ਹੀ ਸੁਖ। ਬਿਸਰਾਮ = ਟਿਕਾਣਾ।੨।
ਅਰਥ: ਹੇ ਪਰਮਾਤਮਾ ਦੇ ਪਿਆਰਿਓ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰਿਆ ਕਰੋ। ਕੋਈ ਭੀ ਬਿਪਤਾ ਪ੍ਰਭੂ ਦੇ ਸੇਵਕਾਂ ਦੇ ਨੇੜੇ ਨਹੀਂ ਆਉਂਦੀ, ਸੇਵਕਾਂ ਦੇ ਸਾਰੇ ਕੰਮ ਸਿਰੇ ਚੜ੍ਹਦੇ ਰਹਿੰਦੇ ਹਨ।੧।ਰਹਾਉ।
ਹੇ ਸੰਤ ਜਨੋ! ਪਰਮਾਤਮਾ ਦੀ ਭਗਤੀ (ਦੀ ਬਰਕਤਿ) ਨਾਲ (ਜ਼ਿੰਦਗੀ ਦੇ ਰਾਹ ਵਿਚੋਂ) ਕ੍ਰੋੜਾਂ ਔਕੜਾਂ ਨਾਸ ਹੋ ਜਾਂਦੀਆਂ ਹਨ, ਅਤੇ, ਪਰਮਾਤਮਾ ਦਾ ਸਦਾ ਅਟੱਲ ਰਹਿਣ ਵਾਲਾ ਘਰ (ਭੀ ਮਿਲ ਜਾਂਦਾ ਹੈ) ਭਗਵਾਨ ਦੇ ਭਗਤਾਂ ਨੂੰ ਕੋਈ ਭੀ ਡਰ ਪੋਹ ਨਹੀਂ ਸਕਦਾ, ਜਮਰਾਜ ਭੀ ਉਹਨਾਂ ਦਾ ਸਤਕਾਰ ਕਰਦਾ ਹੈ।੧।
ਹੇ ਨਾਨਕ! ਪਰਮਾਤਮਾ (ਦਾ ਸਿਮਰਨ) ਭੁਲਾ ਕੇ ਹੋਰ ਜੇਹੜਾ ਭੀ ਕੰਮ ਕਰੀਦਾ ਹੈ ਉਹ ਨਾਸਵੰਤ ਹੈ ਅਤੇ ਕੱਚਾ ਹੈ (ਇਸ ਵਾਸਤੇ, ਹੇ ਨਾਨਕ!) ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖ, (ਇਹ ਹਰਿ-ਚਰਨ ਹੀ) ਸਾਰੇ ਸੁਖਾਂ ਦਾ ਘਰ ਹਨ।੨।੯।੧੩।