Today’s Hukamnama from Gurdwara Damdama Sahib Thatta

    47

    ਬੁੱਧਵਾਰ 27 ਮਾਰਚ 2019 (14 ਚੇਤ ਸੰਮਤ 551 ਨਾਨਕਸ਼ਾਹੀ)

    ਸੂਹੀ ਮਹਲਾ ੫ ॥ ਜੋ ਕਿਛੁ ਕਰੈ ਸੋਈ ਪ੍ਰਭ ਮਾਨਹਿ ਓਇ ਰਾਮ ਨਾਮ ਰੰਗਿ ਰਾਤੇ ॥ ਤਿਨ੍ਹ੍ਹ ਕੀ ਸੋਭਾ ਸਭਨੀ ਥਾਈ ਜਿਨ੍ਹ੍ਹ ਪ੍ਰਭ ਕੇ ਚਰਣ ਪਰਾਤੇ ॥੧॥ ਮੇਰੇ ਰਾਮ ਹਰਿ ਸੰਤਾ ਜੇਵਡੁ ਨ ਕੋਈ ॥ ਭਗਤਾ ਬਣਿ ਆਈ ਪ੍ਰਭ ਅਪਨੇ ਸਿਉ ਜਲਿ ਥਲਿ ਮਹੀਅਲਿ ਸੋਈ ॥੧॥ ਰਹਾਉ ॥ ਕੋਟਿ ਅਪ੍ਰਾਧੀ ਸੰਤਸੰਗਿ ਉਧਰੈ ਜਮੁ ਤਾ ਕੈ ਨੇੜਿ ਨ ਆਵੈ ॥ ਜਨਮ ਜਨਮ ਕਾ ਬਿਛੁੜਿਆ ਹੋਵੈ ਤਿਨ੍ਹ੍ਹ ਹਰਿ ਸਿਉ ਆਣਿ ਮਿਲਾਵੈ ॥੨॥ ਮਾਇਆ ਮੋਹ ਭਰਮੁ ਭਉ ਕਾਟੈ ਸੰਤ ਸਰਣਿ ਜੋ ਆਵੈ ॥ ਜੇਹਾ ਮਨੋਰਥੁ ਕਰਿ ਆਰਾਧੇ ਸੋ ਸੰਤਨ ਤੇ ਪਾਵੈ ॥੩॥ ਜਨ ਕੀ ਮਹਿਮਾ ਕੇਤਕ ਬਰਨਉ ਜੋ ਪ੍ਰਭ ਅਪਨੇ ਭਾਣੇ ॥ ਕਹੁ ਨਾਨਕ ਜਿਨ ਸਤਿਗੁਰੁ ਭੇਟਿਆ ਸੇ ਸਭ ਤੇ ਭਏ ਨਿਕਾਣੇ ॥੪॥੪॥੫੧॥ {ਅੰਗ 748}

    ਪਦਅਰਥ: ਕਰੈ = (ਪਰਮਾਤਮਾ) ਕਰਦਾ ਹੈ। ਪ੍ਰਭ ਮਾਨਹਿ = ਪ੍ਰਭੂ ਦਾ ਕੀਤਾ ਮੰਨਦੇ ਹਨ। ਓਇ = ਉਹ ਸੰਤ ਜਨ {ਲਫ਼ਜ਼ ‘ਓਹੁ’ ਤੋਂ ਬਹੁ-ਵਚਨ}। ਰੰਗਿ = ਰੰਗ ਵਿਚ। ਰਾਤੇ = ਰੰਗੇ ਹੋਏ। ਥਾਈ = ਥਾਈਂ, ਥਾਵਾਂ ਵਿਚ। ਪਰਾਤੇ = ਪਛਾਣੇ, ਸਾਂਝ ਪਾ ਲਈ।੧।

    ਜੇਵਡੁ = ਜੇਡਾ, ਬਰਾਬਰ ਦਾ। ਸਿਉ = ਨਾਲ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ।੧।ਰਹਾਉ।

    ਕੋਟਿ ਅਪ੍ਰਾਧੀ = ਕ੍ਰੋੜਾਂ ਪਾਪ ਕਰਨ ਵਾਲਾ। ਸੰਗਿ = ਸੰਗਤਿ ਵਿਚ। ਉਭਰੈ = ਵਿਕਾਰਾਂ ਤੋਂ ਬਚ ਜਾਂਦਾ ਹੈ। ਕੈ ਨੇੜਿ = ਦੇ ਨੇੜੇ। ਸਿਉ = ਨਾਲ। ਆਣਿ = ਲਿਆ ਕੇ।੨।

    ਭਰਮੁ = ਭਟਕਣਾ। ਕਰਿ = ਕਰ ਕੇ, ਧਾਰ ਕੇ। ਤੇ = ਤੋਂ, ਪਾਸੋਂ।੩।

    ਮਹਿਮਾ = ਵਡਿਆਈ। ਕੇਤਕ = ਕਿਤਨੀ ਕੁ। ਬਰਨਉ = ਬਰਨਉਂ, ਮੈਂ ਬਿਆਨ ਕਰਾਂ। ਭਾਣੇ = ਚੰਗੇ ਲੱਗੇ। ਸਭ ਤੇ = ਸਾਰੀ ਲੁਕਾਈ ਤੋਂ। ਨਿਕਾਣੇ = ਬੇ = ਮੁਥਾਜ।੪।

    ਅਰਥ: ਹੇ ਮੇਰੇ ਪ੍ਰਭੂ! ਤੇਰੇ ਸੰਤਾਂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਹੇ ਭਾਈ! ਸੰਤ ਜਨਾਂ ਦੀ ਪਰਮਾਤਮਾ ਨਾਲ ਡੂੰਘੀ ਪ੍ਰੀਤਿ ਬਣੀ ਰਹਿੰਦੀ ਹੈ, ਉਹਨਾਂ ਨੂੰ ਪਰਮਾਤਮਾ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਹਰ ਥਾਂ ਵੱਸਦਾ ਦਿੱਸਦਾ ਹੈ।੧।ਰਹਾਉ।

    ਹੇ ਭਾਈ! ਉਹ ਸੰਤ ਜਨ ਪਰਮਾਤਮਾ ਦੇ ਨਾਮ ਦੇ ਰੰਗ ਵਿਚ ਰੰਗੇ ਰਹਿੰਦੇ ਹਨ। ਜੋ ਕੁਝ ਪਰਮਾਤਮਾ ਕਰਦਾ ਹੈ, ਉਸ ਨੂੰ ਉਹ ਪਰਮਾਤਮਾ ਦਾ ਕੀਤਾ ਹੀ ਮੰਨਦੇ ਹਨ। ਹੇ ਭਾਈ! ਜਿਨ੍ਹਾਂ ਪਰਮਾਤਮਾ ਦੇ ਚਰਨਾਂ ਨਾਲ ਸਾਂਝ ਪਾ ਲਈ, ਉਹਨਾਂ ਦੀ ਵਡਿਆਈ ਸਭ ਥਾਵਾਂ ਵਿਚ (ਖਿੱਲਰ ਜਾਂਦੀ ਹੈ) ।੧।

    ਹੇ ਭਾਈ! ਕ੍ਰੋੜਾਂ ਅਪਰਾਧ ਕਰਨ ਵਾਲਾ ਮਨੁੱਖ ਭੀ ਸੰਤ ਦੀ ਸੰਗਤਿ ਵਿਚ (ਟਿਕ ਕੇ) ਵਿਕਾਰਾਂ ਤੋਂ ਬਚ ਜਾਂਦਾ ਹੈ, (ਫਿਰ) ਜਮ ਉਸ ਦੇ ਨੇੜੇ ਨਹੀਂ ਆਉਂਦਾ। ਜੇ ਕੋਈ ਮਨੁੱਖ ਅਨੇਕਾਂ ਜਨਮਾਂ ਤੋਂ ਪਰਮਾਤਮਾ ਨਾਲੋਂ ਵਿਛੁੜਿਆ ਹੋਵੇ-ਸੰਤ ਅਜੇਹੇ ਅਨੇਕਾਂ ਮਨੁੱਖਾਂ ਨੂੰ ਲਿਆ ਕੇ ਪਰਮਾਤਮਾ ਨਾਲ ਮਿਲਾ ਦੇਂਦਾ ਹੈ।੨।

    ਹੇ ਭਾਈ! ਜੇਹੜਾ ਭੀ ਮਨੁੱਖ ਸੰਤ ਦੀ ਸਰਨ ਆ ਪੈਂਦਾ ਹੈ, ਸੰਤ ਉਸ ਦੇ ਅੰਦਰੋਂ ਮਾਇਆ ਦਾ ਮੋਹ, ਭਟਕਣਾ, ਡਰ ਦੂਰ ਕਰ ਦੇਂਦਾ ਹੈ। ਮਨੁੱਖ ਜਿਹੋ ਜਿਹੀ ਵਾਸਨਾ ਧਾਰ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ ਉਹੀ ਫ਼ਲ ਸੰਤ ਜਨਾਂ ਤੋਂ ਪ੍ਰਾਪਤ ਕਰ ਲੈਂਦਾ ਹੈ।੩।

    ਹੇ ਭਾਈ! ਜੇਹੜੇ ਸੇਵਕ ਆਪਣੇ ਪ੍ਰਭੂ ਨੂੰ ਪਿਆਰੇ ਲੱਗ ਚੁਕੇ ਹਨ, ਮੈਂ ਉਹਨਾਂ ਦੀ ਕਿਤਨੀ ਕੁ ਵਡਿਆਈ ਬਿਆਨ ਕਰਾਂ? ਹੇ ਨਾਨਕ! ਆਖ-ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪਿਆ, ਉਹ ਸਾਰੀ ਲੁਕਾਈ ਤੋਂ ਬੇ-ਮੁਥਾਜ ਹੋ ਗਏ।੪।੪।੫੧।