Today’s Hukamnama from Gurdwara Damdama Sahib Thatta

66

ਮੰਗਲਵਾਰ 12 ਮਾਰਚ 2019 (28 ਫੱਗਣ ਸੰਮਤ 550 ਨਾਨਕਸ਼ਾਹੀ)

ਟੋਡੀ ਮਹਲਾ ੫ ॥ ਹਰਿ ਹਰਿ ਚਰਨ ਰਿਦੈ ਉਰ ਧਾਰੇ ॥ ਸਿਮਰਿ ਸੁਆਮੀ ਸਤਿਗੁਰੁ ਅਪੁਨਾ ਕਾਰਜ ਸਫਲ ਹਮਾਰੇ ॥੧॥ ਰਹਾਉ ॥ ਪੁੰਨ ਦਾਨ ਪੂਜਾ ਪਰਮੇਸੁਰ ਹਰਿ ਕੀਰਤਿ ਤਤੁ ਬੀਚਾਰੇ ॥ ਗੁਨ ਗਾਵਤ ਅਤੁਲ ਸੁਖੁ ਪਾਇਆ ਠਾਕੁਰ ਅਗਮ ਅਪਾਰੇ ॥੧॥ ਜੋ ਜਨ ਪਾਰਬ੍ਰਹਮਿ ਅਪਨੇ ਕੀਨੇ ਤਿਨ ਕਾ ਬਾਹੁਰਿ ਕਛੁ ਨ ਬੀਚਾਰੇ ॥ ਨਾਮ ਰਤਨੁ ਸੁਨਿ ਜਪਿ ਜਪਿ ਜੀਵਾ ਹਰਿ ਨਾਨਕ ਕੰਠ ਮਝਾਰੇ ॥੨॥੧੧॥੩੦॥ {ਅੰਗ 718}

ਪਦਅਰਥ: ਰਿਦੈ = ਹਿਰਦੇ ਵਿਚ। ਉਰ ਧਾਰੇ = ਉਰ ਧਾਰਿ, {ਉਰ = ਹਿਰਦਾ} ਹਿਰਦੇ ਵਿਚ ਟਿਕਾਈ ਰੱਖ। ਸਿਮਰਿ = ਸਿਮਰ ਕੇ। ਸੁਆਮੀ = ਮਾਲਕ = ਪ੍ਰਭੂ। ਹਮਾਰੇ = ਅਸਾਂ ਜੀਵਾਂ ਦੇ।੧।ਰਹਾਉ।

ਕੀਰਤਿ = ਸਿਫ਼ਤਿ-ਸਾਲਾਹ। ਤਤੁ ਬੀਚਾਰੇ = ਸਾਰੀਆਂ ਵਿਚਾਰਾਂ ਦਾ ਨਿਚੋੜ। ਗਾਵਤ = ਗਾਂਦਿਆਂ। ਅਤੁਲ = ਜੇਹੜਾ ਤੋਲਿਆ ਨਾਹ ਜਾ ਸਕੇ, ਅਮਿਣਵਾਂ। ਗੁਨ ਠਾਕੁਰ = ਠਾਕੁਰ ਦੇ ਗੁਣ। ਅਗਮ = ਅਪਹੁੰਚ।੧।

ਪਾਰਬ੍ਰਹਮਿ = ਪਾਰਬ੍ਰਹਮ ਨੇ। ਬਾਹੁਰਿ = ਮੁੜ, ਫਿਰ। ਕਛੁ ਨ ਬੀਚਾਰੇ = ਕੋਈ ਲੇਖਾ ਨਹੀਂ ਕਰਦਾ। ਸੁਨਿ = ਸੁਣ ਕੇ। ਜਪਿ = ਜਪ ਕੇ। ਜੀਵਾ = ਜੀਵਾਂ, ਮੈ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ। ਕੰਠ = ਗਲਾ। ਮਝਾਰੇ = ਵਿਚ।੨।

ਅਰਥ: ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਆਪਣੇ ਹਿਰਦੇ ਵਿਚ ਚੰਗੀ ਤਰ੍ਹਾਂ ਸਾਂਭ ਰੱਖ। ਆਪਣੇ ਗੁਰੂ ਨੂੰ ਮਾਲਕ ਪ੍ਰਭੂ ਨੂੰ ਸਿਮਰ ਕੇ ਅਸਾਂ ਜੀਵਾਂ ਦੇ ਸਾਰੇ ਕੰਮ ਸਿਰੇ ਚੜ੍ਹ ਸਕਦੇ ਹਨ।੧।ਰਹਾਉ।

ਹੇ ਭਾਈ! ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਪਰਮਾਤਮਾ ਦੀ ਪੂਜਾ ਹੈ, ਤੇ, ਪੁੰਨ-ਦਾਨ ਹੈ। ਅਪਹੁੰਚ ਤੇ ਬੇਅੰਤ ਮਾਲਕ-ਪ੍ਰਭੂ ਦੇ ਗੁਣ ਗਾਂਦਿਆਂ ਬੇਅੰਤ ਸੁਖ ਪ੍ਰਾਪਤ ਕਰ ਲਈਦਾ ਹੈ।੧।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਨੇ ਆਪਣੇ (ਸੇਵਕ) ਬਣਾ ਲਿਆ ਉਹਨਾਂ ਦੇ ਕਰਮਾਂ ਦਾ ਲੇਖਾ ਮੁੜ ਨਹੀਂ ਪੁੱਛਦਾ। ਹੇ ਨਾਨਕ! ਆਖ-) ਮੈਂ ਭੀ ਪਰਮਾਤਮਾ ਦੇ ਰਤਨ (ਵਰਗੇ ਕੀਮਤੀ) ਨਾਮ ਨੂੰ ਆਪਣੇ ਗਲੇ ਵਿਚ ਪ੍ਰੋ ਲਿਆ ਹੈ, ਨਾਮ ਸੁਣ ਸੁਣ ਕੇ ਜਪ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹਾਂ।੨।੧੧।੩੦।