Today’s Hukamnama from Gurdwara Damdama Sahib Thatta

78

ਸਨਿੱਚਰਵਾਰ 23 ਫਰਵਰੀ 2019 (11 ਫੱਗਣ ਸੰਮਤ 550 ਨਾਨਕਸ਼ਾਹੀ)

ਸਲੋਕੁ ਮਃ ੩ ॥ ਏ ਮਨ ਹਰਿ ਜੀ ਧਿਆਇ ਤੂ ਇਕ ਮਨਿ ਇਕ ਚਿਤਿ ਭਾਇ ॥ ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਨ ਪਛੋਤਾਇ ॥ {ਪੰਨਾ 653}

ਪਦਅਰਥ: ਇਕ ਮਨਿ = ਇਕ ਮਨ ਨਾਲ। ਇਕ ਚਿਤਿ = ਇਕ ਚਿੱਤ ਨਾਲ। ਭਾਇ = ਪ੍ਰੇਮ ਨਾਲ। ਦੇਇ = ਦੇਂਦਾ ਹੈ।

ਅਰਥ: ਹੇ ਮਨ! ਪਿਆਰ ਨਾਲ ਇਕਾਗ੍ਰ ਚਿੱਤ ਹੋ ਕੇ ਹਰੀ ਦਾ ਸਿਮਰਨ ਕਰ; ਹਰੀ ਵਿਚ ਇਹ ਸਦਾ ਲਈ ਗੁਣ ਹਨ ਕਿ ਦਾਤ ਬਖ਼ਸ਼ ਕੇ ਪਛੁਤਾਉਂਦਾ ਨਹੀਂ।

ਹਉ ਹਰਿ ਕੈ ਸਦ ਬਲਿਹਾਰਣੈ ਜਿਤੁ ਸੇਵਿਐ ਸੁਖੁ ਪਾਇ ॥ ਨਾਨਕ ਗੁਰਮੁਖਿ ਮਿਲਿ ਰਹੈ ਹਉਮੈ ਸਬਦਿ ਜਲਾਇ ॥੧॥ {ਪੰਨਾ 653}

ਅਰਥ: ਮੈਂ ਹਰੀ ਤੋਂ ਸਦਾ ਕੁਰਬਾਨ ਹਾਂ, ਜਿਸ ਦੀ ਸੇਵਾ ਕੀਤਿਆਂ ਸੁਖ ਮਿਲਦਾ ਹੈ; ਹੇ ਨਾਨਕ! ਗੁਰਮੁਖ ਜਨ ਅਹੰਕਾਰ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਾੜ ਕੇ ਹਰੀ ਵਿਚ ਮਿਲੇ ਰਹਿੰਦੇ ਹਨ।੧।

ਮਃ ੩ ॥ ਆਪੇ ਸੇਵਾ ਲਾਇਅਨੁ ਆਪੇ ਬਖਸ ਕਰੇਇ ॥ ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ॥ {ਪੰਨਾ 653}

ਪਦਅਰਥ: ਲਾਇਅਨ = ਲਾਏ ਹਨ ਉਸ (ਹਰੀ) ਨੇ। ਸਾਰ = ਸੰਭਾਲ।

ਅਰਥ: ਹਰੀ ਨੇ ਆਪ ਹੀ ਮਨੁੱਖਾਂ ਨੂੰ ਸੇਵਾ ਵਿਚ ਲਾਇਆ ਹੈ, ਆਪ ਹੀ ਬਖ਼ਸ਼ਸ਼ ਕਰਦਾ ਹੈ, ਆਪ ਹੀ ਸਭਨਾਂ ਦਾ ਮਾਂ ਪਿਉ ਹੈ ਤੇ ਆਪ ਹੀ ਸਭ ਦੀ ਸੰਭਾਲ ਕਰਦਾ ਹੈ।

ਨਾਨਕ ਨਾਮੁ ਧਿਆਇਨਿ ਤਿਨ ਨਿਜ ਘਰਿ ਵਾਸੁ ਹੈ ਜੁਗੁ ਜੁਗੁ ਸੋਭਾ ਹੋਇ ॥੨॥ {ਪੰਨਾ 653}

ਅਰਥ: ਹੇ ਨਾਨਕ! ਜੋ ਮਨੁੱਖ ਨਾਮ ਜਪਦੇ ਹਨ, ਉਹ ਆਪਣੇ ਟਿਕਾਣੇ ਤੇ ਟਿਕੇ ਹੁੰਦੇ ਹਨ, ਹਰੇਕ ਜੁਗ ਵਿਚ ਉਹਨਾਂ ਦੀ ਸੋਭਾ ਹੁੰਦੀ ਹੈ।੨।

ਪਉੜੀ ॥ ਤੂ ਕਰਣ ਕਾਰਣ ਸਮਰਥੁ ਹਹਿ ਕਰਤੇ ਮੈ ਤੁਝ ਬਿਨੁ ਅਵਰੁ ਨ ਕੋਈ ॥ ਤੁਧੁ ਆਪੇ ਸਿਸਟਿ ਸਿਰਜੀਆ ਆਪੇ ਫੁਨਿ ਗੋਈ ॥ {ਪੰਨਾ 653-654}

ਪਦਅਰਥ: ਗੋਈ = ਨਾਸ ਕੀਤੀ ਹੈ।

ਅਰਥ: ਹੇ ਕਰਤਾਰ! ਤੂੰ ਸਾਰੀ ਕੁਦਰਤਿ ਨੂੰ ਰਚਣ-ਜੋਗਾ ਹੈਂ; ਤੇਰੇ ਬਿਨਾ ਤੇਰੇ ਜੇਡਾ ਕੋਈ ਹੋਰ ਨਹੀਂ ਮੈਨੂੰ ਦਿੱਸਦਾ; ਤੂੰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈਂ ਤੇ ਆਪ ਹੀ ਫਿਰ ਨਾਸ ਕਰਦਾ ਹੈਂ।

ਸਭੁ ਇਕੋ ਸਬਦੁ ਵਰਤਦਾ ਜੋ ਕਰੇ ਸੁ ਹੋਈ ॥ ਵਡਿਆਈ ਗੁਰਮੁਖਿ ਦੇਇ ਪ੍ਰਭੁ ਹਰਿ ਪਾਵੈ ਸੋਈ ॥ {ਪੰਨਾ 654}

ਪਦਅਰਥ: ਸਬਦੁ = ਹੁਕਮ। ਸਭੁ = ਹਰ ਥਾਂ।

ਅਰਥ: ਸਭ ਥਾਈਂ (ਹਰੀ ਦਾ) ਹੀ ਹੁਕਮ ਵਰਤ ਰਿਹਾ ਹੈ; ਜੋ ਉਹ ਕਰਦਾ ਹੈ ਸੋਈ ਹੁੰਦਾ ਹੈ। ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਸ ਨੂੰ ਪ੍ਰਭੂ ਵਡਿਆਈ ਬਖ਼ਸ਼ਦਾ ਹੈ, ਉਹ ਉਸ ਹਰੀ ਨੂੰ ਮਿਲ ਪੈਂਦਾ ਹੈ।

ਗੁਰਮੁਖਿ ਨਾਨਕ ਆਰਾਧਿਆ ਸਭਿ ਆਖਹੁ ਧੰਨੁ ਧੰਨੁ ਧੰਨੁ ਗੁਰੁ ਸੋਈ ॥੨੯॥੧॥ ਸੁਧੁ    {ਪੰਨਾ 654}

ਪਦਅਰਥ: ਸਭਿ = ਸਾਰੇ।

ਅਰਥ: ਹੇ ਨਾਨਕ! ਗੁਰੂ ਦੇ ਸਨਮੁਖ ਮਨੁੱਖ ਹਰੀ ਨੂੰ ਸਿਮਰਦੇ ਹਨ, (ਹੇ ਭਾਈ!) ਸਾਰੇ ਆਖੋ, ਕਿ ਉਹ ਸਤਿਗੁਰੂ, ਧੰਨ ਹੈ, ਧੰਨ ਹੈ, ਧੰਨ ਹੈ।੨੯।੧। ਸੁਧੁ।