ਬੁੱਧਵਾਰ 17 ਮਈ 2017 (4 ਜੇਠ ਸੰਮਤ 549 ਨਾਨਕਸ਼ਾਹੀ)
ਸਲੋਕ ॥ ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹ ॥ ਦਇਆਲ ਪੁਰਖ ਭਗਵਾਨਹ ਨਾਨਕ ਲਿਪਤ ਨ ਮਾਇਆ ॥੧॥ ਭਾਹਿ ਬਲੰਦੜੀ ਬੁਝਿ ਗਈ ਰਖੰਦੜੋ ਪ੍ਰਭੁ ਆਪਿ ॥ ਜਿਨਿ ਉਪਾਈ ਮੇਦਨੀ ਨਾਨਕ ਸੋ ਪ੍ਰਭੁ ਜਾਪਿ ॥੨॥ ਪਉੜੀ ॥ ਜਾ ਪ੍ਰਭ ਭਏ ਦਇਆਲ ਨ ਬਿਆਪੈ ਮਾਇਆ ॥ ਕੋਟਿ ਅਘਾ ਗਏ ਨਾਸ ਹਰਿ ਇਕੁ ਧਿਆਇਆ ॥ ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ॥ ਮਨ ਤਨ ਭਏ ਸੰਤੋਖ ਪੂਰਨ ਪ੍ਰਭੁ ਪਾਇਆ ॥ ਤਰੇ ਕੁਟੰਬ ਸੰਗਿ ਲੋਗ ਕੁਲ ਸਬਾਇਆ ॥੧੮॥ {ਅੰਗ 710}
ਅਰਥ: ਹੇ ਨਾਨਕ! ਜੇ ਮਨੁੱਖ ਦਿਆਲ ਸਰਬ-ਵਿਆਪੀ ਭਗਵਾਨ ਦੇ ਨਾਮ ਦੀ ਵਡਿਆਈ ਕਰੇ ਤਾਂ ਪ੍ਰਭੂ ਮੇਹਰ ਕਰਦਾ ਹੈ, ਉਸ ਦੇ ਦੁੱਖਾਂ ਦਾ ਨਾਸ ਕਰਦਾ ਹੈ ਤੇ ਉਹ ਮਨੁੱਖ ਮਾਇਆ ਦੇ ਮੋਹ ਵਿਚ ਨਹੀਂ ਫਸਦਾ।੧। ਹੇ ਨਾਨਕ! ਜਿਸ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਉਸ ਦਾ ਸਿਮਰਨ ਕਰ, (ਸਿਮਰਨ ਕੀਤਿਆਂ) ਉਹ ਪ੍ਰਭੂ ਆਪ ਜੀਵ ਦਾ ਰਾਖਾ ਬਣਦਾ ਹੈ ਤੇ ਉਸ ਦੇ ਅੰਦਰ ਦੀ ਬਲਦੀ (ਤ੍ਰਿਸਨਾ ਦੀ) ਅੱਗ ਬੁੱਝ ਜਾਂਦੀ ਹੈ।੨। ਜਦੋਂ (ਜੀਵ ਉੱਤੇ) ਪ੍ਰਭੂ ਜੀ ਮੇਹਰਬਾਨ ਹੋਣ ਤਾਂ ਮਾਇਆ ਜ਼ੋਰ ਨਹੀਂ ਪਾ ਸਕਦੀ। ਇਕ ਪ੍ਰਭੂ ਨੂੰ ਸਿਮਰਿਆਂ ਕਰੋੜਾਂ ਹੀ ਪਾਪ ਨਾਸ ਹੋ ਜਾਂਦੇ ਹਨ, ਸਿਮਰਨ ਕਰਨ ਵਾਲੇ ਬੰਦਿਆਂ ਦੀ ਚਰਨ-ਧੂੜ ਵਿਚ ਨ੍ਹਾਤਿਆਂ ਸਰੀਰ ਪਵਿਤ੍ਰ ਹੋ ਜਾਂਦੇ ਹਨ, (ਸੰਤਾਂ ਦੀ ਸੰਗਤਿ ਵਿਚ) ਪੂਰਨ ਪ੍ਰਭੂ ਮਿਲ ਪੈਂਦਾ ਹੈ ਤੇ ਮਨ ਤੇ ਤਨ ਦੋਹਾਂ ਨੂੰ ਸੰਤੋਖ ਪ੍ਰਾਪਤ ਹੁੰਦਾ ਹੈ। ਅਜੇਹੇ ਮਨੁੱਖਾਂ ਦੀ ਸੰਗਤਿ ਵਿਚ ਉਹਨਾਂ ਦੇ ਪਰਵਾਰ ਦੇ ਲੋਕ ਤੇ ਸਾਰੀਆਂ ਕੁਲਾਂ ਤਰ ਜਾਂਦੀਆਂ ਹਨ।੧੮।
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥
Web: thatta.in | Fb/PindThatta | Twitter@Pind_Thatta | YouTube/PindThatta | WhatsApp: 98728-98928