ਸਨਿੱਚਰਵਾਰ 5 ਜਨਵਰੀ 2019 (21 ਪੋਹ ਸੰਮਤ 550 ਨਾਨਕਸ਼ਾਹੀ)
ਟੋਡੀ ਮਹਲਾ ੯ ੴ ਸਤਿਗੁਰ ਪ੍ਰਸਾਦਿ ॥ ਕਹਉ ਕਹਾ ਅਪਨੀ ਅਧਮਾਈ ॥ ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥੧॥ ਰਹਾਉ ॥ ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ ॥ ਦੀਨ ਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ ਸਹਾਈ ॥੧॥ ਮਗਨ ਰਹਿਓ ਮਾਇਆ ਮੈ ਨਿਸ ਦਿਨਿ ਛੁਟੀ ਨ ਮਨ ਕੀ ਕਾਈ ॥ ਕਹਿ ਨਾਨਕ ਅਬ ਨਾਹਿ ਅਨਤ ਗਤਿ ਬਿਨੁ ਹਰਿ ਕੀ ਸਰਨਾਈ ॥੨॥੧॥੩੧॥ {ਅੰਗ 718}
ਪਦਅਰਥ: ਕਹਉ = ਕਹਉਂ, ਮੈਂ ਆਖਾਂ। ਕਹਾ = ਕਹਾਂ ਤਕ, ਕਿਥੋਂ ਤਕ, ਕਿਤਨੀ ਕੁ? ਅਧਮਾਈ = ਨੀਚਤਾ। ਉਰਝਿਓ = ਫਸਿਆ ਹੋਇਆ ਹੈ। ਕਨਕ = ਸੋਨਾ। ਕਾਮਨੀ = ਇਸਤ੍ਰੀ। ਰਸ = ਸੁਆਦਾਂ ਵਿਚ। ਕੀਰਤਿ = ਸਿਫ਼ਤਿ-ਸਾਲਾਹ।੧।ਰਹਾਉ।
ਕਉ = ਨੂੰ। ਸਾਚੁ = ਸਦਾ ਕਾਇਮ ਰਹਿਣ ਵਾਲਾ। ਜਾਨਿ ਕੈ = ਸਮਝ ਕੇ। ਤਾ ਸਿਉ = ਉਸ (ਜਗਤ ਨਾਲ) । ਰੁਚਿ = ਲਗਨ। ਉਪਜਾਈ = ਪੈਦਾ ਕੀਤੀ ਹੋਈ ਹੈ। ਦੀਨ ਬੰਧੁ = ਨਿਮਾਣਿਆਂ ਦਾ ਰਿਸ਼ਤੇਦਾਰ। ਜੁ = ਜੋ, ਜੇਹੜਾ। ਸੰਗਿ = ਨਾਲ। ਸਹਾਈ = ਮਦਦਗਾਰ।੧।
ਮਗਨ = ਮਸਤ। ਮਹਿ = ਵਿਚ। ਨਿਸਿ = ਰਾਤ। ਕਾਈ = ਪਾਣੀ ਦਾ ਜਾਲਾ। ਅਬ = ਹੁਣ (ਜਦੋਂ ਮੈਂ ਗੁਰੂ ਦੀ ਸਰਨ ਪਿਆ ਹਾਂ) । ਅਨਤ = {अन्यत्र} ਕਿਸੇ ਹੋਰ ਥਾਂ। ਗਤਿ = ਉੱਚੀ ਆਤਮਕ ਅਵਸਥਾ।੨।
ਅਰਥ: ਹੇ ਭਾਈ! ਮੈਂ ਆਪਣੀ ਨੀਚਤਾ ਕਿਤਨੀ ਕੁ ਬਿਆਨ ਕਰਾਂ? ਮੈਂ (ਕਦੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਕੀਤੀ, (ਮੇਰਾ ਮਨ) ਧਨ-ਪਦਾਰਥ ਅਤੇ ਇਸਤ੍ਰੀ ਦੇ ਰਸਾਂ ਵਿਚ ਹੀ ਫਸਿਆ ਰਹਿੰਦਾ ਹੈ।੧।ਰਹਾਉ।
ਹੇ ਭਾਈ! ਇਸ ਨਾਸਵੰਤ ਸੰਸਾਰ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਕੇ ਮੈਂ ਇਸ ਸੰਸਾਰ ਨਾਲ ਹੀ ਪ੍ਰੀਤਿ ਬਣਾਈ ਹੋਈ ਹੈ। ਮੈਂ ਉਸ ਪਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਿਆ ਜੋ ਨਿਮਾਣਿਆਂ ਦਾ ਰਿਸ਼ਤੇਦਾਰ ਹੈ, ਅਤੇ ਜੇਹੜਾ (ਸਦਾ ਸਾਡੇ) ਨਾਲ ਮਦਦਗਾਰ ਹੈ।੧।
ਹੇ ਭਾਈ! ਮੈਂ ਰਾਤ ਦਿਨ ਮਾਇਆ (ਦੇ ਮੋਹ) ਵਿਚ ਮਸਤ ਰਿਹਾ ਹਾਂ, (ਇਸ ਤਰ੍ਹਾਂ ਮੇਰੇ) ਮਨ ਦੀ ਮੈਲ ਦੂਰ ਨਹੀਂ ਹੋ ਸਕੀ। ਹੇ ਨਾਨਕ! ਆਖ-ਹੁਣ (ਜਦੋਂ ਮੈਂ ਗੁਰੂ ਦੀ ਸਰਨ ਪਿਆ ਹਾਂ, ਤਾਂ ਮੈਨੂੰ ਸਮਝ ਆਈ ਹੈ ਕਿ) ਪ੍ਰਭੂ ਦੀ ਸਰਣ ਪੈਣ ਤੋਂ ਬਿਨਾ ਕਿਸੇ ਭੀ ਹੋਰ ਥਾਂ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ।੨।੧।੩੧।
ਜ਼ਰੂਰੀ ਨੋਟ: ਟੋਡੀ ਰਾਗ ਵਿਚ ਸਾਰੇ ਸ਼ਬਦਾਂ ਦਾ ਵੇਰਵਾ ਇਉਂ ਹੈ:
ਮਹਲਾ ੪ —- ੧
ਮਹਲਾ ੫ — ੩੦
ਮਹਲਾ ੯ —- ੧
. . . . . . . . —-
ਕੁਲ ਜੋੜ . . . . ੩੨