ਬੁੱਧਵਾਰ 2 ਜਨਵਰੀ 2019 (18 ਪੋਹ ਸੰਮਤ 550 ਨਾਨਕਸ਼ਾਹੀ)
ਜੈਤਸਰੀ ਮਹਲਾ ੪ ॥ ਸਤਸੰਗਤਿ ਸਾਧ ਪਾਈ ਵਡਭਾਗੀ ਮਨੁ ਚਲਤੌ ਭਇਓ ਅਰੂੜਾ ॥ ਅਨਹਤ ਧੁਨਿ ਵਾਜਹਿ ਨਿਤ ਵਾਜੇ ਹਰਿ ਅੰਮ੍ਰਿਤ ਧਾਰ ਰਸਿ ਲੀੜਾ ॥੧॥ ਮੇਰੇ ਮਨ ਜਪਿ ਰਾਮ ਨਾਮੁ ਹਰਿ ਰੂੜਾ ॥ ਮੇਰੈ ਮਨਿ ਤਨਿ ਪ੍ਰੀਤਿ ਲਗਾਈ ਸਤਿਗੁਰਿ ਹਰਿ ਮਿਲਿਓ ਲਾਇ ਝਪੀੜਾ ॥ ਰਹਾਉ ॥ ਸਾਕਤ ਬੰਧ ਭਏ ਹੈ ਮਾਇਆ ਬਿਖੁ ਸੰਚਹਿ ਲਾਇ ਜਕੀੜਾ ॥ ਹਰਿ ਕੈ ਅਰਥਿ ਖਰਚਿ ਨਹ ਸਾਕਹਿ ਜਮਕਾਲੁ ਸਹਹਿ ਸਿਰਿ ਪੀੜਾ ॥੨॥ ਜਿਨ ਹਰਿ ਅਰਥਿ ਸਰੀਰੁ ਲਗਾਇਆ ਗੁਰ ਸਾਧੂ ਬਹੁ ਸਰਧਾ ਲਾਇ ਮੁਖਿ ਧੂੜਾ ॥ ਹਲਤਿ ਪਲਤਿ ਹਰਿ ਸੋਭਾ ਪਾਵਹਿ ਹਰਿ ਰੰਗੁ ਲਗਾ ਮਨਿ ਗੂੜਾ ॥੩॥ ਹਰਿ ਹਰਿ ਮੇਲਿ ਮੇਲਿ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ॥ ਜਨ ਨਾਨਕ ਪ੍ਰੀਤਿ ਲਗੀ ਪਗ ਸਾਧ ਗੁਰ ਮਿਲਿ ਸਾਧੂ ਪਾਖਾਣੁ ਹਰਿਓ ਮਨੁ ਮੂੜਾ ॥੪॥੬॥ {ਅੰਗ 698}
ਪਦਅਰਥ: ਸਾਧ = ਗੁਰੂ! ਚਲਤੌ = ਭਟਕਦਾ, ਚੰਚਲ। ਅਰੂੜਾ = ਅਸਥਿਰ। ਅਨਹਤ = ਇਕ-ਰਸ, ਲਗਾਤਾਰ। ਧੁਨਿ = ਰੌ। ਵਾਜਹਿ = ਵੱਜਦੇ ਹਨ। ਅੰਮ੍ਰਿਤ ਧਾਰ = ਆਤਮਕ ਜੀਵਨ ਦੇਣ ਵਾਲੇ ਨਾਮ = ਜਲ ਦੀ ਧਾਰ। ਰਸਿ = ਪ੍ਰੇਮ ਨਾਲ। ਲੀੜਾ = ਲੇੜ੍ਹ ਲਿਆ, ਰੱਜ ਗਿਆ।੧।
ਮਨ = ਹੇ ਮਨ! ਗੂੜਾ = ਸੋਹਣਾ। ਮਨਿ = ਮਨ ਵਿਚ। ਸਤਿਗੁਰਿ = ਗੁਰੂ ਨੇ। ਲਾਇ ਝਪੀੜਾ = ਜੱਫੀ ਪਾ ਕੇ। ਰਹਾਉ।
ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ। ਬੰਧ ਭਏ = ਬੱਝੇ ਪਏ। ਬਿਖੁ = (ਆਤਮਕ ਜੀਵਨ ਨੂੰ ਮੁਕਾਣ ਵਾਲੀ ਮਾਇਆ) ਜ਼ਹਿਰ। ਸੰਚਹਿ = ਇਕੱਠੀ ਕਰਦੇ ਹਨ। ਜਕੀੜਾ = ਹਠ, ਜ਼ੋਰ। ਕੈ ਅਰਥਿ = ਦੀ ਖ਼ਾਤਰ। ਸਿਰਿ = ਸਿਰ ਉਤੇ। ਜਮਕਾਲ ਪੀੜਾ = ਜਮਕਾਲ ਦਾ ਦੁੱਖ, ਮੌਤ ਦਾ ਦੁੱਖ।੨।
ਹਰ ਅਰਥਿ = ਪਰਮਾਤਮਾ ਦੀ ਖ਼ਾਤਰ। ਸਾਧੂ = ਗੁਰੂ। ਮੁਖਿ = ਮੂੰਹ ਉਤੇ। ਧੂੜਾ = ਖ਼ਾਕ। ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰ ਲੋਕ ਵਿਚ। ਪਾਵਹਿ = ਪਾਂਦੇ ਹਨ, ਖੱਟਦੇ ਹਨ। ਰੰਗੁ = ਪ੍ਰੇਮ। ਮਨਿ = ਮਨ ਵਿਚ।੩।
ਹਰਿ = ਹੇ ਹਰੀ! ਕੀੜਾ = ਨਿਮਾਣਾ ਦਾਸ। ਪਗ = ਪੈਰ। ਮਿਲਿ = ਮਿਲ ਕੇ। ਪਾਖਾਣੁ = ਪੱਥਰ, ਪੱਥਰ ਵਾਂਗ ਅਭਿੱਜ। ਮੂੜਾ = ਮੂਰਖ।੪।
ਅਰਥ: ਹੇ ਮੇਰੇ ਮਨ! ਸੋਹਣੇ ਪਰਮਾਤਮਾ ਦਾ ਨਾਮ (ਸਦਾ) ਜਪਿਆ ਕਰ। ਹੇ ਭਾਈ! ਗੁਰੂ ਨੇ ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਪਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ ਹੈ, ਹੁਣ ਪਰਮਾਤਮਾ ਮੈਨੂੰ ਜੱਫੀ ਪਾ ਕੇ ਮਿਲ ਪਿਆ ਹੈ।ਰਹਾਉ।
ਹੇ ਭਾਈ! ਜਿਸ ਮਨੁੱਖ ਨੇ ਵੱਡੇ ਭਾਗਾਂ ਨਾਲ ਗੁਰੂ ਦੀ ਸਾਧ ਸੰਗਤਿ ਪ੍ਰਾਪਤ ਕਰ ਲਈ, ਉਸ ਦਾ ਭਟਕਦਾ ਮਨ ਟਿਕ ਗਿਆ। ਉਸ ਦੇ ਅੰਦਰ ਇਕ-ਰਸ ਰੌ ਨਾਲ (ਮਾਨੋ) ਸਦਾ ਵਾਜੇ ਵੱਜਦੇ ਰਹਿੰਦੇ ਹਨ। ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਪ੍ਰੇਮ ਨਾਲ (ਪੀ ਪੀ ਕੇ) ਉਹ ਰੱਜ ਜਾਂਦਾ ਹੈ।੧।
ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਮਾਇਆ ਦੇ ਮੋਹ ਵਿਚ ਬੱਝੇ ਰਹਿੰਦੇ ਹਨ। ਉਹ ਜ਼ੋਰ ਲਾ ਕੇ (ਆਤਮਕ ਮੌਤ ਲਿਆਉਣ ਵਾਲੀ ਮਾਇਆ) ਜ਼ਹਿਰ ਹੀ ਇਕੱਠੀ ਕਰਦੇ ਰਹਿੰਦੇ ਹਨ। ਉਹ ਮਨੁੱਖ ਉਸ ਮਾਇਆ ਨੂੰ ਪਰਮਾਤਮਾ ਦੇ ਰਾਹ ਤੇ ਖ਼ਰਚ ਨਹੀਂ ਸਕਦੇ, (ਇਸ ਵਾਸਤੇ ਉਹ) ਆਤਮਕ ਮੌਤ ਦਾ ਦੁੱਖ ਆਪਣੇ ਸਿਰ ਉਤੇ ਸਹਾਰਦੇ ਹਨ।੨।
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਬੜੀ ਸਰਧਾ ਨਾਲ ਗੁਰੂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਉਤੇ ਲਾ ਕੇ ਆਪਣਾ ਸਰੀਰ ਪਰਮਾਤਮਾ ਦੇ ਅਰਪਣ ਕਰ ਦਿੱਤਾ, ਉਹ ਮਨੁੱਖ ਇਸ ਲੋਕ ਵਿਚ ਪਰਲੋਕ ਵਿਚ ਸੋਭਾ ਖੱਟਦੇ ਹਨ, ਉਹਨਾਂ ਦੇ ਮਨ ਵਿਚ ਪਰਮਾਤਮਾ ਨਾਲ ਗੂੜ੍ਹਾ ਪਿਆਰ ਬਣ ਜਾਂਦਾ ਹੈ।੩।
ਹੇ ਹਰੀ! ਹੇ ਪ੍ਰਭੂ! ਮੈਨੂੰ ਗੁਰੂ ਮਿਲਾ, ਮੈਨੂੰ ਗੁਰੂ ਮਿਲਾ, ਮੈਂ ਗੁਰੂ ਦੇ ਸੇਵਕਾਂ ਦਾ ਨਿਮਾਣਾ ਦਾਸ ਹਾਂ। ਹੇ ਦਾਸ ਨਾਨਕ! ਆਖ-) ਜਿਸ ਮਨੁੱਖ ਦੇ ਅੰਦਰ ਗੁਰੂ ਦੇ ਚਰਨਾਂ ਦਾ ਪਿਆਰ ਬਣ ਜਾਂਦਾ ਹੈ, ਗੁਰੂ ਨੂੰ ਮਿਲ ਕੇ ਉਸ ਦਾ ਮੂਰਖ ਅਭਿੱਜ ਮਨ ਹਰਾ ਹੋ ਜਾਂਦਾ ਹੈ।੪।੬।