ਸਨਿੱਚਰਵਾਰ 29 ਦਸੰਬਰ 2018 (14 ਪੋਹ ਸੰਮਤ 550 ਨਾਨਕਸ਼ਾਹੀ)
ਸਲੋਕ ਮਃ ੧ ॥ ਤਾ ਕੀ ਰਜਾਇ ਲੇਖਿਆ ਪਾਇ ਅਬ ਕਿਆ ਕੀਜੈ ਪਾਂਡੇ ॥ ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ ॥੧॥ {ਪੰਨਾ 653}
ਪਦਅਰਥ: ਰਜਾਇ = ਰਜ਼ਾ ਵਿਚ। ਪਾਇ = ਪਾਈਦਾ ਹੈ। ਪਾਂਡੇ = ਹੇ ਪੰਡਿਤ! ਹੰਢਹਿ = ਫਿਰਦੇ ਹਨ। ਜੀਅ = ਜੀਵ।
ਅਰਥ: ਹੇ ਪੰਡਿਤ! ਐਸ ਵੇਲੇ (ਝੁਰਿਆਂ) ਕੁਝ ਨਹੀਂ ਬਣਦਾ; ਪ੍ਰਭੂ ਦੀ ਰਜ਼ਾ ਵਿਚ (ਆਪਣੇ ਹੀ ਪਿਛਲੇ ਕੀਤੇ ਅਨੁਸਾਰ) ਲਿਖਿਆ (ਲੇਖ) ਪਾਈਦਾ ਹੈ; ਜਦੋਂ ਪ੍ਰਭੂ ਦਾ ਹੁਕਮ ਹੋਇਆ ਤਦੋਂ ਇਹ ਫ਼ੈਸਲਾ ਹੋਇਆ ਤੇ (ਉਸ ਲੇਖ-ਅਨੁਸਾਰ) ਜੀਵ (ਕਰਮ) ਕਮਾਂਦੇ ਫਿਰਦੇ ਹਨ।੧।
ਮਃ ੨ ॥ ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥ ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥੨॥ {ਪੰਨਾ 653}
ਪਦਅਰਥ: ਨਕਿ = ਨੱਕ ਵਿਚ। ਹਥਿ = ਹੱਥ ਵਿਚ। ਦੇ = ਦੇਂਦਾ ਹੈ।
ਅਰਥ: ਹੇ ਨਾਨਕ! ਜੀਵ ਦੇ ਨੱਕ ਵਿਚ (ਰਜ਼ਾ ਦੀ) ਨੱਥ (ਨਕੇਲ) ਹੈ ਜੋ ਖਸਮ ਪ੍ਰਭੂ ਦੇ (ਆਪਣੇ) ਹੱਥ ਵਿਚ ਹੈ, ਪਿਛਲੇ ਕੀਤੇ ਹੋਏ ਕੰਮਾਂ ਅਨੁਸਾਰ ਬਣਿਆ ਸੁਭਾਉ ਹੁਣ ਧੱਕ ਕੇ ਚਲਾ ਰਿਹਾ ਹੈ। ਸੱਚ ਇਹ ਹੈ ਕਿ ਜਿਥੇ ਜੀਵ ਦਾ ਦਾਣਾ-ਪਾਣੀ ਹੁੰਦਾ ਹੈ ਉਥੇ ਖਾਣਾ ਪੈਂਦਾ ਹੈ।੨।
ਪਉੜੀ ॥ ਸਭੇ ਗਲਾ ਆਪਿ ਥਾਟਿ ਬਹਾਲੀਓਨੁ ॥ ਆਪੇ ਰਚਨੁ ਰਚਾਇ ਆਪੇ ਹੀ ਘਾਲਿਓਨੁ ॥ ਆਪੇ ਜੰਤ ਉਪਾਇ ਆਪਿ ਪ੍ਰਤਿਪਾਲਿਓਨੁ ॥ ਦਾਸ ਰਖੇ ਕੰਠਿ ਲਾਇ ਨਦਰਿ ਨਿਹਾਲਿਓਨੁ ॥ ਨਾਨਕ ਭਗਤਾ ਸਦਾ ਅਨੰਦੁ ਭਾਉ ਦੂਜਾ ਜਾਲਿਓਨੁ ॥੨੮॥ {ਪੰਨਾ 653}
ਪਦਅਰਥ: ਬਹਾਲੀਓਨੁ = ਉਸ ਪ੍ਰਭੂ ਨੇ ਆਪ ਕਾਇਮ ਕੀਤੀਆਂ ਹਨ। ਘਾਲਿਓਨੁ = ਉਸ (ਹਰੀ) ਨੇ ਨਾਸ ਕੀਤਾ ਹੈ। ਪ੍ਰਤਿਪਾਲਿਓਨੁ = ਉਸ ਨੇ (ਹਰੇਕ ਜੀਵ ਨੂੰ) ਪਾਲਿਆ ਹੈ। ਨਿਹਾਲਿਓਨੁ = ਉਸ ਨੇ ਵੇਖਿਆ ਹੈ।ਜਾਲਿਓਨੁ = ਉਸ ਨੇ ਸਾੜਿਆ ਹੈ।
ਅਰਥ: ਪ੍ਰਭੂ ਨੇ ਆਪ ਹੀ ਸਾਰੀਆਂ (ਜਗਤ-) ਵਿਓਂਤਾਂ ਬਣਾ ਕੇ ਕਾਇਮ ਕੀਤੀਆਂ ਹਨ; ਆਪ ਹੀ ਸੰਸਾਰ ਦੀ ਰਚਨਾ ਰਚ ਕੇ ਆਪ ਹੀ ਨਾਸ ਕਰਦਾ ਹੈ; ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪੇ ਹੀ ਪਾਲਦਾ ਹੈ; ਆਪੇ ਹੀ ਆਪਣੇ ਸੇਵਕਾਂ ਨੂੰ ਗਲ ਲਾ ਕੇ ਰੱਖਦਾ ਹੈ, ਆਪ ਹੀ ਮੇਹਰ ਦੀ ਨਜ਼ਰ ਨਾਲ ਵੇਖਦਾ ਹੈ। ਹੇ ਨਾਨਕ! ਭਗਤਾਂ ਨੂੰ ਸਦਾ ਪ੍ਰਸੰਨਤਾ ਰਹਿੰਦੀ ਹੈ, (ਕਿਉਂਕਿ) ਉਹਨਾਂ ਦਾ ਮਾਇਆ ਦਾ ਪਿਆਰ ਉਸ ਪ੍ਰਭੂ ਨੇ ਆਪ ਸਾੜ ਦਿੱਤਾ ਹੈ।੨੮।