Today’s Hukamnama from Gurdwara Damdama Sahib Thatta

69

ਸ਼ੁੱਕਰਵਾਰ 14 ਦਸੰਬਰ 2018 (29 ਮੱਘਰ ਸੰਮਤ 550 ਨਾਨਕਸ਼ਾਹੀ)

ਸੂਹੀ ਮਹਲਾ ੫ ॥ ਦਰਸਨੁ ਦੇਖਿ ਜੀਵਾ ਗੁਰ ਤੇਰਾ ॥ ਪੂਰਨ ਕਰਮੁ ਹੋਇ ਪ੍ਰਭ ਮੇਰਾ ॥੧॥ ਇਹ ਬੇਨੰਤੀ ਸੁਣਿ ਪ੍ਰਭ ਮੇਰੇ ॥ ਦੇਹਿ ਨਾਮੁ ਕਰਿ ਅਪਣੇ ਚੇਰੇ ॥੧॥ ਰਹਾਉ ॥ ਅਪਣੀ ਸਰਣਿ ਰਾਖੁ ਪ੍ਰਭ ਦਾਤੇ ॥ ਗੁਰ ਪ੍ਰਸਾਦਿ ਕਿਨੈ ਵਿਰਲੈ ਜਾਤੇ ॥੨॥ ਸੁਨਹੁ ਬਿਨਉ ਪ੍ਰਭ ਮੇਰੇ ਮੀਤਾ ॥ ਚਰਣ ਕਮਲ ਵਸਹਿ ਮੇਰੈ ਚੀਤਾ ॥੩॥ ਨਾਨਕੁ ਏਕ ਕਰੈ ਅਰਦਾਸਿ ॥ ਵਿਸਰੁ ਨਾਹੀ ਪੂਰਨ ਗੁਣਤਾਸਿ ॥੪॥੧੮॥੨੪॥ {ਅੰਗ 742}

ਪਦਅਰਥ: ਦੇਖਿ = ਵੇਖ ਕੇ। ਜੀਵਾ = ਜੀਵਾਂ, ਮੈਂ ਜੀਉ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਗੁਰ = ਹੇ ਗੁਰੂ! ਕਰਮੁ = ਬਖ਼ਸ਼ਸ਼। ਪ੍ਰਭ ਮੇਰਾ = ਹੇ ਮੇਰੇ ਪ੍ਰਭੂ!੧।

ਪ੍ਰਭ = ਹੇ ਪ੍ਰਭੂ! ਕਰਿ = ਬਣਾ ਕੇ। ਚੇਰੇ = ਸੇਵਕ।੧।ਰਹਾਉ।

ਦਾਤੇ = ਹੇ ਸਭ ਦਾਤਾਂ ਦੇਣ ਵਾਲੇ! ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਕਿਨੈ ਵਿਰਲੈ = ਕਿਸੇ ਮਨੁੱਖ ਨੇ। ਜਾਤੇ = ਡੂੰਘੀ ਸਾਂਝ ਪਾਈ ਹੈ।੨।

ਬਿਨਉ = {विनयਬੇਨਤੀ। ਮੀਤਾ = ਹੇ ਮਿੱਤਰ! ਵਸਹਿ = ਵੱਸ ਪੈਣਾ। ਮੇਰੈ ਚੀਤਾ = ਮੇਰੇ ਚਿੱਤ ਵਿਚ।੩।

ਨਾਨਕੁ ਕਰੈ = ਨਾਨਕ ਕਰਦਾ ਹੈ। ਅਰਦਾਸਿ = ਬੇਨਤੀ। ਗੁਣ ਤਾਸਿ = ਹੇ ਗੁਣਾਂ ਦੇ ਖ਼ਜ਼ਾਨੇ!੪।

ਅਰਥ: ਹੇ ਮੇਰੇ ਪ੍ਰਭੂ (ਮੇਰੀ) ਇਹ ਅਰਜ਼ੋਈ ਸੁਣ, (ਗੁਰੂ ਦੀ ਰਾਹੀਂ) ਮੈਨੂੰ ਆਪਣਾ ਸੇਵਕ ਬਣਾ ਕੇ (ਆਪਣਾ) ਨਾਮ ਬਖ਼ਸ਼।੧।ਰਹਾਉ।

ਹੇ ਗੁਰੂ! ਤੇਰਾ ਦਰਸਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਹੇ ਮੇਰੇ ਪ੍ਰਭੂ! ਤੇਰੀ ਪੂਰਨ ਬਖ਼ਸ਼ਸ਼ ਹੋਏ (ਤੇਮੈਨੂੰ ਗੁਰੂ ਮਿਲ ਜਾਵੇ੧।

ਹੇ ਸਭ ਦਾਤਾਂ ਦੇਣ ਵਾਲੇ ਪ੍ਰਭੂ! ਮੈਨੂੰ ਆਪਣੀ ਸਰਨ ਵਿਚ ਰੱਖ। ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ।੨।

ਹੇ ਮੇਰੇ ਮਿੱਤਰ ਪ੍ਰਭੂ! ਮੇਰੀ ਅਰਜ਼ੋਈ ਸੁਣ (ਮੇਹਰ ਕਰ ਤੇਰੇ) ਸੋਹਣੇ ਚਰਨ ਮੇਰੇ ਚਿੱਤ ਵਿਚ ਵੱਸ ਪੈਣ।੩।

ਹੇ ਪੂਰਨ ਪ੍ਰਭੂ! ਸਭ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਤੇਰਾ ਸੇਵਕ) ਨਾਨਕ (ਤੇਰੇ ਦਰ ਤੇ) ਇਕ ਅਰਜ਼ ਕਰਦਾ ਹੈ (ਕਿਰਪਾ ਕਰ, ਮੈਨੂੰ ਨਾਨਕ ਨੂੰ ਕਦੇਨਾਹ ਭੁੱਲ।੪।੧੮।੨੪।