ਵੀਰਵਾਰ 13 ਦਸੰਬਰ 2018 (28 ਮੱਘਰ ਸੰਮਤ 550 ਨਾਨਕਸ਼ਾਹੀ)
ਸਲੋਕੁ ਮਃ ੩ ॥ ਬਿਨੁ ਕਰਮੈ ਨਾਉ ਨ ਪਾਈਐ ਪੂਰੈ ਕਰਮਿ ਪਾਇਆ ਜਾਇ ॥ ਨਾਨਕ ਨਦਰਿ ਕਰੇ ਜੇ ਆਪਣੀ ਤਾ ਗੁਰਮਤਿ ਮੇਲਿ ਮਿਲਾਇ ॥੧॥ {ਅੰਗ 648}
ਅਰਥ: ਪੂਰੀ ਮੇਹਰ ਦੁਆਰਾ ਹਰੀ-ਨਾਮ ਲੱਭ ਸਕਦਾ ਹੈ, ਮੇਹਰ ਤੋਂ ਬਿਨਾ ਨਾਮ ਨਹੀਂ ਮਿਲਦਾ; ਹੇ ਨਾਨਕ! ਜੇ ਹਰੀ ਆਪਣੀ ਕ੍ਰਿਪਾ-ਦ੍ਰਿਸ਼ਟੀ ਕਰੇ, ਤਾਂ ਸਤਿਗੁਰੂ ਦੀ ਸਿੱਖਿਆ ਵਿਚ ਲੀਨ ਕਰ ਕੇ ਮਿਲਾ ਲੈਂਦਾ ਹੈ।੧।
ਮਃ ੧ ॥ ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥ {ਪੰਨਾ 648}
ਪਦਅਰਥ: ਦਝਹਿ = ਸਾੜੇ ਜਾਂਦੇ ਹਨ। ਉਸਟੀਅਹਿ = ਸੁੱਟੇ ਜਾਂਦੇ ਹਨ। ਹਸਣਿ = ਹੱਸਣ ਵਿਚ। ਹਸਣ = ਉਹ ਸੁੱਕਾ ਖੂਹ ਜਿਸ ਵਿਚ ਪਾਰਸੀ ਲੋਕ ਆਪਣੇ ਮੁਰਦੇ ਰੱਖ ਕੇ ਗਿਰਝਾਂ ਨੂੰ ਖੁਵਾ ਦੇਂਦੇ ਹਨ। ਏਵ = ਇਸ ਤਰ੍ਹਾਂ, (ਭਾਵ, ਸਾੜਨ ਦੱਬਣ ਆਦਿਕ ਨਾਲ) । ਨ ਜਾਪਈ = ਪਤਾ ਨਹੀਂ ਲੱਗਦਾ।
ਅਰਥ: (ਮਰਨ ਤੇ) ਕੋਈ ਸਾੜੇ ਜਾਂਦੇ ਹਨ, ਕੋਈ ਦੱਬੇ ਜਾਂਦੇ ਹਨ, ਇਕਨਾਂ ਨੂੰ ਕੁੱਤੇ ਖਾਂਦੇ ਹਨ, ਕੋਈ ਜਲ-ਪ੍ਰਵਾਹ ਕੀਤੇ ਜਾਂਦੇ ਹਨ ਤੇ ਕੋਈ ਸੁੱਕੇ ਖੂਹ ਵਿਚ ਰੱਖੇ ਜਾਂਦੇ ਹਨ। ਪਰ, ਹੇ ਨਾਨਕ! ਸਰੀਰ ਦੇ) ਇਸ ਸਾੜਨ ਦੱਬਣ ਆਦਿਕ ਨਾਲ ਇਹ ਨਹੀਂ ਪਤਾ ਲੱਗ ਸਕਦਾ ਕਿ ਰੂਹਾਂ ਕਿੱਥੇ ਜਾ ਵੱਸਦੀਆਂ ਹਨ।੨।
ਪਉੜੀ ॥ ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ ॥ ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸੇਵਕ ਸਿਖ ਅਭਿਆਗਤ ਜਾਇ ਵਰਸਾਤੇ ॥ {ਪੰਨਾ648}
ਅਰਥ: ਜੋ ਮਨੁੱਖ ਹਰੀ ਦੇ ਨਾਮ ਵਿਚ ਰੰਗੇ ਹੋਏ ਹਨ, ਉਹਨਾਂ ਦਾ ਮਾਇਆ ਨੂੰ ਵਰਤਣਾ, ਖਾਣਾ ਪਹਿਨਣਾ ਸਭ ਕੁਝ ਪਵਿੱਤ੍ਰ ਹੈ; ਉਹਨਾਂ ਦੇ ਘਰ, ਮੰਦਰ, ਮਹਿਲ ਤੇ ਸਰਾਵਾਂ ਸਭ ਪਵਿੱਤ੍ਰ ਹਨ, ਜਿਨ੍ਹਾਂ ਵਿਚੋਂ ਗੁਰਮੁਖਿ ਸੇਵਕ ਸਿੱਖ ਤੇ ਅਭਿਆਗਤ ਜਾ ਕੇ ਸੁਖ ਲੈਂਦੇ ਹਨ।
ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸਿਖ ਸਾਧ ਸੰਤ ਚੜਿ ਜਾਤੇ ॥ ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ ਜੋ ਬੋਲਹਿ ਹਰਿ ਹਰਿ ਰਾਮ ਨਾਮੁ ਹਰਿ ਸਾਤੇ ॥ {ਪੰਨਾ 648}
ਪਦਅਰਥ: ਖੁਰਗੀਰ = (ਫਾ: ਖ਼ੂ = ਗੀਰ) ਪਸੀਨਾ ਜਜ਼ਬ ਕਰਨ ਵਾਲਾ; ਤਾਹਰੂ ਜੋ ਜ਼ੀਨ ਦੇ ਹੇਠ ਪਾਈਦਾ ਹੈ। ਤੁਰੇ = ਘੋੜੇ। ਸਾਤੇ = ਸਤਿ, ਸਦਾ-ਥਿਰ ਰਹਿਣ ਵਾਲਾ ਹਰੀ।
ਅਰਥ: ਉਹਨਾਂ ਦੇ ਘੋੜੇ, ਜ਼ੀਨਾਂ, ਤਾਹਰੂ ਸਭ ਪਵਿੱਤ੍ਰ ਹਨ, ਜਿਨ੍ਹਾਂ ਉਤੇ ਗੁਰਮੁਖਿ ਸਿੱਖ ਸਾਧ ਸੰਤ ਚੜ੍ਹਦੇ ਹਨ; ਉਹਨਾਂ ਦੇ ਕੰਮ-ਕਾਜ ਸਭ ਪਵ੍ਰਿੱਤ ਹਨ, ਜੋ ਹਰ ਵੇਲੇ ਹਰੀ ਦਾ ਨਾਮ ਉਚਾਰਦੇ ਹਨ।
ਜਿਨ ਕੈ ਪੋਤੈ ਪੁੰਨੁ ਹੈ ਸੇ ਗੁਰਮੁਖਿ ਸਿਖ ਗੁਰੂ ਪਹਿ ਜਾਤੇ ॥੧੬॥ {ਪੰਨਾ 648}
ਅਰਥ: (ਪਹਿਲੇ ਕੀਤੇ ਕੰਮਾਂ ਦੇ ਅਨੁਸਾਰ) ਜਿਨ੍ਹਾਂ ਦੇ ਪੱਲੇ (ਭਲੇ ਸੰਸਕਾਰ-ਰੂਪ) ਪੁੰਨ ਹੈ, ਉਹ ਗੁਰਮੁਖ ਸਿੱਖ ਸਤਿਗੁਰੂ ਦੀ ਸ਼ਰਨ ਆਉਂਦੇ ਹਨ।੧੬।