ਸਨਿੱਚਰਵਾਰ 1 ਦਸੰਬਰ 2018 (16 ਮੱਘਰ ਸੰਮਤ 550 ਨਾਨਕਸ਼ਾਹੀ)
ਸਲੋਕੁ ਮਃ ੩ ॥ ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹਿ ॥ ਜਮ ਦਰਿ ਬਧੇ ਮਾਰੀਅਹਿ ਫਿਰਿ ਵਿਸਟਾ ਮਾਹਿ ਪਚਾਹਿ ॥੧॥ {ਅੰਗ 648}
ਅਰਥ: ਹੇ ਨਾਨਕ! ਅੰਨ੍ਹੇ ਅਗਿਆਨੀ ਨਾਮ ਨਹੀਂ ਸਿਮਰਦੇ ਤੇ ਹੋਰ ਹੋਰ ਕੰਮ ਕਰਦੇ ਹਨ, (ਸਿੱਟਾ ਇਹ ਨਿਕਲਦਾ ਹੈ, ਕਿ) ਜਮ ਦੇ ਦਰ ਤੇ ਬੱਧੇ ਮਾਰ ਖਾਂਦੇ ਹਨ ਤੇ ਫਿਰ (ਵਿਕਾਰ-ਰੂਪ) ਵਿਸ਼ਟੇ ਵਿਚ ਸੜਦੇ ਹਨ।੧।
ਮਃ ੩ ॥ ਨਾਨਕ ਸਤਿਗੁਰੁ ਸੇਵਹਿ ਆਪਣਾ ਸੇ ਜਨ ਸਚੇ ਪਰਵਾਣੁ ॥ ਹਰਿ ਕੈ ਨਾਇ ਸਮਾਇ ਰਹੇ ਚੂਕਾ ਆਵਣੁ ਜਾਣੁ ॥੨॥ {ਪੰਨਾ 648}
ਪਦਅਰਥ: ਨਾਇ = ਨਾਮ ਵਿਚ।
ਅਰਥ: ਹੇ ਨਾਨਕ! ਜੋ ਮਨੁੱਖ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ਉਹ ਮਨੁੱਖ ਸੱਚੇ ਤੇ ਕਬੂਲ ਹਨ; ਉਹ ਹਰੀ ਦੇ ਨਾਮ ਵਿਚ ਲੀਨ ਰਹਿੰਦੇ ਹਨ ਤੇ ਉਹਨਾਂ ਦਾ ਜੰਮਣਾ ਮਰਣਾ ਮੁੱਕ ਜਾਂਦਾ ਹੈ।੨।
ਪਉੜੀ ॥ ਧਨੁ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ॥ ਘਰ ਮੰਦਰ ਮਹਲ ਸਵਾਰੀਅਹਿ ਕਿਛੁ ਸਾਥਿ ਨ ਜਾਈ ॥ ਹਰ ਰੰਗੀ ਤੁਰੇ ਨਿਤ ਪਾਲੀਅਹਿ ਕਿਤੈ ਕਾਮਿ ਨ ਆਈ ॥ ਜਨ ਲਾਵਹੁ ਚਿਤੁ ਹਰਿ ਨਾਮ ਸਿਉ ਅੰਤਿ ਹੋਇ ਸਖਾਈ ॥ ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਸੁਖੁ ਪਾਈ ॥੧੫॥ {ਪੰਨਾ 648}
ਪਦਅਰਥ: ਸੰਪੈ = ਦੌਲਤ। ਸੰਚੀਐ = ਇਕੱਠਾ ਕਰੀਦਾ ਹੈ। ਸਵਾਰੀਅਹਿ = ਬਣਾਈਦੇ ਹਨ। ਹਰ ਰੰਗੀ = ਹਰੇਕ ਕਿਸਮ ਦੇ।
ਅਰਥ: ਧਨ, ਦੌਲਤ ਤੇ ਮਾਇਆ ਇਕੱਠੀ ਕਰੀਦੀ ਹੈ, ਪਰ ਅਖ਼ੀਰ ਨੂੰ ਦੁਖਦਾਈ ਹੁੰਦੀ ਹੈ; ਘਰ, ਮੰਦਰ ਤੇ ਮਹਿਲ ਬਣਾਈਦੇ ਹਨ, ਪਰ ਕੁਝ ਨਾਲ ਨਹੀਂ ਜਾਂਦਾ; ਕਈ ਰੰਗਾਂ ਦੇ ਘੋੜੇ ਸਦਾ ਪਾਲੀਦੇ ਹਨ, ਪਰ ਕਿਸੇ ਕੰਮ ਨਹੀਂ ਆਉਂਦੇ। ਹੇ ਭਾਈ ਸੱਜਣੋ! ਹਰੀ ਦੇ ਨਾਮ ਨਾਲ ਚਿੱਤ ਜੋੜੋ, ਜੋ ਅਖ਼ੀਰ ਨੂੰ ਸਾਥੀ ਬਣੇ। ਹੇ ਦਾਸ ਨਾਨਕ! ਜੋ ਮਨੁੱਖ ਨਾਮ ਸਿਮਰਦਾ ਹੈ, ਉਹ ਸਤਿਗੁਰੂ ਦੇ ਸਨਮੁਖ ਰਹਿ ਕੇ ਸੁਖ ਪਾਂਦਾ ਹੈ।੧੫।