Today’s Hukamnama from Gurdwara Damdama Sahib Thatta

59

ਬੁੱਧਵਾਰ 14 ਨਵੰਬਰ 2018 (29 ਕੱਤਕ ਸੰਮਤ 550 ਨਾਨਕਸ਼ਾਹੀ)

ਸੂਹੀ ਮਹਲਾ ੪ ॥ ਕੀਤਾ ਕਰਣਾ ਸਰਬ ਰਜਾਈ ਕਿਛੁ ਕੀਚੈ ਜੇ ਕਰਿ ਸਕੀਐ ॥ ਆਪਣਾ ਕੀਤਾ ਕਿਛੂ ਨ ਹੋਵੈ ਜਿਉ ਹਰਿ ਭਾਵੈ ਤਿਉ ਰਖੀਐ ॥੧॥ ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ ॥ ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ ॥੧॥ ਰਹਾਉ ॥ ਸਭੁ ਜੀਉ ਪਿੰਡੁ ਦੀਆ ਤੁਧੁ ਆਪੇ ਤੁਧੁ ਆਪੇ ਕਾਰੈ ਲਾਇਆ ॥ ਜੇਹਾ ਤੂੰ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ ਜੇਹਾ ਤੁਧੁ ਧੁਰਿ ਲਿਖਿ ਪਾਇਆ ॥੨॥ ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ ॥ ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ ਮਨਮੁਖਿ ਕਰਹਿ ਸਿ ਰੋਵੈ ॥੩॥ ਹਰਿ ਕੀ ਵਡਿਆਈ ਹਉ ਆਖਿ ਨ ਸਾਕਾ ਹਉ ਮੂਰਖੁ ਮੁਗਧੁ ਨੀਚਾਣੁ ॥ ਜਨ ਨਾਨਕ ਕਉ ਹਰਿ ਬਖਸਿ ਲੈ ਮੇਰੇ ਸੁਆਮੀ ਸਰਣਾਗਤਿ ਪਇਆ ਅਜਾਣੁ ॥੪॥੪॥੧੫॥੨੪॥ {ਅੰਗ 736}

ਪਦਅਰਥ: ਰਜਾਈ = ਰਜ਼ਾ ਦੇ ਮਾਲਕ = ਪ੍ਰਭੂ ਨੇ। ਕੀਚੈ = (ਅਸੀ) ਕਰੀਏ। ਭਾਵੈ = ਚੰਗਾ ਲੱਗਦਾ ਹੈ।੧।

ਵਸਿ = ਵੱਸ ਵਿਚ।੧।ਰਹਾਉ।

ਜੀਉ = ਜਿੰਦ। ਪਿੰਡੁ = ਸਰੀਰ। ਕਾਰੈ = ਕੰਮ ਵਿਚ। ਕੋ = ਕੋਈ ਜੀਵ। ਧੁਰਿ = ਧੁਰ ਦਰਗਾਹ ਤੋਂ। ਲਿਖਿ = ਲਿਖ ਕੇ।੨।

ਪੰਚ ਤਤੁ = {ਹਵਾ, ਪਾਣੀ, ਅੱਗ, ਧਰਤੀ, ਆਕਾਸ਼}। ਸਭ = ਸਾਰੀ। ਕਰਿਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨਬੇਸ਼ੱਕ ਕਰ ਵੇਖੋ। ਮੇਲਿ = ਮਿਲਾ ਕੇ। ਬੁਝਾਵਹਿ = ਸੂਝ ਬਖ਼ਸ਼ਦਾ ਹੈਂ। ਇਕਿ = {ਲਫ਼ਜ਼ ‘ਇਕ‘ ਤੋਂ ਬਹੁ-ਵਚਨ}। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਕਰਹਿ = ਤੂੰ ਬਣਾ ਦੇਂਦਾ ਹੈਂ। ਸਿ = ਉਹ ਮਨੁੱਖ {ਇਕ-ਵਚਨ}। ਰੋਵੈ = ਦੁੱਖੀ ਹੁੰਦਾ ਹੈ।੩।

ਹਉ = ਮੈਂ। ਨੀਚਾਣੁ = ਨੀਵਾਂ। ਮੁਗਧੁ = ਮੂਰਖ। ਕਉ = ਨੂੰ। ਸੁਆਮੀ = ਹੇ ਸੁਆਮੀ!੪।

ਅਰਥ: ਹੇ ਮੇਰੇ ਪ੍ਰਭੂ ਜੀ! ਹਰੇਕ ਜੀਵ ਤੇਰੇ ਵੱਸ ਵਿਚ ਹੈ। ਅਸਾਂ ਜੀਵਾਂ ਵਿਚ ਕੋਈ ਸਮਰਥਾ ਨਹੀਂ ਹੈ ਕਿ (ਤੈਥੋਂ ਬਾਹਰਾ) ਕੁਝ ਕਰ ਸਕੀਏ। ਹੇ ਪ੍ਰਭੂਜਿਵੇਂ ਤੈਨੂੰ ਚੰਗਾ ਲੱਗੇ, ਸਾਡੇ ਉਤੇ ਮੇਹਰ ਕਰ।੧।ਰਹਾਉ।

ਹੇ ਭਾਈ! ਜੋ ਕੁਝ ਜਗਤ ਵਿਚ ਬਣਿਆ ਹੈ ਜੋ ਕੁਝ ਕਰ ਰਿਹਾ ਹੈ, ਇਹ ਸਭ ਰਜ਼ਾ ਦਾ ਮਾਲਕ ਪਰਮਾਤਮਾ ਕਰ ਰਿਹਾ ਹੈ। ਅਸੀ ਜੀਵ (ਤਾਂ ਹੀਕੁਝ ਕਰੀਏ, ਜੇ ਕਰ ਸਕਦੇ ਹੋਵੀਏ। ਅਸਾਂ ਜੀਵਾਂ ਦਾ ਕੀਤਾ ਕੁਝ ਨਹੀਂ ਹੋ ਸਕਦਾ। ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਤਿਵੇਂ ਜੀਵਾਂ ਨੂੰ ਰੱਖਦਾ ਹੈ।੧।

ਹੇ ਪ੍ਰਭੂ! ਇਹ ਜਿੰਦਇਹ ਸਰੀਰ, ਸਭ ਕੁਝ (ਹਰੇਕ ਜੀਵ ਨੂੰ) ਤੂੰ ਆਪ ਹੀ ਦਿੱਤਾ ਹੈ, ਤੂੰ ਆਪ ਹੀ (ਹਰੇਕ ਜੀਵ ਨੂੰ) ਕੰਮ ਵਿਚ ਲਾਇਆ ਹੋਇਆ ਹੈ। ਜਿਹੋ ਜਿਹਾ ਹੁਕਮ ਤੂੰ ਕਰਦਾ ਹੈਂ, ਜੀਵ ਉਹੋ ਜਿਹਾ ਹੀ ਕੰਮ ਕਰਦਾ ਹੈ (ਜੀਵ ਉਹੋ ਜਿਹਾ ਬਣਦਾ ਹੈ) ਜਿਹੋ ਜਿਹਾ ਤੂੰ ਧੁਰ ਦਰਗਾਹ ਤੋਂ (ਉਸ ਦੇ ਮੱਥੇ ਉਤੇ) ਲੇਖ ਲਿਖ ਕੇ ਰੱਖ ਦਿੱਤਾ ਹੈ।੨।

ਹੇ ਪ੍ਰਭੂ! ਤੂੰ ਪੰਜ ਤੱਤ ਬਣਾ ਕੇ ਸਾਰੀ ਦੁਨੀਆ ਪੈਦਾ ਕੀਤੀ ਹੈ। ਜੇ (ਤੈਥੋਂ ਬਾਹਰਾ) ਜੀਵ ਪਾਸੋਂ ਕੁਝ ਹੋ ਸਕਦਾ ਹੋਵੇ, ਤਾਂ ਉਹ ਬੇਸ਼ੱਕ ਛੇਵਾਂ ਤੱਤ ਬਣਾ ਕੇ ਵਿਖਾ ਦੇਵੇ। ਹੇ ਪ੍ਰਭੂ! ਕਈ ਜੀਵਾਂ ਨੂੰ ਤੂੰ ਗੁਰੂ ਮਿਲਾ ਕੇ ਆਤਮਕ ਜੀਵਨ ਦੀ ਸੂਝ ਬਖ਼ਸ਼ਦਾ ਹੈਂ। ਕਈ ਜੀਵਾਂ ਨੂੰ ਤੂੰ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਬਣਾ ਦੇਂਦਾ ਹੈਂ। ਫਿਰ ਉਹ (ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਦੁੱਖੀ ਹੁੰਦਾ ਰਹਿੰਦਾ ਹੈ।੩।

ਹੇ ਭਾਈ! ਮੈਂ (ਤਾਂ) ਮੂਰਖ ਹਾਂ, ਨੀਵੇਂ ਜੀਵਨ ਵਾਲਾ ਹਾਂ, ਮੈਂ ਪਰਮਾਤਮਾ ਦੀ ਬਜ਼ੁਰਗੀ ਬਿਆਨ ਨਹੀਂ ਕਰ ਸਕਦਾ। ਹੇ ਹਰੀ! ਦਾਸ ਨਾਨਕ ਉਤੇ ਮੇਹਰ ਕਰ, (ਇਹ) ਅੰਞਾਣ ਦਾਸ ਤੇਰੀ ਸਰਨ ਆ ਪਿਆ ਹੈ।੪।੪।੧੫।੨੪।

ਨੋਟਸ਼ਬਦ ਮਹਲਾ ੧ —- 
. . . . . . ਮਹਲਾ ੪ — ੧੫
. . . . . . . . . . . . . . —-
. . . . . ਜੋੜ . . . . . . . ੨੪