ਸ਼ੁੱਕਰਵਾਰ 3 ਅਗਸਤ 2018 (19 ਸਾਵਣ ਸੰਮਤ 550 ਨਾਨਕਸ਼ਾਹੀ)
ਧਨਾਸਰੀ ਮਹਲਾ ੧ ॥ ਕਾਇਆ ਕਾਗਦੁ ਮਨੁ ਪਰਵਾਣਾ ॥ ਸਿਰ ਕੇ ਲੇਖ ਨ ਪੜੈ ਇਆਣਾ ॥ ਦਰਗਹ ਘੜੀਅਹਿ ਤੀਨੇ ਲੇਖ ॥ ਖੋਟਾ ਕਾਮਿ ਨ ਆਵੈ ਵੇਖੁ ॥੧॥ ਨਾਨਕ ਜੇ ਵਿਚਿ ਰੁਪਾ ਹੋਇ ॥ ਖਰਾ ਖਰਾ ਆਖੈ ਸਭੁ ਕੋਇ ॥੧॥ ਰਹਾਉ ॥ ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥੨॥ ਸੋ ਜੋਗੀ ਜੋ ਜੁਗਤਿ ਪਛਾਣੈ ॥ ਗੁਰ ਪਰਸਾਦੀ ਏਕੋ ਜਾਣੈ ॥ ਕਾਜੀ ਸੋ ਜੋ ਉਲਟੀ ਕਰੈ ॥ ਗੁਰ ਪਰਸਾਦੀ ਜੀਵਤੁ ਮਰੈ ॥ ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ ਆਪਿ ਤਰੈ ਸਗਲੇ ਕੁਲ ਤਾਰੈ ॥੩॥ ਦਾਨਸਬੰਦੁ ਸੋਈ ਦਿਲਿ ਧੋਵੈ ॥ ਮੁਸਲਮਾਣੁ ਸੋਈ ਮਲੁ ਖੋਵੈ ॥ ਪੜਿਆ ਬੂਝੈ ਸੋ ਪਰਵਾਣੁ ॥ ਜਿਸੁ ਸਿਰਿ ਦਰਗਹ ਕਾ ਨੀਸਾਣੁ ॥੪॥੫॥੭॥ {ਅੰਗ 662}
ਪਦਅਰਥ: ਕਾਇਆ = ਸਰੀਰ। ਕਾਗਦੁ = ਕਾਗ਼ਜ਼। ਪਰਵਾਣਾ = ਪਰਵਾਨਾ, ਲਿਖਿਆ ਹੋਇਆ ਹੁਕਮ। ਇਆਣਾ = ਅੰਞਾਣਾ ਜੀਵ। ਦਰਗਹ = ਦਰਗਾਹੀ ਨਿਯਮ ਅਨੁਸਾਰ। ਘੜੀਅਹਿ = ਘੜੇ ਜਾਂਦੇ ਹਨ, ਉੱਕਰੇ ਜਾਂਦੇ ਹਨ। ਤੀਨੇ ਲੇਖ = (ਰਜੋ ਤਮੋ ਸਤੋ) ਤ੍ਰਿਗੁਣੀ ਕੀਤੇ ਕੰਮਾਂ ਦੇ ਸੰਸਕਾਰ = ਰੂਪ ਲੇਖ। ਕਾਮਿ = ਕੰਮ ਵਿਚ। ਖੋਟਾ = ਖੋਟਾ ਸੰਸਕਾਰ। ਕਾਮਿ ਨ ਆਵੈ = ਲਾਭਦਾਇਕ ਨਹੀਂ ਹੁੰਦਾ।੧।
ਨਾਨਕ = ਹੇ ਨਾਨਕ! ਵਿਚਿ = ਆਤਮਕ ਜੀਵਨ ਵਿਚ। ਰੁਪਾ = ਚਾਂਦੀ, ਸੁੱਧ ਧਾਤ, ਪਵਿਤ੍ਰਤਾ। ਸਭੁ ਕੋਇ = ਹਰੇਕ ਜੀਵ।੧।ਰਹਾਉ।
ਕਾਦੀ = ਕਾਜ਼ੀ {ਨੋਟ: ਅਰਬੀ ਲਫ਼ਜ਼ ‘ਕਾਜ਼ੀ‘ ਦੇ ਦੋ ਉਚਾਰਨ ਹਨ– ਕਾਜ਼ੀ ਅਤੇ ਕਾਦੀ}। ਕੂੜੁ = ਝੂਠ। ਮਲੁ = ਮੈਲ, ਹਰਾਮ ਦਾ ਮਾਲ। ਨਾਵੈ = ਨ੍ਹਾਉਂਦਾ ਹੈ, ਤੀਰਥ = ਇਸ਼ਨਾਨ ਕਰਦਾ ਹੈ। ਜੀਆ ਘਾਇ = ਜੀਵਾਂ ਨੂੰ ਮਾਰ ਕੇ, ਅਨੇਕਾਂ ਬੰਦਿਆਂ ਨੂੰ ਸ਼ੂਦਰ = ਬਹਾਨੇ ਪੈਰਾਂ ਹੇਠ ਲਤਾੜ ਕੇ। ਜੁਗਤਿ = ਜੀਵਨ ਦੀ ਜਾਚ। ਅੰਧੁ = ਅੰਨ੍ਹਾ। ਬੰਧੁ = ਬੰਨਾ। ਓਜਾੜੇ ਕਾ ਬੰਧੁ = ਉਜਾੜੇ ਦਾ ਬੰਨਾ, ਆਤਮਕ ਜੀਵਨ ਵਲੋਂ ਉਜਾੜ ਹੀ ਉਜਾੜ।੨।
ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਉਲਟੀ ਕਰੈ = ਸੁਰਤਿ ਨੂੰ ਹਰਾਮ ਦੇ ਮਾਲ ਰਿਸ਼ਵਤ ਵਲੋਂ ਪਰਤਾਂਦਾ ਹੈ। ਜੀਵਤੁ ਮਰੈ = ਦੁਨੀਆ ਵਿਚ ਰਹਿੰਦਾ ਹੋਇਆ ਦੁਨਿਆਵੀ ਖ਼ਾਹਸ਼ਾਂ ਵਲੋਂ ਹਟਦਾ ਹੈ। ਬ੍ਰਹਮੁ = ਪਰਮਾਤਮਾ।੩।
ਦਾਨਸ = ਅਕਲ, ਦਾਨਸ਼। ਦਾਨਸਬੰਦੁ = ਦਾਨਸ਼ਮੰਦ, ਅਕਲਮੰਦ। ਦਿਲਿ = ਦਿਲ ਵਿਚ (ਟਿਕੀ ਹੋਈ ਬੁਰਾਈ) । ਮਲੁ = ਵਿਕਾਰਾਂ ਦੀ ਮੈਲ। ਖੋਵੈ = ਨਾਸ ਕਰਦਾ ਹੈ। ਪੜਿਆ = ਵਿਦਵਾਨ। ਬੂਝੈ = ਸਮਝਦਾ ਹੈ। ਜਿਸੁ ਸਿਰਿ = ਜਿਸ ਦੇ ਸਿਰ ਉਤੇ, ਜਿਸ ਦੇ ਮੱਥੇ ਉਤੇ। ਨੀਸਾਣੁ = ਨਿਸ਼ਾਨ, ਟਿੱਕਾ।੪।
ਅਰਥ: ਇਹ ਮਨੁੱਖਾ ਸਰੀਰ (ਮਾਨੋ) ਇਕ ਕਾਗ਼ਜ਼ ਹੈ, ਅਤੇ ਮਨੁੱਖ ਦਾ ਮਨ (ਸਰੀਰ-ਕਾਗ਼ਜ਼ ਉਤੇ ਲਿਖਿਆ ਹੋਇਆ) ਦਰਗਾਹੀ ਪਰਵਾਨਾ ਹੈ। ਪਰ ਮੂਰਖ ਮਨੁੱਖ ਆਪਣੇ ਮੱਥੇ ਦੇ ਇਹ ਲੇਖ ਨਹੀਂ ਪੜ੍ਹਦਾ (ਭਾਵ, ਇਹ ਸਮਝਣ ਦਾ ਜਤਨ ਨਹੀਂ ਕਰਦਾ ਕਿ ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ ਕਿਹੋ ਜਿਹੇ ਸੰਸਕਾਰ-ਲੇਖ ਉਸ ਦੇ ਮਨ ਵਿਚ ਮੌਜੂਦ ਹਨ ਜੋ ਉਸ ਨੂੰ ਹੁਣ ਹੋਰ ਪ੍ਰੇਰਨਾ ਕਰ ਰਹੇ ਹਨ) । ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿ ਕੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੱਬੀ ਨਿਯਮ ਅਨੁਸਾਰ ਹਰੇਕ ਮਨੁੱਖ ਦੇ ਮਨ ਵਿਚ ਉੱਕਰੇ ਜਾਂਦੇ ਹਨ। ਪਰ ਹੇ ਭਾਈ! ਵੇਖ (ਜਿਵੇਂ ਕੋਈ ਖੋਟਾ ਸਿੱਕਾ ਕੰਮ ਨਹੀਂ ਆਉਂਦਾ, ਤਿਵੇਂ ਖੋਟੇ ਕੀਤੇ ਕੰਮਾਂ ਦਾ) ਖੋਟਾ ਸੰਸਕਾਰ-ਲੇਖ ਭੀ ਕੰਮ ਨਹੀਂ ਆਉਂਦਾ।੧।
ਹੇ ਨਾਨਕ! ਜੇ ਰੁਪਏ ਆਦਿਕ ਸਿੱਕੇ ਵਿਚ ਚਾਂਦੀ ਹੋਵੇ ਤਾਂ ਹਰ ਕੋਈ ਉਸ ਨੂੰ ਖਰਾ ਸਿੱਕਾ ਆਖਦਾ ਹੈ (ਇਸੇ ਤਰ੍ਹਾਂ ਜਿਸ ਮਨ ਵਿਚ ਪਵਿਤ੍ਰਤਾ ਹੋਵੇ, ਉਸ ਨੂੰ ਖਰਾ ਆਖਿਆ ਜਾਂਦਾ ਹੈ) ।੧।ਰਹਾਉ।
ਕਾਜ਼ੀ (ਜੇ ਇਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣਾਂ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ। ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ।੨।
ਅਸਲ ਜੋਗੀ ਉਹ ਹੈ ਜੋ ਜੀਵਨ ਦੀ ਸਹੀ ਜਾਚ ਸਮਝਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ। ਕਾਜ਼ੀ ਉਹ ਹੈ ਜੋ ਸੁਰਤਿ ਨੂੰ ਹਰਾਮ ਦੇ ਮਾਲ ਵਲੋਂ ਮੋੜਦਾ ਹੈ ਜੋ ਗੁਰੂ ਦੀ ਕਿਰਪਾ ਨਾਲ ਦੁਨੀਆ ਵਿਚ ਰਹਿੰਦਾ ਹੋਇਆ ਦੁਨਿਆਵੀ ਖ਼ਾਹਸ਼ਾਂ ਵਲੋਂ ਪਰਤਦਾ ਹੈ। ਬ੍ਰਾਹਮਣ ਉਹ ਹੈ ਜੋ ਸਰਬ-ਵਿਆਪਕ ਪ੍ਰਭੂ ਵਿਚ ਸੁਰਤਿ ਜੋੜਦਾ ਹੈ, ਇਸ ਤਰ੍ਹਾਂ ਆਪ ਭੀ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਾ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਲੰਘਾ ਲੈਂਦਾ ਹੈ।੩।
ਉਹੀ ਮਨੁੱਖ ਅਕਲਮੰਦ ਹੈ ਜੋ ਆਪਣੇ ਦਿਲ ਵਿਚ ਟਿਕੀ ਹੋਈ ਬੁਰਾਈ ਨੂੰ ਦੂਰ ਕਰਦਾ ਹੈ। ਉਹੀ ਮੁਸਲਮਾਨ ਹੈ ਜੋ ਮਨ ਵਿਚੋਂ ਵਿਕਾਰਾਂ ਦੀ ਮੈਲ ਦੀ ਨਾਸ ਕਰਦਾ ਹੈ। ਉਹੀ ਵਿਦਵਾਨ ਹੈ ਜੋ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਉਸ ਦੇ ਮੱਥੇ ਉਤੇ ਦਰਗਾਹ ਦਾ ਟਿੱਕਾ ਲੱਗਦਾ ਹੈ ਉਹੀ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ।੪।