Today’s Hukamnama from Gurdwara Damdama Sahib Thatta

67

ਐਤਵਾਰ 15 ਜੁਲਾਈ 2018 (31 ਹਾੜ ਸੰਮਤ 550 ਨਾਨਕਸ਼ਾਹੀ)

ਸੋਰਠਿ ਮਹਲਾ ੫ ॥ ਸਾਹਿਬੁ ਗੁਨੀ ਗਹੇਰਾ ॥ ਘਰੁ ਲਸਕਰੁ ਸਭੁ ਤੇਰਾ ॥ ਰਖਵਾਲੇ ਗੁਰ ਗੋਪਾਲਾ ॥ ਸਭਿ ਜੀਅ ਭਏ ਦਇਆਲਾ ॥੧॥ ਜਪਿ ਅਨਦਿ ਰਹਉ ਗੁਰ ਚਰਣਾ ॥ ਭਉ ਕਤਹਿ ਨਹੀ ਪ੍ਰਭ ਸਰਣਾ ॥ ਰਹਾਉ ॥ ਤੇਰਿਆ ਦਾਸਾ ਰਿਦੈ ਮੁਰਾਰੀ ॥ ਪ੍ਰਭਿ ਅਬਿਚਲ ਨੀਵ ਉਸਾਰੀ ॥ ਬਲੁ ਧਨੁ ਤਕੀਆ ਤੇਰਾ ॥ ਤੂ ਭਾਰੋ ਠਾਕੁਰੁ ਮੇਰਾ ॥੨॥ ਜਿਨਿ ਜਿਨਿ ਸਾਧਸੰਗੁ ਪਾਇਆ ॥ ਸੋ ਪ੍ਰਭਿ ਆਪਿ ਤਰਾਇਆ ॥ ਕਰਿ ਕਿਰਪਾ ਨਾਮ ਰਸੁ ਦੀਆ ॥ ਕੁਸਲ ਖੇਮ ਸਭ ਥੀਆ ॥੩॥ ਹੋਏ ਪ੍ਰਭੂ ਸਹਾਈ ॥ ਸਭ ਉਠਿ ਲਾਗੀ ਪਾਈ ॥ ਸਾਸਿ ਸਾਸਿ ਪ੍ਰਭੁ ਧਿਆਈਐ ॥ ਹਰਿ ਮੰਗਲੁ ਨਾਨਕ ਗਾਈਐ ॥੪॥੪॥੫੪॥ {ਅੰਗ 622}

ਪਦਅਰਥ: ਗੁਨੀ = ਗੁਣਾਂ ਦਾ ਮਾਲਕ। ਗਹੇਰਾ = ਗਹਿਰਾ, ਡੂੰਘਾ। ਘਰੁ ਲਸਕਰੁ = ਘਰ ਅਤੇ ਪਰਵਾਰ ਆਦਿਕ। ਗੁਰ = ਹੇ ਗੁਰੂ! ਗੋਪਾਲਾ = ਹੇ ਗੋਪਾਲਾ! ਰਖਵਾਲਾ = ਹੇ ਰਾਖੇ! ਸਭਿ ਜੀਅ = ਸਾਰੇ ਜੀਵਾਂ ਉੱਤੇ।੧।

ਅਨਦਿ = ਆਤਮਕ ਆਨੰਦ ਵਿਚ। ਰਹਉ = ਰਹਉਂ, ਮੈਂ ਰਹਿੰਦਾ ਹਾਂ। ਕਤਹਿ = ਕਿਤੇ ਭੀ।ਰਹਾਉ।

ਮੁਰਾਰੀ = {ਮੁਰ = ਅਰਿਪਰਮਾਤਮਾ। ਰਿਦੈ = ਹਿਰਦੇ ਵਿਚ। ਪ੍ਰਭਿ = ਪ੍ਰਭੂ ਨੇ। ਅਬਿਚਲ ਨੀਵ = (ਭਗਤੀ ਦੀ) ਕਦੇ ਨਾਹ ਹਿੱਲਣ ਵਾਲੀ ਨੀਂਹ। ਤਕੀਆ = ਆਸਰਾ। ਭਾਰੋ = ਵੱਡਾ। ਠਾਕੁਰੁ = ਮਾਲਕ।੨।

ਜਿਨਿ = ਜਿਸ (ਮਨੁੱਖ) ਨੇ। ਪ੍ਰਭਿ = ਪ੍ਰਭੂ ਨੇ। ਤਰਾਇਆ = ਪਾਰ ਲੰਘਾ ਲਿਆ। ਰਸੁ = ਸੁਆਦ। ਕੁਸਲ ਖੇਮ = ਸੁਖ ਆਨੰਦ।੩।

ਸਹਾਈ = ਮਦਦਗਾਰ। ਪਾਈ = ਪੈਰੀਂ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ।੪।

ਅਰਥ: ਹੇ ਭਾਈ! ਗੁਰੂ ਦੇ ਚਰਨਾਂ ਨੂੰ ਹਿਰਦੇ ਵਿਚ ਵਸਾ ਕੇ ਮੈਂ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹਾਂ। ਹੇ ਭਾਈ! ਪ੍ਰਭੂ ਦੀ ਸ਼ਰਨ ਪਿਆਂ ਕਿਤੇ ਭੀ ਕੋਈ ਡਰ ਪੋਹ ਨਹੀਂ ਸਕਦਾ।ਰਹਾਉ।

ਹੇ ਸਭ ਤੋਂ ਵੱਡੇ! ਹੇ ਸ੍ਰਿਸ਼ਟੀ ਦੇ ਪਾਲਣਹਾਰ! ਹੇ ਸਭ ਜੀਵਾਂ ਦੇ ਰਾਖੇ! ਤੂੰ ਸਾਰੇ ਜੀਵਾਂ ਉੱਤੇ ਦਇਆਵਾਨ ਰਹਿੰਦਾ ਹੈਂ। ਤੂੰ ਸਭ ਦਾ ਮਾਲਕ ਹੈਂ, ਤੂੰ ਗੁਣਾਂ ਦਾ ਮਾਲਕ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ। (ਜੀਵਾਂ ਨੂੰ) ਸਾਰਾ ਘਰ-ਘਾਟ ਤੇਰਾ ਹੀ ਦਿੱਤਾ ਹੋਇਆ ਹੈ।੧।

ਹੇ ਪ੍ਰਭੂ! ਤੇਰੇ ਸੇਵਕਾਂ ਦੇ ਹਿਰਦੇ ਵਿਚ ਹੀ ਨਾਮ ਵੱਸਦਾ ਹੈ। ਹੇ ਪ੍ਰਭੂ! ਤੂੰ (ਆਪਣੇ ਦਾਸਾਂ ਦੇ ਹਿਰਦੇ ਵਿਚ ਭਗਤੀ ਦੀ) ਕਦੇ ਨਾਹ ਹਿੱਲਣ ਵਾਲੀ ਨੀਂਹ ਰੱਖ ਦਿੱਤੀ ਹੋਈ ਹੈ। ਹੇ ਪ੍ਰਭੂ! ਤੂੰ ਹੀ ਮੇਰਾ ਬਲ ਹੈਂ, ਤੂੰ ਹੀ ਮੇਰਾ ਧਨ ਹੈ, ਤੇਰਾ ਹੀ ਮੈਨੂੰ ਆਸਰਾ ਹੈ। ਤੂੰ ਮੇਰਾ ਸਭ ਤੋਂ ਵੱਡਾ ਮਾਲਕ ਹੈਂ।੨।

ਹੇ ਭਾਈ! ਜਿਸ ਜਿਸ ਮਨੁੱਖ ਨੇ ਗੁਰੂ ਦੀ ਸੰਗਤਿ ਪ੍ਰਾਪਤ ਕੀਤੀ ਹੈ, ਉਸ ਉਸ ਨੂੰ ਪ੍ਰਭੂ ਨੇ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ਹੈ। ਜਿਸ ਮਨੁੱਖ ਨੂੰ ਪ੍ਰਭੂ ਨੇ ਮੇਹਰ ਕਰ ਕੇ ਆਪਣੇ ਨਾਮ ਦਾ ਸੁਆਦ ਬਖ਼ਸ਼ਿਆ ਹੈ, ਉਸ ਦੇ ਅੰਦਰ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।੩।

ਹੇ ਭਾਈ! ਪਰਮਾਤਮਾ ਜਿਸ ਮਨੁੱਖ ਦਾ ਮਦਦਗਾਰ ਬਣਦਾ ਹੈ, ਸਾਰੀ ਲੁਕਾਈ ਉਸ ਦੇ ਪੈਰੀਂ ਉੱਠ ਕੇ ਆ ਲੱਗਦੀ ਹੈ। ਹੇ ਨਾਨਕ! ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ। ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ।੪।੪।੫੪।