ਐਤਵਾਰ 8 ਜੁਲਾਈ 2018 (24 ਹਾੜ ਸੰਮਤ 550 ਨਾਨਕਸ਼ਾਹੀ)
ਸੂਹੀ ਮਹਲਾ ੫ ॥ ਤੂੰ ਜੀਵਨੁ ਤੂੰ ਪ੍ਰਾਨ ਅਧਾਰਾ ॥ ਤੁਝ ਹੀ ਪੇਖਿ ਪੇਖਿ ਮਨੁ ਸਾਧਾਰਾ ॥੧॥ ਤੂੰ ਸਾਜਨੁ ਤੂੰ ਪ੍ਰੀਤਮੁ ਮੇਰਾ ॥ ਚਿਤਹਿ ਨ ਬਿਸਰਹਿ ਕਾਹੂ ਬੇਰਾ ॥੧॥ ਰਹਾਉ ॥ ਬੈ ਖਰੀਦੁ ਹਉ ਦਾਸਰੋ ਤੇਰਾ ॥ ਤੂੰ ਭਾਰੋ ਠਾਕੁਰੁ ਗੁਣੀ ਗਹੇਰਾ ॥੨॥ ਕੋਟਿ ਦਾਸ ਜਾ ਕੈ ਦਰਬਾਰੇ ॥ ਨਿਮਖ ਨਿਮਖ ਵਸੈ ਤਿਨ੍ਹ੍ਹ ਨਾਲੇ ॥੩॥ ਹਉ ਕਿਛੁ ਨਾਹੀ ਸਭੁ ਕਿਛੁ ਤੇਰਾ ॥ ਓਤਿ ਪੋਤਿ ਨਾਨਕ ਸੰਗਿ ਬਸੇਰਾ ॥੪॥੫॥੧੧॥ {ਅੰਗ 739}
ਪਦਅਰਥ: ਜੀਵਨੁ = ਜ਼ਿੰਦਗੀ, ਜਿੰਦ। ਅਧਾਰਾ = ਆਸਰਾ। ਪੇਖਿ = ਵੇਖ ਕੇ। ਸਾਧਾਰਾ = ਆਸਰਾ ਫੜਦਾ ਹੈ।੧।
ਚਿਤਹਿ = ਚਿੱਤ ਵਿਚੋਂ। ਕਾਹੂ ਬੇਰਾ = ਕਿਸੇ ਭੀ ਵੇਲੇ।੧।ਰਹਾਉ।
ਬੈ ਖਰੀਦੁ = ਮੁੱਲ ਲਿਆ ਹੋਇਆ। ਹਉ = ਮੈਂ। ਦਾਸਰੋ = ਨਿਮਾਣਾ ਦਾਸ। ਭਾਰੋ = ਵੱਡਾ। ਗੁਣੀ = ਗੁਣਾਂ ਦਾ ਮਾਲਕ। ਗਹੇਰਾ = ਡੂੰਘਾ, ਡੂੰਘੇ ਜਿਗਰੇ ਵਾਲਾ।੨।
ਕੋਟਿ = ਕ੍ਰੋੜਾਂ। ਕੈ ਦਰਬਾਰੇ = ਦੇ ਦਰਬਾਰ ਵਿਚ। ਨਿਮਖ ਨਿਮਖ = ਹਰ ਵੇਲੇ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ।੩।
ਓਤਿ ਪੋਤਿ = ਤਾਣੇ ਪੇਟੇ ਵਾਂਗ। ਓਤ = ਉਣਿਆ ਹੋਇਆ। ਪੋਤ = ਪ੍ਰੋਤਾ ਹੋਇਆ। ਸੰਗਿ = ਨਾਲ।੪।
ਅਰਥ: ਹੇ ਪ੍ਰਭੂ! ਤੂੰ ਹੀ ਮੇਰਾ ਸੱਜਣ ਹੈਂ ਤੂੰ ਹੀ ਮੇਰਾ ਪਿਆਰਾ ਹੈਂ (ਮੇਹਰ ਕਰ) ਕਿਸੇ ਭੀ ਵੇਲੇ ਮਨ ਤੋਂ ਨਾਹ ਵਿੱਸਰ।੧।ਰਹਾਉ।
ਹੇ ਪ੍ਰਭੂ! ਤੂੰ ਹੀ ਮੇਰੀ ਜਿੰਦ ਹੈਂ, ਤੂੰ ਹੀ ਮੇਰੀ ਜਿੰਦ ਦਾ ਸਹਾਰਾ ਹੈਂ। ਤੈਨੂੰ ਹੀ ਵੇਖ ਕੇ ਮੇਰਾ ਮਨ ਧੀਰਜ ਫੜਦਾ ਹੈ।੧।
ਹੇ ਪ੍ਰਭੂ! ਮੈਂ ਮੁੱਲ ਖ਼ਰੀਦਿਆ ਹੋਇਆ ਤੇਰਾ ਨਿਮਾਣਾ ਜਿਹਾ ਸੇਵਕ ਹਾਂ, ਤੂੰ ਮੇਰਾ ਵੱਡਾ ਮਾਲਕ ਹੈਂ, ਤੂੰ ਸਾਰੇ ਗੁਣਾਂ ਨਾਲ ਭਰਪੂਰ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ।੨।
ਹੇ ਭਾਈ! ਉਹ ਪ੍ਰਭੂ ਐਸਾ ਹੈ ਕਿ ਕ੍ਰੋੜਾਂ ਸੇਵਕ ਉਸ ਦੇ ਦਰ ਤੇ (ਡਿੱਗੇ ਰਹਿੰਦੇ ਹਨ) ਉਹ ਹਰ ਵੇਲੇ ਉਹਨਾਂ ਦੇ ਨਾਲ ਵੱਸਦਾ ਹੈ।੩।
ਹੇ ਨਾਨਕ! ਆਖ-ਹੇ ਪ੍ਰਭੂ!) ਮੇਰੀ ਆਪਣੀ ਪਾਂਇਆਂ ਕੁਝ ਭੀ ਨਹੀਂ, (ਮੇਰੇ ਪਾਸ ਜੋ ਕੁਝ ਭੀ ਹੈ) ਸਭ ਕੁਝ ਤੇਰਾ ਬਖ਼ਸ਼ਿਆ ਹੋਇਆ ਹੈ। ਤਾਣੇ ਪੇਟੇ ਵਾਂਗ ਤੂੰ ਹੀ ਮੇਰੇ ਨਾਲ ਵੱਸਦਾ ਹੈਂ।੪।੫।੧੧।