Today’s Hukamnama from Gurdwara Damdama Sahib Thatta

66

ਸ਼ੁੱਕਰਵਾਰ 15 ਜੂਨ 2018 (1 ਹਾੜ ਸੰਮਤ 550 ਨਾਨਕਸ਼ਾਹੀ)

ਸੋਰਠਿ ਮਹਲਾ ੫ ॥ ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥ ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥ ਅਪੁਨੇ ਸਤਿਗੁਰ ਕੈ ਬਲਿਹਾਰੈ ॥ ਆਗੈ ਸੁਖੁ ਪਾਛੈ ਸੁਖ ਸਹਜਾ ਘਰਿ ਆਨੰਦੁ ਹਮਾਰੈ ॥ ਰਹਾਉ ॥ ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥ ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥੨॥ ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ ॥ ਕੰਠਿ ਲਗਾਇ ਅਪੁਨੇ ਜਨ ਰਾਖੇ ਅਪੁਨੀ ਪ੍ਰੀਤਿ ਪਿਆਰਾ ॥੩॥ ਵਡੀ ਵਡਿਆਈ ਅਚਰਜ ਸੋਭਾ ਕਾਰਜੁ ਆਇਆ ਰਾਸੇ ॥ ਨਾਨਕ ਕਉ ਗੁਰੁ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ ॥੪॥੫॥ {609}

ਪਦਅਰਥ: ਭੇਟਿਓ = ਮਿਲਿਆ ਹੈ। ਵਡ ਭਾਗੀ = ਵੱਡੇ ਭਾਗਾਂ ਨਾਲ। ਮਨਹਿ = ਮਨ ਵਿਚ। ਪਰਗਾਸਾ = (ਆਤਮਕ ਜੀਵਨ ਦਾ) ਚਾਨਣ। ਸਾਹਿਬ = ਮਾਲਕ। ਭਰਵਾਸਾ = ਭਰੋਸਾ, ਸਹਾਰਾ।੧।

ਕੈ = ਤੋਂ। ਬਲਿਹਾਰੈ = ਸਦਕੇ। ਆਗੈ ਪਾਛੈ = ਲੋਕ ਪਰਲੋਕ ਵਿਚ, ਹਰ ਥਾਂ। ਸਹਜਾ = ਆਤਮਕ ਅਡੋਲਤਾ। ਘਰਿ = ਹਿਰਦੇ = ਘਰ ਵਿਚ।ਰਹਾਉ।

ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਕਰਣੈਹਾਰਾ = ਪੈਦਾ ਕਰਨ ਵਾਲਾ। ਸੋਈ = ਉਹ ਹੀ। ਆਧਾਰਾ = ਆਸਰਾ।੨।

ਸਫਲ ਦਰਸਨੁ = ਜਿਸ (ਪ੍ਰਭੂ) ਦਾ ਦਰਸਨ ਜੀਵਨ = ਮਨੋਰਥ ਪੂਰਾ ਕਰਦਾ ਹੈ। ਅਕਾਲ ਮੂਰਤਿ = ਜਿਸ ਦੀ ਹਸਤੀ ਮੌਤ ਤੋਂ ਰਹਿਤ ਹੈ। ਹੋਵਨਹਾਰਾ = ਸਦਾ ਹੀ ਜੀਊਂਦਾ ਰਹਿਣ ਵਾਲਾ। ਕੰਠਿ = ਗਲ ਨਾਲ। ਲਗਾਇ = ਲਾ ਕੇ।੩।

ਕਾਰਜੁ = ਜ਼ਿੰਦਗੀ ਦਾ ਮਨੋਰਥ। ਆਇਆ ਰਾਸੇ = ਰਾਸਿ ਆਇਆ, ਸਿਰੇ ਚੜ੍ਹ ਗਿਆ ਹੈ। ਸਗਲੇ = ਸਾਰੇ।੪।

ਅਰਥ: ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, (ਗੁਰੂ ਦੀ ਕਿਰਪਾ ਨਾਲ) ਮੇਰੇ ਹਿਰਦੇ-ਘਰ ਵਿਚ ਆਨੰਦ ਬਣਿਆ ਰਹਿੰਦਾ ਹੈ, ਇਸ ਲੋਕ ਵਿਚ ਭੀ ਆਤਮਕ ਅਡੋਲਤਾ ਦਾ ਸੁਖ ਮੈਨੂੰ ਪ੍ਰਾਪਤ ਹੋ ਗਿਆ ਹੈ, ਤੇ, ਪਰਲੋਕ ਵਿਚ ਭੀ ਇਹ ਸੁਖ ਟਿਕਿਆ ਰਹਿਣ ਵਾਲਾ ਹੈ।ਰਹਾਉ।

ਹੇ ਭਾਈ! ਵੱਡੀ ਕਿਸਮਤਿ ਨਾਲ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ। ਹੁਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਹੈ, ਕੋਈ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ।੧।

ਹੇ ਭਾਈ! ਜਦੋਂ ਦਾ ਮੈਂ ਗੁਰੂ ਦੀ ਚਰਨੀਂ ਲੱਗਾ ਹਾਂ, ਮੈਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਹੈ, ਕੋਈ ਡਰ ਮੈਨੂੰ ਹੁਣ ਪੋਹ ਨਹੀਂ ਸਕਦਾ (ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਜੇਹੜਾ) ਸਿਰਜਣਹਾਰ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹੀ ਮੇਰੇ ਸਿਰ ਉਤੇ ਰਾਖਾ ਹੈ।੨।

(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਹੈ ਕਿ) ਜਿਸ ਪਰਮਾਤਮਾ ਦਾ ਦਰਸ਼ਨ ਮਨੁੱਖਾ ਜਨਮ ਦਾ ਫਲ ਦੇਣ ਵਾਲਾ ਹੈ, ਜਿਸ ਪਰਮਾਤਮਾ ਦੀ ਹਸਤੀ ਮੌਤ ਤੋਂ ਰਹਿਤ ਹੈ, ਉਹ ਇਸ ਵੇਲੇ ਭੀ (ਮੇਰੇ ਸਿਰ ਉਤੇ) ਮੌਜੂਦ ਹੈ, ਤੇ, ਸਦਾ ਕਾਇਮ ਰਹਿਣ ਵਾਲਾ ਹੈ। ਉਹ ਪ੍ਰਭੂ ਆਪਣੀ ਪ੍ਰੀਤਿ ਦੀ ਆਪਣੇ ਪਿਆਰ ਦੀ ਦਾਤਿ ਦੇ ਕੇ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ।੩।

ਹੇ ਭਾਈ! ਮੈਨੂੰ ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ। ਉਹ ਗੁਰੂ ਬੜੀ ਵਡਿਆਈ ਵਾਲਾ ਹੈ, ਅਚਰਜ ਸੋਭਾ ਵਾਲਾ ਹੈ, ਉਸ ਦੀ ਸਰਨ ਪਿਆਂ ਜ਼ਿੰਦਗੀ ਦਾ ਮਨੋਰਥ ਪ੍ਰਾਪਤ ਹੋ ਜਾਂਦਾ ਹੈ।੪।੫।