ਬੁੱਧਵਾਰ 13 ਜੂਨ 2018 (31 ਜੇਠ ਸੰਮਤ 550 ਨਾਨਕਸ਼ਾਹੀ)
ਸੋਰਠਿ ਮਹਲਾ ੫ ॥ ਹਰਿ ਮਨਿ ਤਨਿ ਵਸਿਆ ਸੋਈ ॥ ਜੈ ਜੈ ਕਾਰੁ ਕਰੇ ਸਭੁ ਕੋਈ ॥ ਗੁਰ ਪੂਰੇ ਕੀ ਵਡਿਆਈ ॥ ਤਾ ਕੀ ਕੀਮਤਿ ਕਹੀ ਨ ਜਾਈ ॥੧॥ ਹਉ ਕੁਰਬਾਨੁ ਜਾਈ ਤੇਰੇ ਨਾਵੈ ॥ ਜਿਸ ਨੋ ਬਖਸਿ ਲੈਹਿ ਮੇਰੇ ਪਿਆਰੇ ਸੋ ਜਸੁ ਤੇਰਾ ਗਾਵੈ ॥੧॥ ਰਹਾਉ ॥ ਤੂੰ ਭਾਰੋ ਸੁਆਮੀ ਮੇਰਾ ॥ ਸੰਤਾਂ ਭਰਵਾਸਾ ਤੇਰਾ ॥ ਨਾਨਕ ਪ੍ਰਭ ਸਰਣਾਈ ॥ ਮੁਖਿ ਨਿੰਦਕ ਕੈ ਛਾਈ ॥੨॥੨੨॥੮੬॥ {ਅੰਗ 629}
ਪਦਅਰਥ: ਮਨਿ = ਮਨ ਵਿਚ। ਤਨਿ = ਤਨ ਵਿਚ। ਸੋਈ = ਉਹ (ਪਰਮਾਤਮਾ) ਹੀ। ਜੈ ਜੈ ਕਾਰੁ = ਸੋਭਾ। ਸਭੁ ਕੋਈ = ਹਰੇਕ ਜੀਵ। ਵਡਿਆਈ = ਬਰਕਤਿ, ਬਖ਼ਸ਼ਸ਼। ਤਾ ਕੀ = ਉਸ (ਪੂਰੇ ਗੁਰੂ ਦੀ ਬਖ਼ਸ਼ਸ਼) ਦੀ।੧।
ਹਉ ਜਾਈ = ਹਉਂ ਜਾਈਂ; ਮੈਂ ਜਾਂਦਾ ਹਾਂ। ਨਾਵੈ = ਨਾਮ ਤੋਂ। ਜਿਸ ਨੋ = {ਲਫ਼ਜ਼ ‘ਜਿਸ‘ ਦਾ ੁ ਸੰਬੰਧਕ ‘ਨੋ‘ ਦੇ ਕਾਰਨ ਉੱਡ ਗਿਆ ਹੈ}। ਪਿਆਰੇ = ਹੇ ਪਿਆਰੇ! ਜਸੁ = ਸਿਫ਼ਤਿ-ਸਾਲਾਹ ਦਾ ਗੀਤ।੧।ਰਹਾਉ।
ਭਾਰੋ = ਵੱਡਾ। ਸੁਆਮੀ = ਮਾਲਕ। ਭਰਵਾਸਾ = ਭਰੋਸਾ, ਸਹਾਰਾ। ਕੈ ਮੁਖਿ = ਦੇ ਮੂੰਹ ਉਤੇ। ਛਾਈ = ਸੁਆਹ। ਨਿੰਦਕ = ਨਿੰਦਾ ਕਰਨ ਵਾਲਾ, ਦੋਖੀ।੨।
ਅਰਥ: ਹੇ ਮੇਰੇ ਪਿਆਰੇ ਪ੍ਰਭੂ! ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ। ਤੂੰ ਜਿਸ ਮਨੁੱਖ ਉੱਤੇ ਬਖ਼ਸ਼ਸ਼ ਕਰਦਾ ਹੈਂ, ਉਹ ਸਦਾ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹੈ।੧।ਰਹਾਉ।
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਤਨ ਵਿਚ ਉਹ ਪਰਮਾਤਮਾ ਹੀ ਵੱਸਿਆ ਰਹਿੰਦਾ ਹੈ, ਹਰੇਕ ਜੀਵ ਉਸ ਦੀ ਸੋਭਾ ਕਰਦਾ ਹੈ। (ਪਰ ਇਹ) ਪੂਰੇ ਗੁਰੂ ਦੀ ਹੀ ਬਖ਼ਸ਼ਸ਼ ਹੈ (ਜਿਸ ਦੀ ਮੇਹਰ ਨਾਲ ਪਰਮਾਤਮਾ ਦੀ ਯਾਦ ਕਿਸੇ ਵਡਭਾਗੀ ਦੇ ਮਨ ਤਨ ਵਿਚ ਵੱਸਦੀ ਹੈ) ਗੁਰੂ ਦੀ ਬਖ਼ਸ਼ਸ਼ ਦਾ ਮੁੱਲ ਨਹੀਂ ਪੈ ਸਕਦਾ।੧।
ਹੇ ਪ੍ਰਭੂ! ਤੂੰ ਮੇਰਾ ਵੱਡਾ ਮਾਲਕ ਹੈਂ। ਤੇਰੇ ਸੰਤਾਂ ਨੂੰ (ਭੀ) ਤੇਰਾ ਹੀ ਸਹਾਰਾ ਰਹਿੰਦਾ ਹੈ। ਹੇ ਨਾਨਕ! ਜੇਹੜਾ ਮਨੁੱਖ ਪ੍ਰਭੂ ਦੀ ਸ਼ਰਨ ਪਿਆ ਰਹਿੰਦਾ ਹੈ (ਉਸ ਦਾ ਦੁੱਖ ਕਰਨ ਵਾਲੇ) ਦੋਖੀ ਦੇ ਮੂੰਹ ਉਤੇ ਸੁਆਹ ਹੀ ਪੈਂਦੀ ਹੈ (ਪ੍ਰਭੂ ਦੀ ਸ਼ਰਨ ਪਏ ਮਨੁੱਖ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ) ।੨।੨੨।੮੬।